ਅਨਏਡਿਡ ਕਾਲਜ ਐਨਪੀਏ ਖ਼ਾਤਿਆਂ ਨੂੰ ਬਚਾਉਣ ਲਈ ਦਲਿਤ ਵਿਦਿਆਰਥੀਆਂ ਤੋਂ ਫੀਸ ਲੈਣ ਲਈ ਮਜ਼ਬੂਰ

ਪੰਜਾਬ ਦੇ 9 ਲੱਖ ਵਿਦਿਆਰਥੀਆਂ ਅਤੇ 1600 ਕਾਲਜਾਂ ਦਾ ਭਵਿੱਖ ਦਾਅ ’ਤੇ ਲੱਗਿਆ, ਗ਼ਰੀਬ ਮਾਪੇ ਵੀ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਦੇ 1600 ਅਨਏਡਿਡ ਕਾਲਜਾਂ ਦੀ ਪ੍ਰਤੀਨਿਧਤਾ ਕਰ ਰਹੀਆਂ 14 ਵੱਖ-ਵੱਖ ਪ੍ਰਾਈਵੇਟ ਕਾਲਜਾਂ ਦੀਆਂ ਐਸੋਸੀਏਸ਼ਨਾਂ ਦੀ ਇੱਕ ਸਾਂਝੀ ਮੀਟਿੰਗ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਬੈਨਰ ਹੇਠ ਹੋਈ। ਜਿਸ ਵਿੱਚ ਕਮੇਟੀ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਜਦ ਤੱਕ ਸਰਕਾਰ ਪੰਜਾਬ ਦੇ ਅਨਏਡਿਡ ਕਾਲਜਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 1600 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕਰਦੀ ਉਦੋਂ ਤੱਕ ਕਾਲਜ ਵੀ ਬੈਂਕਾਂ ਨੂੰ ਕਰਜ਼ੇ ਦੀ ਅਦਾਇਗੀ ਨਹੀਂ ਕਰਨਗੇ। ਉਧਰ, ਪਹਿਲਾਂ ਹੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਤੋਂ ਫੀਸ ਵਸੂਲ ਕਰਨ ਦਾ ਫੈਸਲਾ ਕਰ ਲਿਆ ਹੈ। ਹਾਲ ਹੀ ਦੀ ਨੋਟੀਫਿਕੇਸ਼ਨ ਨਾਲ ਪੰਜਾਬ ਦੇ 9 ਲੱਖ ਵਿਦਿਆਰਥੀ ਅਤੇ ਤਕਰੀਬਨ 1600 ਕਾਲਜ ਪ੍ਰਭਾਵਿਤ ਹੋਣਗੇ ਅਤੇ ਜੈਕ ਦੇ ਮੈਂਬਰ ਇਸ ਮੁੱਦੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 21 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਵੀ ਉਠਾਉਣਗੇ।
ਅਕਾਦਮਿਕ ਸਲਾਹਕਾਰ ਫੋਰਮ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਪੀਐਮਐਸ ਫੰਡਾਂ ਨੂੰ ਛੇਤੀ ਤੋਂ ਛੇਤੀ ਜਾਰੀ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਪੰਜਾਬ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਕਾਲਜਾਂ ਦੇ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਉਂਜ ਜੈਕ ਨੇ ਕੇਂਦਰ ਸਰਕਾਰ ਦੇ ਨਾਲ ਇਸ ਮੁੱਦੇ ਨੂੰ ਉਭਾਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਜੈਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਅਨਏਡਿਡ ਕਾਲਜਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ 21 ਜੂਨ ਦੀ ਮੀਟਿੰਗ ਵਿੱਚ ਇਸ ਮਾਮਲੇ ਦਾ ਸਥਾਈ ਹੱਲ ਕਰਨ ਲਈ ਪਹਿਲਕਦਮੀ ਕਰਨ। ਮੀਟਿੰਗ ਵਿੱਚ ਅਕਾਦਮਿਕ ਸਲਾਹਕਾਰ ਫੋਰਮ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ, ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਮੁੱਖ ਬੁਲਾਰੇ ਨਿਰਮਲ ਸਿੰਘ, ਜਸਨੀਕ ਸਿੰਘ, ਪੀਯੂ ਬੀਐਡ ਕਾਲਜਿਜ਼ ਐਸੋਸੀਏਸ਼ਨ, ਮਨਦੀਪ ਸਿੰਘ, ਪੌਲੀਟੈਕਨਿਕ ਐਸੋਸੀਏਸ਼ਨ, ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ, ਹਰਿੰਦਰ ਕਾਂਡਾ ਪੁਟੀਆ, ਵਿਪਿਨ ਸ਼ਰਮਾ ਕੰਨਫੈਡਰੇਸ਼ਨ ਆਫ਼ ਸੈਲਫ਼ ਫਾਈਨੈਂਸਡ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…