nabaz-e-punjab.com

ਦੇਸ਼ ਦੀ ਤਰੱਕੀ ਲਈ ਵੱਧਦੀ ਆਬਾਦੀ ਨੂੰ ਨੱਥ ਪਾਉਣੀ ਜ਼ਰੂਰੀ: ਬਲਬੀਰ ਸਿੱਧੂ

ਸਿਹਤ ਵਿਭਾਗ ਵੱਲੋਂ ਲਾਏ ਜ਼ਿਲ੍ਹਾ ਪੱਧਰੀ ਸਿਹਤ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੇਲੇ ਵਿੱਚ ਲਾਏ ਵੱਖ ਵੱਖ ਬਿਮਾਰੀਆਂ ਸਬੰਧੀ ਸਟਾਲਾਂ ਦਾ ਜਾਇਜ਼ਾ ਲਿਆ, ਲੋਕਾਂ ਨੂੰ ਸਫ਼ਾਈ ਪ੍ਰਤੀ ਸੁਚੇਤ ਰਹਿਣ ਦੀ ਕੀਤੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਸਿਹਤ ਵਿਭਾਗ ਵੱਲੋਂ ਪਿੰਡ ਬਲੌਂਗੀ ਵਿੱਚ ਵਿਸ਼ਵ ਆਬਾਦੀ ਦਿਵਸ ਤਹਿਤ ਮਨਾਏ ਜਾ ਰਹੇ ਆਬਾਦੀ ਸਥਿਰਤਾ ਪੰਦਰਵਾੜੇ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਮੇਲਾ ਲਾਇਆ ਗਿਆ, ਜਿਸ ਵਿੱਚ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ਵਿਚ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ, ਤੰਬਾਕੂ, ਡੇਂਗੂ, ਮਲੇਰੀਆ, ਸਵਾਈਨ ਫ਼ਲੂ, ਨਸ਼ਾਖ਼ੋਰੀ, ਮਾਨਸਿਕ ਰੋਗ ਰੋਕਥਾਮ ਸਬੰਧੀ ਵੱਖ ਵੱਖ ਸਟਾਲ ਲਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈੇ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਦੇਸ਼ ਦੀ ਤਰੱਕੀ ਵਿੱਚ ਰੋੜਾ ਹੈ ਤੇ ਲੋਕਾਂ ਨੂੰ ਖਾਸ ਕਰਕੇ ਸਲਮਜ਼ ਅਤੇ ਹੋਰਨਾਂ ਪਛੜੇ ਇਲਾਕਿਆਂ ਵਿੱਚ ਲੋਕਾਂ ਨੂੰ ਵਧਦੀ ਆਬਾਦੀ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਅਤੇ ਦੇਸ਼ ਦੀ ਤਰੱਕੀ ਦੀ ਸਿੱਖਿਆ ਹੀ ਅਹਿਮ ਸਾਧਨ ਹੈ, ਜਿਸ ਦੇ ਪਸਾਰੇ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਸਬੰਧੀ ਕਰਵਾਏ ਸਮਾਗਮ ਦੌਰਾਨ ਜੋ ਵੱਖ-ਵੱਖ ਸਟਾਲ ਲਾ ਕੇ ਵੱਖ ਵੱਖ ਬਿਮਾਰੀਆਂ ਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਡੇਂਗੂ ਸਬੰਧੀ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਅਤੇ ਹਦਾਇਤਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਅਤੇ ਅਮੀਰ ਦੋਵਾਂ ਵਰਗਾਂ ਨਾਲ ਸਬੰਧਤ ਲੋਕਾਂ ਵਿੱਚੋਂ ਕੋਈ ਵੀ ਨਸ਼ੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਜ਼ਰੂੁਰੀ ਹੈ ਕਿ ਸਮੁੱਚੇ ਸਮਾਜ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਇੱਕ ਜੁੱਟ ਹੋ ਕੇ ਕੰਮ ਕੀਤਾ ਜਾਵੇ। ਨਸ਼ਿਆਂ ਦੇ ਖ਼ਾਤਮੇ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਨਸ਼ੇ ਉੱਤੇ ਲਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਲੋਕਾਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਬਲੌਂਗੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਦਾ ਖ਼ਾਸ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਘਰਾਂ ਦੀ ਸਫਾਈ ਦੇ ਨਾਲ-ਨਾਲ ਆਲੇ ਦੁਆਲੇ ਦੀ ਸਫਾਈ ਲਾਜ਼ਮੀ ਹੈ ਤੇ ਜੇਕਰ ਸਫਾਈ ਸਬੰਧੀ ਕੋਈ ਕਰਮਚਾਰੀ ਅਣਗਹਿਲੀ ਕਰ ਰਿਹਾ ਹੈ ਤਾਂ ਉਸ ਸਬੰਧੀ ਜਾਣਕਾਰੀ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇ। ਮੇਲੇ ਦੌਰਾਨ ਲਾਏ ਸਟਾਲਾਂ ਵਿਚ ਮੈਡੀਕਲ ਅਫ਼ਸਰਾਂ ਦੇ ਨਾਲ-ਨਾਲ ਹੋਰ ਸਟਾਫ਼ ਨੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਦਿੱਤੀਆਂ ਅਤੇ ਵੱਖ ਵੱਖ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਆਦਿ ਬਾਰੇ ਵਡਮੁੱਲੀ ਜਾਣਕਾਰੀ ਦਿਤੀ ਗਈ। ਵੱਖ ਵੱਖ ਬੀਮਾਰੀਆਂ ਤੋਂ ਬਚਾਅ ਦਾ ਹੋਕਾ ਦਿੰਦੇ ਬੈਨਰ, ਪੋਸਟਰ ਆਦਿ ਥਾਂ ਥਾਂ ਲਾਏ ਗਏ ਸਨ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਐਸਐਮਓ ਘੜੂੰਆਂ ਹਸਪਤਾਲ ਡਾ. ਕੁਲਜੀਤ ਕੌਰ, ਬਲੌਂਗੀ ਕਲੋਨੀ ਦੀ ਸਰਪੰਚ ਬੀਬੀ ਭਿੰਦਰਜੀਤ ਕੌਰ, ਡਾ. ਸ਼ਿਵਾਨੀ, ਡਾ. ਦੀਪਤੀ, ਡਾ. ਪੂਜਾ ਗਰਗ, ਕੁਲਵਿੰਦਰ ਸ਼ਰਮਾ, ਕੁਲਦੀਪ ਸਿੰਘ, ਮਨਜੀਤ ਸਿੰਘ, ਬੀ. ਪ੍ਰੇਮੀ ਅਤੇ ਰਾਜਿੰਦਰ ਬਾਂਸਲ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…