nabaz-e-punjab.com

ਪਿੰਡ ਮਾਣਕ ਮਾਜਰਾ ਨੂੰ ਜਾਂਦੀ ਸੜਕ ਨੇ ਛੱਪੜ ਦਾ ਰੂਪ ਧਾਰਿਆ, ਪਿੰਡ ਵਾਸੀ ਡਾਢੇ ਤੰਗ ਪ੍ਰੇਸ਼ਾਨ

ਮਾਣਕ ਮਾਜਰਾ ਸਮੇਤ ਇਲਾਕੇ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਬਣੀ: ਪਰਮਿੰਦਰ ਸੋਹਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਭਾਵੇਂ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਜ਼ਰੂਰ ਮਿਲੀ ਹੈ ਪ੍ਰੰਤੂ ਸਮੁੱਚੇ ਇਲਾਕੇ ਵਿੱਚ ਸੜਕਾਂ ਟੁੱਟੀਆਂ ਹੋਣ ਅਤੇ ਜਲ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਪੇਂਡੂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਮਾਣਕ ਮਾਜਰਾ ਦੇ ਵਸਨੀਕ ਪਿੰਡ ਦਾ ਰਸਤਾ ਬੰਦ ਹੋਣ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਸ਼ਹਿਰ ਤੋਂ ਸੰਪਰਕ ਟੁੱਟ ਗਿਆ ਹੈ। ਮੌਸਮ ਦੀ ਪਹਿਲੀ ਬਰਸਾਤ ਦੌਰਾਨ ਸੈਕਟਰ 88 ਤੋਂ ਹੋ ਕੇ ਪਿੰਡ ਵੱਲ ਜਾਂਦੀ ਸੜਕ ਛੱਪੜ ਵਿੱਚ ਤਬਦੀਲ ਹੋ ਗਈ ਹੈ ਜਿਸ ਕਾਰਨ ਪਿੰਡ ਵਾਸੀਆਂ ਦੀ ਆਵਾਜਾਈ ਦਾ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
ਪਿੰਡ ਮਾਣਕ ਮਾਜਰਾ ਦੇ ਸਰਪੰਚ ਨਿਰਮਲ ਸਿੰਘ ਅਤੇ ਨੌਜਵਾਨ ਆਗੂ ਅਮਨ ਪੂਨੀਆ, ਜਸਪਾਲ ਸਿੰਘ, ਕੇਸਰ ਸਿੰਘ, ਹਰਜਿੰਦਰ ਸਿੰਘ, ਸੁੱਚਾ ਸਿੰਘ ਕਾਲਾ, ਜੁਝਾਰ, ਨਿੰਦਾ ਅਤੇ ਹੋਰਨਾਂ ਨੇ ਦੱਸਿਆ ਕਿ ਇਹ ਸੜਕ ਪਹਿਲਾਂ ਹੀ ਬੁਰੀ ਹਾਲਤ ਵਿੱਚ ਸੀ ਅਤੇ ਇਸਦੇ ਨੇੜੇ ਬਣਨ ਵਾਲੇ ਸੈਕਟਰਾਂ ਦੀ ਉਸਾਰੀ ਦੇ ਕਾਰਜਾਂ ਕਾਰਨ ਇਸ ਸੜਕ ਦੀ ਹਾਲਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਥਾਂ ਥਾਂ ਤੋੱ ਟੁੱਟੀ ਇਸ ਸੜਕ ਦਾ ਇੱਕ ਹਿੱਸਾ ਬਰਸਾਤ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ ਅਤੇ ਇੱਥੋਂ ਲਾਂਘਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਉਂਸਪਲ ਕੌਂਸਲਰ ਅਤੇ ਲੇਬਰਫੈਡ ਪੰਜਾਬ ਦੇ ਐਮਡੀ ਪਰਮਿੰਦਰ ਸਿੰਘ ਸੋਹਾਣਾ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਲੋੜੀਂਦੀ ਮੁਰੰਮਤ ਕਰਵਾਈ ਜਾਵੇ ਅਤੇ ਇਸ ਨੂੰ ਉੱਚਾ ਕੀਤਾ ਜਾਵੇ ਤਾਂ ਜੋ ਪਿੰਡ ਦੇ ਵਸਨੀਕਾਂ ਨੂੰ ਪੇਸ਼ ਮੁਸ਼ਕਲਾਂ ਹੱਲ ਹੋਣ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਕਾਰਜਾਂ ’ਤੇ ਇੱਕ ਧੇਲਾ ਵੀ ਨਹੀਂ ਖ਼ਰਚਿਆਂ ਹੈ। ਜਿਸ ਕਾਰਨ ਪਿੰਡ ਮਾਣਕ ਮਾਜਰਾ ਸਮੇਤ ਇਲਾਕੇ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਾਣਕ ਮਾਜਰਾ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਲ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…