nabaz-e-punjab.com

ਮੁਹਾਲੀ ਵਿੱਚ ਆਵਾਰਾ ਤੇ ਪਾਲਤੂ ਪਸ਼ੂਆਂ ਦੇ ਮੁੱਦੇ ’ਤੇ ਸਿਆਸਤ ਭਖਣੀ ਸ਼ੁਰੂ

ਸ਼ਹਿਰ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਮੁੱਦੇ ’ਤੇ ਵੱਧਦਾ ਤਣਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ (ਜਿਨ੍ਹਾਂ ਵਿੱਚ ਜ਼ਿਆਦਾਤਰ ਪਸ਼ੂ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੇ ਪਾਲਤੂ ਪਸ਼ੂ ਹੁੰਦੇ ਹਨ) ’ਤੇ ਕੀਤੀ ਜਾਣ ਵਾਲੀ ਕਾਰਵਾਈ ਦੇ ਵਿਰੋਧ ਵਿੱਚ ਪਸ਼ੂ ਪਾਲਕਾਂ ਵੱਲੋਂ ਕੀਤੀ ਜਾਣ ਵਾਲੀ ਲਾਮਬੰਦੀ ਦੇ ਨਾਲ ਸਿਆਸਤ ਵੀ ਭਖਣ ਲੱਗ ਪਈ ਹੈ। ਇਸ ਮੁੱਦੇ ’ਤੇ ਜਿੱਥੇ ਨਗਰ ਨਿਗਮ ਵੱਲੋਂ ਪਿੰਡਾਂ ਵਿੱਚ ਆਪਣੇ ਘਰਾਂ ਵਿੱਚ ਪਸ਼ੂ ਰੱਖਣ ਵਾਲੇ ਲੋਕਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਪਸ਼ੂ ਪਾਲਕਾਂ ਦੀ ਸੂਚੀ ਦੇ ਕੇ ਮੁਹਾਲੀ ਪੁਲੀਸ ਨੂੰ ਬਣਦੀ ਕਾਰਵਾਈ ਕਰਨ ਲਈ ਲਿਖਿਆ ਜਾ ਚੁੱਕਿਆ ਹੈ ਅਤੇ ਪੁਲੀਸ ਵੱਲੋਂ ਇਸ ਸਬੰਧੀ ਪਸ਼ੂ ਪਾਲਕਾਂ ਦੇ ਖ਼ਿਲਾਫ਼ ਧਾਰਾ 188 ਦੇ ਤਹਿਤ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ ਹੈ। ਉੱਥੇ ਪਿੰਡਾਂ ਦੇ ਵਸਨੀਕ ਇਸ ਗੱਲ ’ਤੇ ਅੜੇ ਹੋਏ ਹਨ ਕਿ ਜੇਕਰ ਨਗਰ ਨਿਗਮ ਨੇ ਪਿੰਡਾਂ ਵਿੱਚੋੱ ਪਸ਼ੂ ਬਾਹਰ ਕੱਢਣੇ ਹਨ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਦੀ ਤਰਜ਼ ’ਤੇ ਮਿਲਕ ਕਲੋਨੀ ਵਸਾ ਕੇ ਪਲਾਟ ਦਿੱਤੇ ਜਾਣ।
ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀ ਨਗਰ ਨਿਗਮ (ਪਹਿਲਾਂ ਕੌਂਸਲ) ਦੇ ਕਰਮਚਾਰੀਆਂ ਤੇ ਇਹ ਇਲਜਾਮ ਲਗਾਉਂਦੇ ਰਹੇ ਹਨ ਕਿ ਉਨ੍ਹਾਂ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਖੇਤਰ ਵਿੱਚ ਆਪਣੇ ਪਸ਼ੂ ਚਰਾਉਣ ਦੀ ਖੁੱਲ ਦਿੱਤੀ ਜਾਂਦੀ ਰਹੀ ਹੈ ਜਿਸਦੇ ਬਦਲੇ ਪਸ਼ੂ ਪਾਲਕ ਇਹਨਾਂ ਕਰਮਚਾਰੀਆਂ ਦੀ ਮੁੱਠੀ ਗਰਮ ਕਰਦੇ ਹਨ। ਪਿੰਡਾਂ ਦੇ ਇਨ੍ਹਾਂ ਪਸ਼ੂ ਪਾਲਕਾਂ ’ਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਖੁਦ ਆਪਣੇ ਪਸ਼ੂ ਸ਼ਹਿਰੀ ਖੇਤਰ ਵਿੱਚ ਚਰਾਉਣ ਲਈ ਲੈ ਕੇ ਆਉਂਦੇ ਹਨ ਅਤੇ ਜੇਕਰ ਕੋਈ ਉਨ੍ਹਾਂ ਦਾ ਵਿਰੋਧ ਕਰੇ ਤਾਂ ਇਹ ਲੜਣ ਤਕ ਲਈ ਤਿਆਰ ਹੋ ਜਾਂਦੇ ਹਨ। ਹੋਰ ਤਾਂ ਹੋਰ ਅਜਿਹੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੇ ਪਸ਼ੂ ਫੜਣ ਗਏ ਨਿਗਮ ਦੇ ਕਰਮਚਾਰੀਆਂ ਦੇ ਨਾਲ ਕੁੱਟਮਾਰ ਤੱਕ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਪੁਲੀਸ ਵਿੱਚ ਬਾਕਾਇਦਾ ਮਾਮਲੇ ਵੀ ਦਰਜ ਹੋਏ ਹਨ। ਸ਼ਹਿਰ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਨਾ ਸਿਰਫ ਭਾਰੀ ਗੰਦਗੀ ਫੈਲਾਉੱਦੇ ਹਨ ਬਲਕਿ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਕੁੱਝ ਸਮਾਂ ਪਹਿਲਾਂ ਸ਼ਹਿਰ ਵਿੱਚ ਆਵਾਰਾ ਘੁੰਮ ਰਹੀ ਇੱਕ ਆਵਾਰਾ ਗਾਂ ਵਿੱਚ ਟੱਕਰ ਵੱਜਣ ਕਾਰਨ ਇੱਕ ਮੋਟਰ ਸਾਈਕਲ ਚਾਲਕ ਦੀ ਮੌਤ ਵੀ ਹੋ ਚੁੱਕੀ ਹੈ। ਪਿਛਲੇ ਕਈ ਸਾਲਾਂ ਤੋੱ ਅਜਿਹਾ ਹੀ ਚਲਦਾ ਆ ਰਿਹਾ ਸੀ ਅਤੇ ਨਗਰ ਨਿਗਮ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਆਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਸੀ ਪ੍ਰੰਤੂ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਵੱਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਇਸ ਸਮੱਸਿਆ ਦੇ ਹਲ ਲਈ ਚੁੱਕੇ ਜਾਣ ਵਾਲੇ ਕਦਮਾਂ ਤਹਿਤ ਸ਼ਹਿਰ ਵਿੱਚ ਆਪਣੇ ਪਸ਼ੂ ਚਾਰਨ ਵਾਲੇ ਲੋਕਾਂ ਨੂੰ ਮੀਟਿੰਗ ਲਈ ਸੱਦ ਕੇ ਅਜਿਹਾ ਨਾ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ ਪਰੰਤੂ ਪਸ਼ੂ ਪਾਲਕਾਂ ਦੇ ਸੰਜੀਦਾ ਨਾ ਹੋਣ ਕਾਰਨ ਇਹ ਮਸਲੇ ਦਾ ਕੋਈ ਹਲ ਨਾ ਨਿਕਲਿਆ।
ਇਸ ਤੋਂ ਬਾਅਦ ਕਮਿਸ਼ਨਰ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋੱ ਕਰਦਿਆਂ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਪਸ਼ੂਆਂ ਨੂੰ ਨਿਗਮ ਦੀ ਹੱਦ ਤੋਂ ਬਾਹਰ ਕੱਢਣ ਲਈ ਨੋਟਿਸ ਜਾਰੀ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਮਿੱਥੇ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਪਸ਼ੂ ਨਿਗਮ ਦੀ ਹੱਦ ਤੋਂ ਬਾਹਰ ਨਾ ਕੱਢੇ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਇਸ ਮੁੱਦੇ ’ਤੇ ਸਿਆਸਤ ਭਖ ਗਈ ਸੀ ਅਤੇ ਪਿਡਾਂ ਦੇ ਵਸਨੀਕਾਂ ਵੱਲੋਂ ਉਹਨਾਂ ਨੂੰ ਪਸ਼ੂ ਪਾਲਣ ਲਈ ਵੱਖਰੀ ਥਾਂ ਦੇਣ ਅਤੇ ਚੰਡੀਗੜ੍ਹ ਦੀ ਤਰਜ ਤੇ ਮਿਲਕ ਕਾਲੋਨੀ ਵਸਾਉਣ ਦੀ ਮੰਗ ਕੀਤੀ ਗਈ ਸੀ।
ਇਸ ਸਬੰਧੀ ਹਾਲਾਤ ਵਿੱਚ ਕੋਈ ਤਬਦੀਲੀ ਨਾ ਹੋਣ ਤੇ ਕਮਿਸ਼ਨਰ ਵੱਲੋਂ ਪੁਲੀਸ ਨੂੰ ਪਸ਼ੂ ਪਾਲਕਾਂ ਦੀ ਸੂਚੀ ਦੇ ਕੇ ਇਸ ਸਬੰਧੀ ਬਣਦੀ ਕਾਰਵਾਈ ਕਰਨ ਲਈ ਲਿਖਣ ਤੋਂ ਬਾਅਦ ਹੁਣ ਪੁਲੀਸ ਵੱਲੋਂ ਪਸ਼ੂ ਪਾਲਕਾਂ ਨੂੰ ਧਾਰਾ 188 ਦੇ ਤਹਿਤ ਜਮਾਨਤਾਂ ਲੈਣ ਲਈ ਕਿਹਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਪਸ਼ੂ ਪਾਲਕਾਂ ਨੇ ਇਸ ਮੁੱਦੇ ਤੇ ਨਗਰ ਨਿਗਮ ਅਤੇ ਪੁਲੀਸ ਦੇ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਮੁੱਦੇ ’ਤੇ ਸ਼ਹਿਰ ਦੇ ਕੁੱਝ ਕੌਂਸਲਰ ਵੀ ਪਸ਼ੂ ਪਾਲਕਾਂ ਦੇ ਨਾਲ ਖੜ੍ਹੇ ਦਿਖ ਰਹੇ ਹਨ ਅਤੇ ਇਸ ਮੁੱਦੇ ਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਖਣ ਦੀ ਸੰਭਾਵਨਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਘੁੰਮਦੇ ਇਨ੍ਹਾਂ ਪਸ਼ੂਆਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਇਹ ਪਸ਼ੂ ਪਾਲਕ ਸ਼ਹਿਰ ਵਿੱਚ ਜਬਰਦਸਤੀ ਆਪਣੇ ਪਸ਼ੂ ਨਹੀਂ ਚਾਰ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪਸ਼ੂ ਪਾਲਕਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਪਸ਼ੂ ਪਾਲਕ ਕੋਈ ਗੱਲ ਮੰਨਣ ਲਈ ਤਿਆਰ ਨਹੀੲ ਹੋਏ ਜਿਸ ਕਾਰਨ ਨਿਗਮ ਨੂੰ ਪਸ਼ੂ ਪਾਲਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…