Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਨਸ਼ੇ ਦੇ ਵਪਾਰ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ: ਕਿਸਾਨ ਯੂਨੀਅਨ ਸਿੱਧੂਪੁਰ ਸਵਾਮੀਨਾਥਨ ਰਿਪੋਰਟ ਲਾਗੂ ਕੀਤੇ ਬਿਨਾਂ ਨਹੀਂ ਰੁਕਣਗੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ: ਡੱਲੇਵਾਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੁੰਦੀ ਨਸ਼ਿਆਂ ਦੀ ਵਿਕਰੀ ਲਈ ਜ਼ਿੰਮੇਵਾਰ ਦੱਸਦਿਆਂ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਵਿੱਤ ਸਕੱਤਰ ਮਾਨ ਸਿੰਘ, ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਨਡਿਆਲੀ ਅਤੇ ਰਾਜਪੁਰਾ ਬਲਾਕ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਅਫਸਰਸ਼ਾਹੀ ਅਤੇ ਰਾਜਨੇਤਾਵਾਂ ਦੀ ਮਿਲੀਭੁਗਤ ਨਾਲ ਹੀ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਪੁਰਾਣੇ ਜ਼ਮਾਨੇ ਵਿੱਚ ਜੇ ਕੋਈ ਨਾਜਾਇਜ ਸ਼ਰਾਬ ਵੀ ਕੱਢਦਾ ਸੀ ਤਾਂ ਉਹ ਇਹ ਕੰਮ ਡਰਦਾ ਡਰਦਾ ਅਤੇ ਚੋਰੀ ਛਿਪੇ ਕਰਦਾ ਸੀ ਇਸਦੇ ਨਾਲ ਹੀ ਅਜਿਹਾ ਕੰਮ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਪੁਲੀਸ ਵੀ ਮੁਸਤੈਦ ਰਹਿੰਦੀ ਸੀ ਪਰ ਹੁਣ ਤਾਂ ਉਲਟਾ ਜ਼ਮਾਨਾ ਆ ਗਿਆ ਹੈ ਅਤੇ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਥਾਣਿਆਂ ਅੱਗੇ ਧਰਨੇ ਲਗਾਉਣੇ ਪੈ ਰਹੇ ਹਨ। ਨਸ਼ਾ ਤਸਕਰਾਂ ਦੇ ਹੌਂਸਲੇ ਏਨੇ ਜਿਆਦਾ ਵੱਧ ਗਏ ਹਨ ਕਿ ਉਹਨਾਂ ਵੱਲੋਂ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਸਾਬਕਾ ਫੌਜੀ ਦੀਆਂ ਉਸਦੇ ਘਰ ਵਿੱਚ ਜਾ ਕੇ ਲੱਤਾਂ ਤੋੜ ਦਿੱਤੀਆਂ ਗਈਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਾਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਯੂਨੀਅਨ ਉਸਦਾ ਨਾ ਸਿਰਫ਼ ਭਰਪੂਰ ਸਮਰਥਨ ਕਰਦੀ ਹੈ ਬਲਕਿ ਉਸਦੀ ਸ਼ਲਾਘਾ ਵੀ ਕਰਦੀ ਹੈ ਅਤੇ ਇਹ ਮੁਹਿੰਮ ਜਰੂਰ ਕਾਮਯਾਬ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਸ਼ੇ ਕਾਰਨ ਸਿਰਫ ਨਿੱਜੀ ਨੁਕਸਾਨ ਹੀ ਨਹੀਂ ਹੁੰਦਾ ਬਲਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਸਭ ਤੋਂ ਵੱਧ ਸ਼ਿਕਾਰ ਕਿਸਾਨਾਂ, ਮਜਦੂਰਾਂ ਦੇ ਬੱਚੇ (ਜਿਹੜੇ ਫੌਜ, ਪੁਲੀਸ ਅਤੇ ਸੁਰੱਖਿਆ ਦਸਤਿਆਂ ਵਿੱਚ ਸਭ ਤੋਂ ਵੱਧ ਭਰਤੀ ਹੁੰਦੇ ਹਨ) ਹੀ ਹੋ ਰਹੇ ਹਨ ਅਤੇ ਜੇ ਇਹ ਨੌਜਵਾਨ ਨਸ਼ੇ ਵਿੱਚ ਹੀ ਗਲਤਾਨ ਰਹਿਣਗੇ ਤਾਂ ਉਹ ਫੌਜ ਤੇ ਪੁਲੀਸ ਵਿੱਚ ਭਰਤੀ ਨਹੀਂ ਹੋ ਸਕਣਗੇ ਜਿਸ ਕਾਰਨ ਦੇਸ਼ ਦੀ ਸੁਰੱਖਿਆ ਲਈ ਫੌਜ ਅਤੇ ਪੁਲੀਸ ਫੋਰਸ ਦੀ ਘਾਟ ਪੈਦਾ ਹੋ ਜਾਵੇਗੀ ਜਿਸ ਨਾਲ ਕੋਈ ਵੀ ਦੇਸ਼ ਭਾਰਤ ਉਪਰ ਕਬਜਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀਆਂ ਨਾਲ ਵਾਇਦਾ ਕੀਤਾ ਸੀ ਕਿ ਉਹ ਕਾਂਗਰਸ ਸਰਕਾਰ ਬਣਨ ਤੋੱ ਬਾਅਦ ਪੰਜਾਬ ਵਿਚੋੱ ਸਿਰਫ 4 ਹਫਤਿਆਂ ਵਿਚ ਨਸ਼ਾ ਬੰਦ ਕਰਵਾ ਦੇਣਗੇ ਪਰ ਹੋ ਇਸਦੇ ਉਲਟ ਰਿਹਾ ਹੈ। ਕੈਪਟਨ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਉਹ ਨਸ਼ੇ ਖਾਸ ਕਰਕੇ ਕੈਮੀਕਲ ਨਸ਼ੇ ਵੀ ਵਿਕਣ ਲੱਗ ਪਏ ਹਨ, ਜੋ ਕਿ ਪਹਿਲਾਂ ਨਹੀਂ ਸੀ ਵਿਕਦੇ। ਉਹਨਾਂ ਕਿਹਾ ਕਿ ਨਸ਼ੇ ਵਿਕਣ ਲਈ ਸਿਰਫ ਜ਼ਿਲ੍ਹਿਆਂ ਦੇ ਐਸਐਸਪੀ ਹੀ ਜ਼ਿੰਮੇਵਾਰ ਨਹੀਂ ਹੁੰਦੇ ਸਗੋਂ ਇਸ ਲਈ ਖ਼ੁਦ ਸਰਕਾਰ ਜ਼ਿੰਮੇਵਾਰ ਹੈ। ਜਿਸ ਦੀ ਮਿਲੀਭੁਗਤ ਨਾਲ ਹੀ ਨਸ਼ੇ ਦਾ ਇਹ ਕਾਲਾ ਕਾਰੋਬਾਰ ਚਲ ਰਿਹਾ ਹੈ। ਕਿਸਾਨਾਂ ਦੀ ਆਰਥਿਕ ਹਾਲਤ ਬਾਰੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਲਾਗਤ ਤੇ ਖਰਚਿਆਂ ਨੂੰ ਸਵਾਮੀਨਾਥਨ ਰਿਪੋਰਟ ਅਨੁਸਾਰ ਤੈਅ ਕੀਤਾ ਜਾਣਾ ਜ਼ਰੂਰੀ ਹੈ ਤਾਂ ਹੀ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਸਹੀ ਕੀਮਤ ਹਾਸਿਲ ਹੋ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਖੇਤੀ ਖਰਚੇ ਬਹੁਤ ਵੱਧ ਗਏ ਹਨ ਅਤੇ ਆਮਦਨੀ ਘੱਟ ਜਾਣ ਕਾਰਨ ਕਿਸਾਨੀ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ। ਫਸਲਾਂ ਜਿਸ ਭਾਅ ਵਿਕਦੀਆਂ ਹਨ ਉਸ ਨਾਲ ਤਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਉਹਨਾਂ ਦੱਸਿਆ ਕਿ ਰਾਸ਼ਟਰੀ ਕਿਸਾਨ ਮਹਾਂਸੰਘ ਵਲੋੱ ਦਿੱਲੀ ਵਿੱਚ 4 ਅਤੇ 5 ਜੁਲਾਈ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਸੰਘ ਵੱਲੋਂ ਪੂਰੇ ਦੇਸ਼ ਵਿੱਚ ਕੱਢੀ ਜਾਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸ਼ਵ ਯਾਤਰਾ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਹੁਣ ਕਿਸਾਨ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਏ ਬਿਨਾ ਨਹੀਂ ਮੰਨਣਗੇ। ਉਹਨਾਂ ਕਿਹਾ ਕਿ ਭਾਜਪਾ ਨਾਲ ਸੰਬੰਧਿਤ ਜਿਹੜੇ ਮੰਤਰੀ ਅਤੇ ਆਗੂ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਸੰਵੇਦਨਹੀਨ ਬਿਆਨ ਦਿੰਦੇ ਹਨ ਉਹਨਾਂ ਨੂੰ ਕਿਸੇ ਜਨਤਕ ਮੰਚ ਤੇ ਆ ਕੇ ਕਿਸਾਨ ਆਗੂਆਂ ਨਾਲ ਬਹਿਸ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਕਿਸਾਨ ਖੁਦਕੁਸ਼ੀਆਂ ਦੀ ਸੱਚਾਈ ਦਾ ਪਤਾ ਲੱਗ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ