nabaz-e-punjab.com

ਨਸ਼ਿਆਂ ਵਿਰੋਧੀ ਮੁਹਿੰਮ: ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈਸਟ

ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਡੋਪ ਟੈਸਟ ਲਈ ਪੁੱਜੇ, ਸੋਮਵਾਰ ਨੂੰ ਹੋਵੇਗਾ ਮੰਤਰੀ ਦਾ ਡੋਪ ਟੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚਲ ਕਰੇ ਕਾਲੇ ਹਫ਼ਤੇ ਦੌਰਾਨ ਨਸ਼ਿਆਂ ਖ਼ਿਲਾਫ਼ ਮਜਬੂਤ ਹੁੰਦੀ ਲੋਕ ਲਹਿਰ ਅਤੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦੇ ਫੈਸਲੇ ਦਾ ਅਸਰ ਦਿਖਣ ਲੱਗ ਪਿਆ ਹੈ। ਇਸ ਸਬੰਧੀ ਆਮ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਕੀਤੀ ਜਾ ਰਹੀ ਮੰਗ ਨੂੰ ਮਜਬੂਤੀ ਦਿੰਦਿਆਂ ਅੱਜ ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅੱਜ ਆਪਣਾ ਡੋਪ ਟੈਸਟ ਕਰਵਾਉਣ ਲਈ ਸਥਾਨਕ ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਪਹੁੰਚ ਗਏ ਅਤੇ ਡਾਕਟਰਾਂ ਤੋਂ ਉਹਨਾਂ ਦਾ ਡੋਪ ਟੈਸਟ ਕਰਨ ਦੀ ਮੰਗ ਕੀਤੀ। ਇਹਨਾਂ ਵੀਵੀਆਈਪੀ ਦੇ ਇਸ ਤਰ੍ਹਾਂ ਅਚਾਨਕ ਹਸਪਤਾਲ ਪਹੁੰਚਣ ਤੇ ਹਸਪਤਾਲ ਦੇ ਪ੍ਰਸ਼ਾਸ਼ਨ ਨੂੰ ਇੱਕ ਵਾਰ ਤਾਂ ਹੱਥਾਂ ਪੈਰਾਂ ਦੀ ਪੈ ਗਈ ਅਤੇ ਬਾਅਦ ਵਿੱਚ ਹਸਪਤਾਲ ਦੇ ਪ੍ਰਬੰਧਨ ਵੱਲੋਂ ਇਹਨਾਂ ਦੋਵਾਂ ਦੇ ਡੋਪ ਟੈਸਟ ਦੀ ਕਾਰਵਾਈ ਆਰੰਭ ਕੀਤੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਡੋਸਪ ਟੈਸਟ ਲਈ ਆਪਣੇ ਖੂਨ ਦਾ ਸੈਂਪਲ ਦਿੱਤਾ ਗਿਆ ਜਦੋਂਕਿ ਕੈਬਿਨਟ ਮੰਤਰੀ ਸ੍ਰੀ ਬਾਜਵਾ ਨੂੰ ਡਾਕਟਰਾਂ ਨੇ ਇਸ ਕਰਕੇ ਆਪਣਾ ਸੈਂਪਲ ਬਾਅਦ ਵਿੱਚ ਦੇਣ ਲਈ ਕਿਹਾ ਕਿ ਉਹ ਜਿਹੜੀ ਦਵਾਈ ਖਾ ਰਹੇ ਹਨ ਉਸ ਕਾਰਨ ਉਹਨਾਂ ਦੇ ਖੂਨ ਦੇ ਨਮੂਨੇ ਦੀ ਮੁਕੰਮਲ ਜਾਂਚ ਨਹੀਂ ਹੋ ਸਕਦੀ ਅਤੇ ਉਹ ਇਹ ਦਵਾਈਆਂ ਬੰਦ ਕਰਕੇ ਫਿਰ 72 ਘੰਟੇ ਬਾਅਦ ਡੋਪ ਟੈਸਟ ਲਈ ਆਪਣੇ ਖੂਨ ਦਾ ਨਮੂਨਾ ਦੇਣ।
ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਉਹਨਾਂ ਵੱਲੋਂ ਕੁੱਝ ਦਿਨ ਪਹਿਲਾਂ ਇਹ ਗੱਲ ਆਖੀ ਗਈ ਸੀ ਕਿ ਪੰਜਾਬ ਪੁਲੀਸ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਉਹ ਪੁਲੀਸ ਫੋਰਸ ਦੇ ਡੋਪ ਟੈਸਟ ਦੀ ਮੰਗ ਕਰ ਰਹੇ ਹਨ ਤਾਂ ਉਹਨਾਂ ਨੂੰ ਖੁਦ ਨੂੰ ਵੀ ਇਹ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਹ ਅੱਜ ਆਪਣਾ ਡੋਪ ਟੈਸਟ ਕਰਵਾਉਣ ਆਏ ਸਨ ਅਤੇ ਹੁਣ ਡਾਕਟਰਾਂ ਦੀ ਸਲਾਹ ਅਨੁਸਾਰ ਉਹ ਸੋਮਵਾਰ ਨੂੰ ਆਪਣਾ ਡੋਪ ਟੈਸਟ ਕਰਵਾਉਣ ਲਈ ਆਉਣਗੇ।
ਇਸ ਮੌਕੇ ਆਪਣੇ ਡੋਪ ਟੈਸਟ ਕਰਵਾਉਣ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸੂਬਾ ਸਰਕਾਰ ਵਲੋੱ ਚੁੱਕੇ ਜਾਣ ਵਾਲੇ ਹਰ ਸਕਾਰਾਤਮਕ ਕਦਮ ਦਾ ਬਤੌਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਾਥ ਦੇਵੇਗੀ। ਉਹਨਾਂ ਕਿਹਾ ਕਿ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਡੋਪ ਟੈਸਟ’ ਦੀ ਸੁਰੂਆਤ ਖੁਦ ਅਤੇ ਆਪਣੇ ਮੰਤਰੀਆਂ, ਵਿਧਾਇਕਾਂ ਤੋੱ ਕਰਦੇ। ਉਹਨਾਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਅੱਜ ਜਨਤਾ ਦੇ ਨੁਮਾਇੰਦਿਆਂ ਨੂੰ ‘ਡੋਪ ਟੈਸਟ’ ਵਰਗੀਆਂ ਨੈਤਿਕ ਚੁਣੌਤੀਆਂ ਤੋੱ ਲੰਘਣਾ ਪੈ ਰਿਹਾ ਹੈ, ਕਿਉੱਕਿ ਜਨਤਾ ਦੀ ਨੁਮਾਇੰਦਗੀ ਕਰਨ ਵਾਲੇ ਸਿਆਸੀ ਲੀਡਰਾਂ ਪੁਲੀਸ ਅਫਸਰਾਂ-ਕਰਮਚਾਰੀਆਂ ਦਾ ਇਕ ਵੱਡਾ ਹਿੱਸਾ ਡਰੱਗ ਮਾਫੀਆ ਨਾਲ ਰਲ ਗਿਆ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਤਬਾਹ ਹੋਣ ਕਿਨਾਰੇ ਪੁੱਜ ਗਿਆ ਹੈ। ਬੇਰੁਜ਼ਗਾਰੀ ਅਤੇ ਬੇਉਮੀਦੀ ਦੇ ਮਾਰੇ ਨੌਜਵਾਨ ਗੱਭਰੂ ਅਸਾਨੀ ਨਾਲ ਉਪੱਲਬਧ ਨਸ਼ਿਆਂ ਦੀ ਓਵਰਡੋਜ ਨਾਲ ਅਣਹੋਣੀ ਮੌਤ ਮਰੇ ਲੱਭਦੇ ਹਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਮੌਕੇ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਨਸ਼ਿਆਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨੂੰ 4 ਹਫਤਿਆਂ ਦੇ ਅੰਦਰ ਖਤਮ ਕਰਨ ਅਤੇ ਜੇਲਾਂ ਵਿੱਚ ਸੁੱਟਣ ਦਾ ਵਾਅਦਾ ਕਰਨ ਦੇ ਬਾਵਜੂਦ ਸਵਾ ਸਾਲ ਕੋਈ ਕਦਮ ਨਹੀਂ ਉਠਾਇਆ, ਪਰੰਤੂ ਹੁਣ ਵਿਰੋਧੀ ਧਿਰ ਵਜੋਂ ‘ਆਪ’ ਵੱਲੋਂ ਇਸ ਸੰਬੰਧੀ ਆਵਾਜ ਬੁਲੰਦ ਕਰਨ ਅਤੇ ਲੋਕ ਰੋਹ ਦੇ ਅੱਗੇ ਝੁਕਦਿਆਂ ਸਰਕਾਰ ਨੂੰ ਕੁਝ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਜੜ੍ਹ ਉਦੋਂ ਤੱਕ ਖਤਮ ਨਹੀਂ ਹੋਵੇਗੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦ੍ਰਿੜ ਇੱਛਾ ਸਕਤੀ ਨਾਲ ਡਰੱਗ ਮਾਫੀਆ ਵਿੱਚ ਸ਼ਾਮਲ ਸਿਆਸਤਦਾਨਾਂ, ਪੁਲੀਸ ਅਫ਼ਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਦੇ ਗਿਰੋਹ ਨੂੰ ਤਹਿਸ-ਨਹਿਸ ਨਹੀਂ ਕਰਦੇ। ਉਨਾਂ ਕਿਹਾ ਕਿ ਉਹ ਪੰਚਾਇਤ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਹਰੇਕ ਲੋਕ ਨੁਮਾਇੰਦੇ ਨੂੰ ਨੈਤਿਕਤਾ ਦੇ ਆਧਾਰ ਤੇ ‘ਡੋਪ ਟੈਸਟ’ ਕਰਾਉਣ ਦੀ ਅਪੀਲ ਕਰਦੇ ਹਨ, ਤਾਂ ਕਿ ਪੁਲੀਸ ਵਾਂਗ ਸਿਆਸਤਦਾਨਾਂ ਤੋਂ ਵੀ ਉਠ ਚੁੱਕੇ ਲੋਕ ਵਿਸ਼ਵਾਸ਼ ਨੂੰ ਮੁੜ ਬਹਾਲ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…