nabaz-e-punjab.com

ਮੁਹਾਲੀ ਦੇ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ

ਮੁਹਾਲੀ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਮੁਹੱਲੇ ਦੇ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਅਣਦੇਖੀ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਲੇਕਿਨ ਪ੍ਰਸ਼ਾਸਨ ਮਹਿਜ਼ ਖਾਨਾਪੂਰਤੀ ਕਰਨ ਤੱਕ ਸੀਮਤ ਹੈ। ਇੱਕ ਹਿੱਸੇ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਚੰਗੀ ਤਰ੍ਹਾਂ ਹੱਲ ਨਹੀਂ ਹੁੰਦੀ ਅਗਲੇ ਦਿਨ ਹੋਰ ਇਲਾਕੇ ਵਿੱਚ ਸਮੱਸਿਆ ਖੜੀ ਹੋ ਜਾਂਦੀ ਹੈ। ਸੂਚਨਾ ਮਿਲਣ ’ਤੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਜਾਂਦੇ ਹਨ ਅਤੇ ਚੈਕਿੰਗ ਦੇ ਨਾਂ ’ਤੇ ਕਾਰਵਾਈ ਸਮੇਟਦਿਆਂ ਲੰਘ ਜਾਂਦੇ ਹਨ।
ਇੱਥੋਂ ਦੇ ਫੇਜ਼-3ਏ ਵਿੱਚ ਘਰਾਂ ਵਿੱਚ ਦੂਸ਼ਿਤ ਪਾਣੀ ਸਪਲਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੱਲੋਂ ਦੁਖੀ ਹੋ ਕੇ ਦੂਸ਼ਿਤ ਪਾਣੀ ਦਾ ਇਹ ਮਾਮਲਾ ਮੀਡੀਆ ਵਿੱਚ ਲਿਆਂਦਾ ਗਿਆ। ਉਨ੍ਹਾਂ ਅਧਿਕਾਰੀਆਂ ’ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹਫ਼ਤਾ ਪਹਿਲਾਂ ਵੀ ਗੰਧਲਾ ਪਾਣੀ ਸਪਲਾਈ ਹੋਇਆ ਸੀ। ਉਦੋਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਹ ਤਰਕ ਦਿੱਤਾ ਸੀ ਕਿ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲੀ ਪਾਈਪਲਾਈਨ ਟੁੱਟਣ ਕਾਰਨ ਮੁਰੰਮਤ ਦੌਰਾਨ ਪਾਈਪਾਂ ਵਿੱਚ ਮਿੱਟੀ ਜਮ੍ਹ ਗਈ ਸੀ ਅਤੇ ਉੱਪਰਲੀਆਂ ਮੰਜ਼ਲਾਂ ’ਤੇ ਪਾਣੀ ਪਹੁੰਚਦਾ ਕਰਨ ਲਈ ਜਿਵੇਂ ਹੀ ਪਾਣੀ ਦਾ ਤੇਜ਼ ਪ੍ਰੈਸ਼ਰ ਛੱਡਿਆ ਤਾਂ ਪਾਈਪਲਾਈਨ ਵਿੱਚ ਜਮ੍ਹੀ ਹੋਈ ਮਿੱਟੀ ਵੀ ਪਾਣੀ ਦੇ ਨਾਲ ਆ ਗਈ। ਲੇਕਿਨ ਅੱਜ ਹਫ਼ਤੇ ਬਾਅਦ ਲੋਕਾਂ ਦੇ ਘਰਾਂ ਵਿੱਚ ਸਵੇਰੇ ਦੂਸ਼ਿਤ ਪਾਣੀ ਸਪਲਾਈ ਕੀਤਾ ਗਿਆ। ਜੋ ਵਰਤੋਂ ਯੋਗ ਨਹੀਂ ਸੀ।
ਸ੍ਰੀ ਸੇਠੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਜ ਇਸ ਸਮੱਸਿਆ ਸਬੰਧੀ ਵਿਭਾਗ ਦੇ ਇੱਕ ਐਸਡੀਓ ਨਾਲ ਤਾਲਮੇਲ ਕੀਤਾ ਤਾਂ ਉਨ੍ਹਾਂ ਨੇ ਇਹ ਕਹਿ ਕੇ ਖਹਿੜਾ ਛੁਡਵਾ ਲਿਆ ਕਿ ਹਾਲ ਹੀ ਉਸ ਦੇ ਸਾਰੇ ਜੂਨੀਅਰ ਇੰਜੀਨੀਅਰ (ਜੇਈ) ਬਦਲੀ ਕਿਧਰੇ ਹੋਰ ਕਰ ਦਿੱਤੀ ਗਈ ਹੈ। ਜਿਸ ਕਾਰਨ ਫੀਲਡ ਵਿੱਚ ਦਿੱਕਤਾਂ ਆ ਰਹੀ ਹੈ। ਇਸ ਮਗਰੋਂ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ (ਐਸਈ) ਆਰਪੀ ਗੁਪਤਾ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਐਸਈ ਦਾ ਕਹਿਣਾ ਸੀ ਉਹ ਐਕਸੀਅਨ ਨੂੰ ਹੁਣੇ ਹੀ ਮੌਕਾ ਦੇਖਣ ਲਈ ਕਹਿ ਦਿੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਨਵੇਂ ਐਕਸੀਅਨ ਜਸਇੰਦਰ ਸਿੰਘ ਸਿੱਧੂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ।
ਇਸ ਮੌਕੇ ਰਘਬੀਰ ਸਿੰਘ, ਅਨੋਖ ਸਿੰਘ, ਰਾਜਵਿੰਦਰ ਕੌਰ ਅਤੇ ਡਿੰਪਲ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਉਨ੍ਹਾਂ ਦੇ ਘਰਾਂ ਵਿੱਚ ਗੰਧਲਾ ਪਾਣੀ ਸਪਲਾਈ ਹੋਇਆ ਹੈ। ਉਹ ਆਪਣੇ ਘਰਾਂ ’ਚੋਂ ਗੰਧਲੇ ਪਾਣੀ ਦੀਆਂ ਬੋਤਲਾਂ ਭਰ ਕੇ ਡਿਪਟੀ ਮੇਅਰ ਦੇ ਘਰ ਦੇ ਬਾਹਰ ਆਣ ਕੇ ਖੜੇ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਹੁਣ ਤੱਕ ਪੱਕਾ ਹੱਲ ਨਹੀਂ ਹੋਇਆ। ਇਸੇ ਤਰ੍ਹਾਂ ਪਿੰਡ ਕੁੰਭੜਾ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਜਿਊ ਦੀ ਤਿਊ ਬਰਕਰਾਰ ਹੈ। ਹਾਲਾਂਕਿ ਦੋ ਦਿਨ ਪਹਿਲਾਂ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਸ਼ਿਕਾਇਤ ’ਤੇ ਐਕਸੀਅਨ, ਐਸਡੀਓ ਅਤੇ ਜੇਈ ਨੇ ਪਿੰਡ ਦਾ ਦੌਰਾ ਕਰਕੇ ਕਈ ਮੁਹੱਲਿਆਂ ਵਿੱਚ ਦੂਸ਼ਿਤ ਪਾਣੀ ਸਪਲਾਈ ਹੋਣ ਦਾ ਜਾਇਜ਼ਾ ਵੀ ਲਿਆ ਸੀ। ਸ੍ਰੀ ਕੁੰਭੜਾ ਨੇ ਦੱਸਿਆ ਕਿ ਵਾਟਰ ਸਪਲਾਈ ਲਾਈਨ ਦੇ ਨੇੜਿਓਂ ਲੰਘ ਰਹੀ ਪੁਰਾਣੀ ਸੀਵਰੇਜ ਦੀ ਲਾਈਨ ’ਚੋਂ ਹਮੇਸ਼ਾ ਹੀ ਗੰਦਾ ਪਾਣੀ ਰਿਸਦਾ ਰਹਿੰਦਾ ਹੈ।
(ਬਾਕਸ ਆਈਟਮ)
ਜਲ ਸਪਲਾਈ ਵਿਭਾਗ ਦੇ ਨਵੇਂ ਐਕਸੀਅਨ ਜਸਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਮੇਅਰ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਉਨ੍ਹਾਂ ਨੇ ਤੁਰੰਤ ਟੀਮ ਨੂੰ ਮੌਕੇ ’ਤੇ ਭੇਜ ਕੇ ਸਮੱਸਿਆ ਹੱਲ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਪਾਈਪਾਂ ਵਿੱਚ ਮਿੱਟੀ ਜਮ੍ਹੀ ਹੋਈ ਸੀ। ਜਿਸ ਕਾਰਨ ਪਾਣੀ ਦੇ ਤੇਜ਼ ਪ੍ਰੈਸ਼ਰ ਨਾਲ ਮਿੱਟੀ ਆ ਗਈ ਸੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…