Share on Facebook Share on Twitter Share on Google+ Share on Pinterest Share on Linkedin ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਤੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਬਹਾਦਰੀ ਪੁਰਸਕਾਰ: ਧਰਮਸੋਤ ਸਿਊਂਕ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜ਼ਖ਼ਮੀਆਂ ਨੂੰ ਮਿਲੇਗੀ ਮਾਲੀ ਮਦਦ, ਸਰਕਾਰੀ ਖ਼ਰਚੇ ’ਤੇ ਹੋਵੇਗਾ ਇਲਾਜ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜੂਨ: ਪੰਜਾਬ ਦਾ ਜੰਗਲਾਤ ਵਿਭਾਗ ਜੰਗਲਾਂ ਤੇ ਜੰਗਲੀ ਖੇਤਰਾਂ ਦੀ ਰਖਵਾਲੀ ਲਈ ਆਪਣੇ ਕਰਮਚਾਰੀਆਂ ਨੂੰ ਹਥਿਆਰਬੰਦ ਕਰੇਗਾ ਅਤੇ ਛੇਤੀ ਹੀ ਇਸ ਸਬੰਧੀ ਨਵੀਂ ਨੀਤੀ ਤਿਆਰ ਕਰਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਭੇਜੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪਿੰਡ ਸਿਊਂਕ ਵਿੱਚ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਰੇਤ ਤੇ ਲੱਕੜ ਮਾਫੀਆ ਵਲੋਂ ਜੰਗਲਾਤ ਕਰਮਚਾਰੀਆਂ ’ਤੇ ਕੀਤੇ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵਿਭਾਗੀ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਲੈੱਸ ਕੀਤਾ ਜਾਵੇਗਾ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਵੀਂ ਨੀਤੀ ਨੂੰ ਜਲਦ ਤਿਆਰ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਜੰਗਲਾਂ ਤੇ ਜੰਗਲੀ ਖੇਤਰਾਂ ਦੇ ਨਾਲ-ਨਾਲ ਵਿਭਾਗ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਇਸ ਦਿਸ਼ਾਂ ’ਚ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਧਰਮਸੋਤ ਨੇ ਕਿਹਾ ਕਿ ਪਿੰਡ ਸਿਊਂਕ ਘਟਨਾ ਦੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਘੱਟ ਜ਼ਖ਼ਮੀਆਂ ਨੂੰ 21-21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਜ਼ਖ਼ਮੀਆਂ ਦਾ ਇਲਾਜ ਵੀ ਸਰਕਾਰੀ ਖ਼ਰਚੇ ’ਤੇ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗਲਾਤ ਖੇਤਰ ਦੀ ਰਾਖੀ ਲਈ ਪੂਰੀ ਵਾਹ ਲਾਉਣ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਜਿੱਥੇ ਦੋ-ਦੋ ਇਨਕਰੀਮੈਂਟਾਂ ਦਿੱਤੀਆਂ ਜਾਣਗੀਆਂ, ਉੱਥੇ ਹੀ ਵਿਭਾਗ ਵਲੋਂ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਣਗੇ। ਸ੍ਰੀ ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ, ਵਣ ਗਾਰਡ ਸ੍ਰੀ ਰਵਿੰਦਰ ਸਿੰਘ, ਬੇਲਦਾਰ ਸ੍ਰੀ ਕਰਨੈਲ ਸਿੰਘ, ਬੇਲਦਾਰ ਰਾਜਿੰਦਰ ਸਿੰਘ, ਦਿਹਾੜੀਦਾਰ ਭਾਗ ਚੰਦ ਤੇ ਮਹਿੰਦਰ ਸਿੰਘ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਸਿਊਂਕ-ਸ਼ਿੰਗਾਰੀਵਾਲਾ ਸੜਕੀ ਮਾਰਗ ’ਤੇ 19 ਜੂਨ, 2018 ਨੂੰ ਰਾਤ ਸਮੇਂ 10:30 ਵਜੇ ਲਗਾਏ ਨਾਕੇ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਐਫ.ਆਈ.ਆਰ. ਥਾਣਾ ਮੁੱਲਾਂਪੁਰ ਗਰੀਬਦਾਸ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 307, 353, 186, 332, 148, 149 ਅਧੀਨ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਨੇ ਵਣ ਗਾਰਡ ਦੇ ਬਿਆਨਾਂ ਦੇ ਆਧਾਰ ’ਤੇ ਸਤਪ੍ਰੀਤ ਸਿੰਘ ਉਰਫ਼ ਸੱਤੀ, ਸਤਵਿੰਦਰ ਸਿੰਘ ਉਰਫ਼ ਹੈਪੀ, ਜਗਜੀਤ ਸਿੰਘ ਉਰਫ਼ ਜੱਗਾ ਅਤੇ ਇੰਦਰਜੀਤ ਸਿੰਘ ਉਰਫ਼ ਇੰਦਾ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਦੌਰਾਨ ਵਰਤਿਆ ਗਿਆ ਟਰੈਕਟਰ-ਟਰਾਲੀ ਅਤੇ ਆਈ-20 ਕਾਰ ਵੀ ਬਰਾਮਦ ਹੋ ਚੁੱਕੀ ਹੈ ਅਤੇ ਮੁਲਜ਼ਮਾਂ ਪਾਸੋਂ ਪੁੱਛ-ਗਿੱਛ, ਤਫ਼ਤੀਸ਼ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਅਫ਼ਸਰ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਸਖ਼ਤ ਜ਼ਖ਼ਮੀ ਦੀ ਹਾਲਤ ਵਿੱਚ ਪੀਜੀਆਈ (ਟਰੌਮਾ ਸੈਂਟਰ), ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ, ਜਿੱਥੇ ਬਲਾਕ ਅਫ਼ਸਰ ਦਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦੋਂਕਿ ਬੇਲਦਾਰ ਕਰਨੈਲ ਸਿੰਘ ਦਾ ਵੀ ਸਕੱਲ ਫਰੈਕਚਰ ਹੈ। ਬਲਾਕ ਅਫਸਰ ਸ੍ਰੀ ਦਵਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਓਪਰੇਸ਼ਨ ਉਪਰੰਤ ਪੀਜੀਆਈ ਦੇ ਡਾਕਟਰਾਂ ਵੱਲੋਂ 72 ਘੰਟੇ ਦੀ ਅਬਜ਼ਰਵੇਸ਼ਨ ’ਤੇ ਰੱਖਿਆ ਗਿਆ ਹੈ। ਸ੍ਰੀ ਕਰਨੈਲ ਸਿੰਘ ਬੇਲਦਾਰ ਦੇ ਚਿਹਰੇ ਤੇ ਸੱਜੇ ਪਾਸੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ, ਜਿਸ ਕਰਕੇ ਉਸ ਦੇ ਚਿਹਰੇ ਤੇ ਸੱਜੇ ਪਾਸੇ ਡੂੰਘਾ ਜਖ਼ਮ ਹੋ ਗਿਆ ਹੈ ਅਤੇ ਉਹ ਵੀ ਪੀ.ਜੀ.ਆਈ. (ਟਰੌਮਾ ਸੈਂਟਰ), ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹਨ। ਸ੍ਰੀ ਧਰਮਸੋਤ ਨੇ ਅੱਗੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਰੇਤ ਅਤੇ ਲੱਕੜ ਮਾਫ਼ੀਆ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ ਜੰਗਲਾਤ ਐਮ.ਪੀ. ਸਿੰਘ, ਪ੍ਰਮੁੱਖ ਮੁੱਖ ਵਣਪਾਲ ਜਤਿੰਦਰ ਸ਼ਰਮਾ, ਮੁੱਖ ਵਣਪਾਲ ਰਤਨਾ ਕੁਮਾਰ, ਵਣਪਾਲ ਸ਼ਿਵਾਲਿਕ ਚਰਚਿਲ ਕੁਮਾਰ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਡੀਐਫਓ ਗੁਰਅਮਨਪ੍ਰੀਤ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ