nabaz-e-punjab.com

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਲਾਲੀ ਤੇ ਰੂਬੀ ਸਿੱਧੂ ਸਮੇਤ ਹੋਰਨਾਂ ਵਰਕਰਾਂ ਨੇ ਕਰਵਾਇਆ ਡੋਪ ਟੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਡੋਪ ਟੈਸਟ ਕਰਵਾਉਣ ਦੀ ਹਾਮੀ ਭਰਨ ਅਤੇ ਹੋਰ ਕੈਬਨਿਟ ਮੰਤਰੀਆਂ ਦੇ ਅੱਗੇ ਆਉਣ ਤੋਂ ਬਾਅਦ ਹੁਣ ਯੂਥ ਕਾਂਗਰਸ ਦੇ ਵਰਕਰਾਂ ਨੇ ਵੀ ਆਪਣਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਜਿਸ ਦੀ ਰਸਮੀ ਸ਼ੁਰੂਆਤ ਅੱਜ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਕੰਵਰਬੀਰ ਸਿੰਘ ਸਿੱਧੂ ਉਰਫ਼ ਰੂਬੀ ਸਿੱਧੂ ਨੇ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਆਪਣਾ ਡੋਪ ਟੈਸਟ ਕਰਵਾ ਕੇ ਕੀਤੀ ਗਈ।
ਜਾਣਕਾਰੀ ਅਨੁਸਾਰ ਅਮਰਪ੍ਰੀਤ ਸਿੰਘ ਲਾਲੀ ਅਤੇ ਰੂਬੀ ਸਿੱਧੂ ਅੱਜ ਸਵੇਰੇ ਕਰੀਬ ਸਵਾ 10 ਵਜੇ ਆਪਣੇ ਸਾਥੀਆਂ ਨਾਲ ਸਰਕਾਰੀ ਹਸਪਤਾਲ ਪੁੱਜੇ ਅਤੇ ਸਿੱਧਾ ਐਸਐਮਓ ਡਾ. ਮਨਜੀਤ ਸਿੰਘ ਦੇ ਰੂਮ ਵਿੱਚ ਚਲੇ ਗਏ। ਜਿੱਥੇ ਉਨ੍ਹਾਂ ਨੇ ਡੋਪ ਟੈਸਟ ਕਰਵਾਉਣ ਦੀ ਮੁੱਢਲੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਟੈਸਟ ਸਬੰਧੀ ਫਾਰਮ ਭਰ ਕੇ ਖਿੜਕੀ ’ਤੇ 1500-1500 ਰੁਪਏ ਸਰਕਾਰੀ ਫੀਸ ਜਮ੍ਹਾਂ ਕਰਵਾਈ ਗਈ। ਇਸ ਮਗਰੋਂ ਮੈਡੀਕਲ ਟੀਮ ਵੱਲੋਂ ਡੋਪ ਟੈਸਟ ਲਈ ਉਨ੍ਹਾਂ ਦੇ ਸੈਂਪਲ ਲਏ। ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸੀ, ਪੂਨਮ ਕਾਂਗੜ, ਬਿਕਰਮ ਸਿੰਘ ਪਹਿਲਵਾਨ, ਬੰਨ੍ਹੀ ਖਹਿਰਾ, ਸੰਦੀਪ ਭਾਟੀਆ, ਦਮਨਦੀਪ ਸਿੰਘ ਬਿੱਲਾ, ਮੋਹਿੰਤ ਮਹਿੰਦਰਾ, ਰਾਣਾ ਕੁਸ਼ਲਪਾਲ ਸਿੰਘ, ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਸਮੇਤ ਕਈ ਹੋਰਨਾਂ ਯੂਥ ਵਰਕਰਾਂ ਨੇ ਆਪੋ ਆਪਣਾ ਡੋਪ ਟੈਸਟ ਕਰਵਾਇਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਪ੍ਰੀਤ ਸਿੰਘ ਲਾਲੀ ਨੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਾਰੇ ਵਰਗਾਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਕਰਨ ਲਈ ਸ਼ਹਿਰਾਂ ਵਿੱਚ ਵਾਰਡ ਪੱਧਰ ਅਤੇ ਦਿਹਾਤੀ ਖੇਤਰ ਵਿੱਚ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਯੂਥ ਵਰਕਰਾਂ ਦਾ ਡੋਪ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਨਸ਼ਿਆਂ ਦੇ ਖ਼ਾਤਮੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ।
ਸ੍ਰੀ ਲਾਲੀ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਜਿਸ ਵਿੱਚ ਬੀਬੀ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਆਖੀ ਹੈ। ਸ੍ਰੀ ਲਾਲੀ ਨੇ ਕਿਹਾ ਕਿ ਬੀਬੀ ਬਾਦਲਾਂ ਨੂੰ ਪਹਿਲਾਂ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਅਤੇ ਭਰਾ ਬਿਕਰਮ ਸਿੰਘ ਮਜੀਠੀਆ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਅਤਿਵਾਦ ਦੇ ਦੌਰ ਸਮੇਂ ਜੂਨੀਅਰ ਬਾਦਲ ਅਤੇ ਮਜੀਠੀਆ ਦੌੜ ਗਏ ਹਨ। ਉਨ੍ਹਾਂ ਨੂੰ ਹੁਣ ਸੱਕ ਹੈ ਕਿ ਕਿਤੇ ਡੋਪ ਟੈਸਟ ਤੋਂ ਬਚਨ ਲਈ ਦੋਵੇਂ ਆਗੂ ਹੁਣ ਵੀ ਵਿਦੇਸ਼ ਨਾ ਦੌੜ ਜਾਣ। ਉਧਰ, ਡੋਪ ਟੈਸਟ ਕਰਵਾਉਣ ਤੋਂ ਬਾਅਦ ਨੌਜਵਾਨਾਂ ਨੇ ਨਸ਼ਿਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

Load More Related Articles
Load More By Nabaz-e-Punjab
Load More In General News

Check Also

Punjab Police’s AGTF in joint operation with UP Police arrested two shooters involved in separate sensational murder cases

Punjab Police’s AGTF in joint operation with UP Police arrested two shooters involve…