ਜੰਗਲਾਤ ਵਿਭਾਗ ਦੇ ਅਫ਼ਸਰਾਂ ਤੇ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ: ਧਰਮਸੋਤ

ਪੀਜੀਆਈ ਵਿੱਚ ਜ਼ੇਰੇ ਇਲਾਜ ਹਨ ਸਾਰੇ ਜ਼ਖ਼ਮੀ, ਧਰਮਸੋਤ ਨੇ ਪੀਜੀਆਈ ਪਹੁੰਚ ਕੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ

ਹਮਲੇ ਵਿੱਚ ਜ਼ਖ਼ਮੀ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ

ਪਿੰਡ ਸਿਊਂਕ ਵਿੱਚ ਨਾਕੇ ’ਤੇ ਰੇਤ ਮਾਫੀਆ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਕੀਤਾ ਜਾਨਲੇਵਾ ਹਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਜੰਗਲਾਤ ਵਿਭਾਗ ਦੇ ਅਧਿਕਾਰੀਆਂ ’ਤੇ ਪਿੰਡ ਸਿਊਂਕ ਵਿੱਚ ਜਾਨਲੇਵਾ ਹਮਲਾ ਕਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਹਮਲਾਵਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ। ਇਹ ਗੱਲ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖੀ। ਇਸ ਤੋਂ ਪਹਿਲਾਂ ਮੰਤਰੀ ਨੇ ਪੀ.ਜੀ.ਆਈ. ਵਿੱਚ ਜ਼ੇਰੇ ਇਲਾਜ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਹਮਲੇ ਵਿੱਚ ਜ਼ਖ਼ਮੀ ਹੋਏ ਅਫ਼ਸਰਾਂ ਅਤੇ ਕਰਮਚਾਰੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਵਣ) ਐਮ. ਸਿੰਘ ਵੱਲੋਂ ਇਸ ਕੇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਉਹ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ (ਐਸ.ਏ.ਐਸ. ਨਗਰ) ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮਾਫੀਆ ਸਬੰਧੀ ਗੁਪਤ ਸੂਚਨਾ ਦੇ ਆਧਾਰ ’ਤੇ ਦਵਿੰਦਰ ਸਿੰਘ ਬਲਾਕ ਅਫਸਰ ਵੱਲੋਂ ਰਵਿੰਦਰ ਸਿੰਘ ਵਣ ਗਾਰਡ, ਕਰਨੈਲ ਸਿੰਘ ਬੇਲਦਾਰ, ਰਾਜਿੰਦਰ ਸਿੰਘ ਬੇਲਦਾਰ, ਭਾਗ ਚੰਦ ਅਤੇ ਮਹਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਸੂੰਕ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਨਾਕੇ ਲਗਾਏ ਗਏ ਸਨ। ਬਲਾਕ ਅਫਸਰ ਦਵਿੰਦਰ ਸਿੰਘ ਤੇ ਬੇਲਦਾਰ ਕਰਨੈਲ ਸਿੰਘ ਸਿਊਂਕ-ਸ਼ਿਗਾਰੀਵਾਲਾ ਸੜਕ ਉੱਤੇ ਅਤੇ ਰਵਿੰਦਰ ਸਿੰਘ ਵਣ ਗਾਰਡ, ਰਾਜਿੰਦਰ ਸਿੰਘ ਬੇਲਦਾਰ, ਮਹਿੰਦਰ ਸਿੰਘ ਅਤੇ ਭਾਗ ਚੰਦ ਸਿਊਂਕ-ਨਾਡਾ ਰੋਡ ’ਤੇ ਲਾਏ ਨਾਕੇ ’ਤੇ ਤਾਇਨਾਤ ਸਨ।
ਰਾਤ ਤਕਰੀਬਨ 10:30 ਵਜੇ ਪਿੰਡ ਸਿਊਂਕ ਵੱਲੋਂ ਇੱਕ ਟਰੈਕਟਰ-ਟਰਾਲੀ ਆਉਂਦੀ ਵੇਖ ਕੇ ਬਲਾਕ ਅਫਸਰ ਦਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਪਰ ਟਰੈਕਟਰ-ਟਰਾਲੀ ਦੇ ਪਿੱਛੇ ਆ ਰਹੀ ਇੱਕ ਕਾਰ ਵਿੱਚੋਂ ਕੁਝ ਹਥਿਆਰਬੰਦ ਵਿਅਕਤੀਆਂ ਅਤੇ ਟਰੈਕਟਰ ਡਰਾਈਵਰ ਨੇ ਮੁਲਾਜ਼ਮਾਂ ’ਤੇ ਰਾਡਾਂ, ਡੰਡਿਆਂ ਤੇ ਕੁਹਾੜੀਆਂ ਆਦਿ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਵਣ ਗਾਰਡ ਰਵਿੰਦਰ ਸਿੰਘ ਅਤੇ ਬੇਲਦਾਰ ਮੌਕੇ ’ਤੇ ਪੁੱਜੇ ਤਾਂ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਮੁਲਾਜ਼ਮਾਂ ਦੇ ਸਿਰਾਂ ਤੇ ਬਾਂਹਾਂ ’ਤੇ ਕਾਫੀ ਸੱਟਾਂ ਲੱਗੀਆਂ ਤੇ ਮੁਲਜ਼ਮ ਫਰਾਰ ਹੋ ਗਏ। ਦਵਿੰਦਰ ਸਿੰਘ ਬਲਾਕ ਅਫਸਰ ਅਤੇ ਬੇਲਦਾਰ ਕਰਨੈਲ ਸਿੰਘ ਨੂੰ ਪਿੰਡ ਦੇ ਲੋਕਾਂ ਅਤੇ ਬਲਾਕ ਸਮਿਤੀ ਮੈਂਬਰ ਰਵਿੰਦਰ ਸਿੰਘ ਵੱਲੋਂ ਪੀ.ਜੀ.ਆਈ. (ਟਰੋਮਾ ਸੈਂਟਰ), ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦਵਿੰਦਰ ਸਿੰਘ ਬਲਾਕ ਅਫਸਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਬੇਲਦਾਰ ਕਰਨੈਲ ਸਿੰਘ ਦਾ ਵੀ ਸਕੱਲ ਫਰੈਕਚਰ ਹੈ। ਦਵਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਅਪਰੇਸ਼ਨ ਉਪਰੰਤ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ 72 ਘੰਟੇ ਦੀ ਅਬਜ਼ਰਵੇਸ਼ਨ ’ਤੇ ਰੱਖਿਆ ਗਿਆ ਹੈ।
ਕਰਨੈਲ ਸਿੰਘ ਬੇਲਦਾਰ ਦੇ ਚਿਹਰੇ ’ਤੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ ਅਤੇ ਉਹ ਵੀ ਪੀ.ਜੀ.ਆਈ. (ਟਰੋਮਾਂ ਸੈਂਟਰ), ਚੰਡੀਗੜ੍ਹ ਵਿਖੇ ਦਾਖਲ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਗੁਰਪ੍ਰੀਤ ਕੌਰ ਸਪਰਾ, ਸੁਪਰਡੈਂਟ ਪੁਲੀਸ ਅਤੇ ਉਪ ਮੰਡਲ ਮੈਜਿਸਟ੍ਰੇਟ, ਖਰੜ ਵੱਲੋਂ ਪੀ.ਜੀ.ਆਈ. ਦਾ ਦੌਰਾ ਕੀਤਾ ਗਿਆ। ਜ਼ਿਲ੍ਹਾ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਤਫਤੀਸ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਇੱਕ ਦਲੇਰ ਵਣ ਅਧਿਕਾਰੀ ਹੈ। ਇਸ ਤੋਂ ਪਹਿਲਾਂ ਵੀ ਸਾਲ 2009-10 ਦੋਰਾਨ ਦਵਿੰਦਰ ਸਿੰਘ ਤੇ ਰੇਤ ਮਾਫੀਆ ਵੱਲੋਂ ਪਿੰਡ ਨਾਡਾ ਵਿਖੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਦੋਸ਼ੀ ਮੰਗਾ ਸਿੰਘ ਨੂੰ ਸਜ਼ਾ ਵੀ ਹੋ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…