nabaz-e-punjab.com

ਜਰਮਨੀ ਕੰਪਨੀ ਨੂੰ ਸੰਗਰੂਰ ਵਿੱਚ 100 ਕਰੋੜ ਦੀ ਲਾਗਤ ਨਾਲ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ

ਨਿਵੇਸ਼ ਪੰਜਾਬ ਬਿਊਰੋ ਨੂੰ ਅਜਿਹੇ 9 ਹੋਰ ਪ੍ਰਾਜੈਕਟਾਂ ਲਈ ਛੇਤੀ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਮਾਮਲਾ ਲਿਆਂਦੇ ਜਾਣ ਦੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਬਾਇਓ-ਗੈਸ ’ਤੇ ਅਧਾਰਿਤ ਸੀ.ਐਨ.ਜੀ. ਪਲਾਂਟ ਸਥਾਪਤ ਕਰਨ ਲਈ ਜਰਮਨ ਕੰਪਨੀ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ ਪਿਛਲੇ ਤਿੰਨ ਸਾਲਾਂ ਤੋਂ ਠੰਢੇ ਬਸਤੇ ਵਿੱਚ ਪਿਆ ਹੋਇਆ ਸੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਵੇਂ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਲ 2015 ਵਿੱਚ ਵਰਬੀਓ ਕੰਪਨੀ ਨਾਲ ਇਸ ਸਬੰਧੀ ਸਮਝੌਤਾ ਸਹੀਬੰਦ ਕੀਤਾ ਸੀ ਪਰ ਲੋੜੀਂਦੀ ਪ੍ਰਵਾਨਗੀਆਂ ਦੇਣ ਵਿੱਚ ਨਾਕਾਮ ਰਹੀ ਸੀ। ਇਹ ਮਾਮਲਾ ਬੀਤੀ ਸ਼ਾਮ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਇਸ ਦਾ ਫੌਰੀ ਨੋਟਿਸ ਲੈਂਦਿਆਂ ਇਸ ਨੂੰ ਅਮਲੀ ਰੂਪ ਦੇਣ ਦਾ ਫੈਸਲਾ ਲਿਆ। ਅੱਜ ਇੱਥੇ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਰਬੀਓ ਦੇ ਡਾਇਰੈਕਟਰ ਓਲੀਵਰ ਲਿਊਟਡਕੇ ਨੂੰ ਪ੍ਰਵਾਨਗੀ ਪੱਤਰ ਸੌਂਪਿਆ।
ਮੁੱਖ ਮੰਤਰੀ ਨੇ 100 ਕਰੋੜ ਦੀ ਲਾਗਤ ਨਾਲ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਬਲਾਕ ਵਿੱਚ ਪਿੰਡ ਭੱੁਟਲ ਕਲਾਂ ਵਿਖੇ ਪਲਾਂਟ ਲਾਉਣ ਦੀ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ 900 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ 9 ਪਲਾਂਟ ਸਥਾਪਤ ਕੀਤੇ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਜਿਸ ਨਾਲ ਸਿੱਧੇ ਤੌਰ ’ਤੇ 5000 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਬਿਊਰੋ ਨੂੰ ਇਨ੍ਹਾਂ 9 ਪ੍ਰਾਜੈਕਟਾਂ ਲਈ ਵੀ ਫੌਰੀ ਪ੍ਰਵਾਨਗੀਆਂ ਜਾਰੀ ਕਰਨ ਦੀ ਹਦਾਇਤ ਕੀਤੀ। ਇਹ ਪ੍ਰਾਜੈਕਟ ਵੀ ਭੁੱਟਲ ਕਲਾਂ ਵਿੱਚ ਸਥਾਪਤ ਕੀਤੇ ਜਾਣ ਵਾਲੇ ਪ੍ਰਾਜੈਕਟ ਦੇ ਆਧਾਰ ’ਤੇ ਹੋਣਗੇ। ਬੁਲਾਰੇ ਨੇ ਦੱਸਿਆ ਕਿ ਭੁੱਟਲ ਕਲਾਂ ਵਿਖੇ ਸਥਾਪਤ ਕੀਤਾ ਜਾਣ ਵਾਲਾ ਪਲਾਂਟ ਸਾਲਾਨਾ 33,000 ਕਿਲੋ ਬਾਇਓ-ਸੀ.ਐਨ.ਜੀ. ਅਤੇ 45,000 ਟਨ ਜੈਵਿਕ ਖਾਦ ਦਾ ਉਤਪਾਦਨ ਕਰੇਗਾ। ਏਨੀ ਸਮਰਥਾ ਵਾਲੇ ਬਾਕੀ 9 ਪ੍ਰਾਜੈਕਟ ਸਥਾਪਤ ਹੋਣ ਨਾਲ ਬਾਇਓ-ਸੀ.ਐਨ.ਜੀ. ਅਤੇ ਜੈਵਿਕ ਖਾਦ ਦਾ ਉਤਪਾਦਨ ਕਈ ਗੁਣਾ ਵਧ ਜਾਵੇਗਾ ਜਿਸ ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਵਿੱਚ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪ੍ਰਾਜੈਕਟ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦਾ ਲਾਹੇਵੰਦ ਭਾਅ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਬਾਇਓ-ਜੀ.ਐਨ.ਜੀ. ਅਤੇ ਹਰੀ ਖਾਦ ਲਈ ਲਗਪਗ 20 ਮਿਲੀਆ ਟਨ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਫ਼ਦ ਦੀ ਅਪੀਲ ’ਤੇ ਮੱੁਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਜੈਵਿਕ ਖਾਦ ਲਈ ਪ੍ਰਵਾਨਗੀ ਦੇਣ ਵਾਸਤੇ ਮਾਮਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਉਠਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਪਟਿਆਲਾ ਵਿੱਚ ਬਾਇਓ-ਸੀ.ਐਨ.ਜੀ. ਸਟੇਸ਼ਨ ਸਥਾਪਤ ਕਰਨ ਲਈ ਕੰਪਨੀ ਨੂੰ ਪ੍ਰਵਾਨਗੀ ਦੇਣ ਵਾਸਤੇ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਲਈ ਵੀ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੰਪਨੀ ਨੂੰ ਗੰਨੇ ਦਾ ਰਸ ਕੱਢਣ ਪਿੱਛੋਂ ਬਚਦੇ ਫੋਕ ਦੇ ਵੱਡੇ ਸਟਾਕ ਦੀ ਵਰਤੋਂ ਦੀ ਵੀ ਸੰਭਾਵਨਾ ਤਲਾਸ਼ਣ ਲਈ ਆਖਿਆ ਕਿਉਂ ਜੋ ਇਸ ਖੇਤਰ ਵਿੱਚ ਕੰਪਨੀ ਕੋਲ ਵਿਸ਼ਾਲ ਤਜਰਬਾ ਤੇ ਪਰਖੀ ਹੋਈ ਤਕਨੀਕ ਹੈ।
ਕੈਮੀਕਲ ਫਰਟੀਲਾਈਜ਼ਰ ਦੀ ਬੇਹਿਸਾਬੀ ਵਰਤੋਂ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖਾਦ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਮਿੱਟੀ ਦੀ ਗੁਣਵੱਤਾ ਤੇ ਇਸ ਦੀ ਬਣਤਰ ਵਧੇਗੀ ਬਲਕਿ ਇਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਵਧਣ ਨਾਲ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਸਹਿਕਾਰਤਾ ਵਿਭਾਗ ਨੂੰ ਹਰੀ ਖਾਦ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਸਹਿਕਾਰੀ ਸਭਾਵਾਂ ਨਾਲ ਰਾਬਤਾ ਕਾਇਮ ਕਰਨ ਲਈ ਆਖਿਆ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਨਿਵੇਸ਼ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰਿਸ਼ ਦਯਾਲਨ, ਨੈਸ਼ਨਲ ਰੇਨਫੈੱਡ ਏਰੀਆ ਅਥਾਰਟੀ (ਐਨਆਰਏਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੇ.ਐਸ. ਸਮਰਾ ਹਾਜ਼ਰ ਸਨ। ਵਫ਼ਦ ਵਿੱਚ ਪ੍ਰਾਜੈਕਟ ਡਿਵੈਲਪਰ ਐਂਡਰਸ ਰੇਮਬੋਲਡ ਅਤੇ ਪ੍ਰੋਜੈਕਟ ਮੈਨੇਜਰ ਯੁਵਰਾਜ ਵਰਮਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…