nabaz-e-punjab.com

ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦੀ ਪੇ੍ਰਮਿਕਾ ਤੇ ਭੈਣ ਨੂੰ ਜੇਲ੍ਹ ਭੇਜਿਆ

ਡਿਊਟੀ ਮੈਜਿਸਟਰੇਟ ਵੱਲੋਂ ਦਿਲਪ੍ਰੀਤ ਦੇ ਸਾਥੀ ਵਿਪਨ ਠਾਕਰ ਦਾ ਦੋ ਰੋਜ਼ਾ ਪੁਲੀਸ ਰਿਮਾਂਡ

ਮੁਹਾਲੀ ਵਿੱਚ ਗਾਇਕ ਪਰਮੀਸ਼ ਵਰਮਾ ਨੂੰ ਗੈਂਗਸਟਰ ਦਿਲਪ੍ਰੀਤ ਨਹੀਂ ਬਲਕਿ ਉਸ ਦੇ ਸ਼ੂਟਰਾਂ ਨੇ ਮਾਰੀ ਸੀ ਗੋਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਪ੍ਰੇਮਿਕਾ ਰੁਪਿੰਦਰ ਕੌਰ ਵਾਸੀ ਸੈਕਟਰ-38, ਚੰਡੀਗੜ੍ਹ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਵਾਸੀ ਵਾਹਿਗੁਰੂ ਨਗਰ, ਨਵਾਂ ਸ਼ਹਿਰ ਅਤੇ ਉਸਦੇ ਸਾਥੀ ਵਿਪਨ ਕੁਮਾਰ ਠਾਕਰ ਵਾਸੀ ਮੱਖਣ ਮਾਜਰਾ (ਬੱਦੀ) ਨੂੰ ਐਤਵਾਰ ਨੂੰ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਵਿਪਨ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਬੇ ਦੀ ਪ੍ਰੇਮਿਕਾ ਅਤੇ ਉਸ ਦੀ ਛੋਟੀ ਭੈਣ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ਵਿਪਨ ਠਾਕਰ ਅਤੇ ਦੋਵੇਂ ਭੈਣਾਂ ’ਤੇ ਗੈਂਗਸਟਰ ਦਿਲਪ੍ਰੀਤ ਨੂੰ ਪਨਾਹ ਦੇਣ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਹੱਥ ਵਟਾਉਣ ਦਾ ਦੋਸ਼ ਹੈ। ਉਧਰ, ਦਿਲਪ੍ਰੀਤ ਦਾ ਇੱਕ ਹੋਰ ਸਾਥੀ ਅਰੁਣ ਕੁਮਾਰ ਉਰਫ਼ ਸੰਨ੍ਹੀ ਵਾਸੀ ਪਿੰਡ ਭਲਿਆਣ (ਰੂਪਨਗਰ) ਪੁਲੀਸ ਰਿਮਾਂਡ ’ਤੇ ਚਲ ਰਿਹਾ ਹੈ। ਉਸ ਨੂੰ ਤਿੰਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਧਰ, ਵਿਸਾਖੀ ਵਾਲੀ ਰਾਤ ਮੁਹਾਲੀ ਵਿੱਚ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਸੁਰਖ਼ੀਆ ਵਿੱਚ ਆਇਆ ਸੀ। ਬੀਤੀ 13 ਅਪਰੈਲ ਦੀ ਰਾਤ ਨੂੰ ਪਰਮੀਸ਼ ਵਰਮਾ ਨੂੰ ਕੁਝ ਵਿਅਕਤੀਆਂ ਨੇ ਰਸਤੇ ਵਿੱਚ ਘੇਰ ਕੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਸਨ। ਲੇਕਿਨ ਗਾਇਕ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ। ਹਾਲਾਂਕਿ ਅਗਲੇ ਦਿਨ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਆਪਣੀ ਫੇਸਬੁੱਕ ’ਤੇ ਗਾਇਕ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਧਮਕੀ ਦਿੱਤੀ ਸੀ ਕਿ ਉਹ ਪਰਮੀਸ਼ ਨੂੰ ਜ਼ਿਊਂਦਾ ਨਹੀਂ ਛੱਡੇਗਾ। ਇਸ ਵਾਰ ਤਾਂ ਗਾਇਕ ਬਚ ਗਿਆ ਲੇਕਿਨ ਅਗਲੀ ਵਾਰ ਨਹੀਂ ਬਚੇਗਾ। ਲੇਕਿਨ ਹੁਣ ਕੁਝ ਹੋਰ ਵੀ ਸੱਚ ਸਾਹਮਣੇ ਆਇਆ ਹੈ। ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਗਾਇਕ ਪਰਮੀਸ਼ ਵਰਮਾ ’ਤੇ ਗੋਲੀਆਂ ਦਿਲਪ੍ਰੀਤ ਨੇ ਨਹੀਂ ਬਲਕਿ ਉਸ ਦੇ ਸ਼ੂਟਰਾਂ ਲੱਕੀ ਅਤੇ ਚੱਢਾ ਨੇ ਚਲਾਈਆਂ ਸਨ। ਇਹ ਗੱਲ ਹਾਲ ਹੀ ਵਿੱਚ ਗੈਂਗਸਟਰ ਦਿਲਪ੍ਰੀਤ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ। ਪੁਲੀਸ ਨੇ ਹੁਣ ਲੱਕੀ ਅਤੇ ਚੱਢਾ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਮੀਸ਼ ’ਤੇ ਹਮਲੇ ਤੋਂ ਬਾਅਦ ਦਿਲਪ੍ਰੀਤ ਦੇ ਬੰਦਿਆਂ ਨੇ 20 ਲੱਖ ਰੁਪਏ ਦੀ ਫਿਰੌਤੀ ਲਈ ਸੀ। ਜਿਸ ’ਚੋਂ 10 ਲੱਖ ਦਿਲਪ੍ਰੀਤ ਨੂੰ ਦਿੱਤੇ ਗਏ ਸੀ ਅਤੇ 10 ਲੱਖ ਲੱਕੀ ਲੈ ਗਿਆ ਸੀ।
ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਪਨ ਠਾਕਰ ਐਮਬੀਏ ਪਾਸ ਹੈ ਅਤੇ ਹਿਮਚਾਲ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਰੂਪਨਗਰ ਜੇਲ੍ਹ ਵਿੱਚ ਬੰਦ ਦਿਲਪ੍ਰੀਤ ਦੇ ਪੁਰਾਣੇ ਸਾਥੀ ਗੱਗੂ ਨੇ ਵਿਪਨ ਦੀ ਮੁਲਾਕਾਤ ਬਾਬੇ ਨਾਲ ਕਰਵਾਈ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਵਿਪਨ ਠਾਕਰ ਗੈਂਗਸਟਰ ਦਿਲਪ੍ਰੀਤ ਨਾਲ ਮਿਲ ਕੇ ਉੱਘੇ ਕਾਰੋਬਾਰੀਆਂ ਨੂੰ ਬਾਬੇ ਦੇ ਨਾਂ ’ਤੇ ਡਰਾ ਧਮਕਾ ਕੇ ਫਿਰੌਤੀਆਂ ਮੰਗਦਾ ਸੀ ਅਤੇ ਵੱਡੇ ਲੋਕਾਂ ਤੋਂ ਵਸੂਲੀ ਦੀ ਰਾਸ਼ੀ ਦਿਲਪ੍ਰੀਤ ਨੂੰ ਦਿੱਤੀ ਜਾਂਦੀ ਸੀ ਪਰ ਉਸ ’ਚੋਂ ਵਿਪਨ ਨੂੰ ਵੀ ਕਮਿਸ਼ਨ ਮਿਲਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਾਕੀ ਵਿਅਕਤੀਆਂ ਦੀ ਪੈੜ ਨੱਪੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਗੈਂਗਸਟਰ ਦਿਲਪ੍ਰੀਤ ਦਾ ਸਾਰਾ ਨੈਟਵਰਕ ਤੋੜ ਕੇ ਦਮ ਲਵੇਗੀ। ਇਸ ਮਾਮਲੇ ਵਿੱਚ ਹੋਰਨਾਂ ਸ਼ੱਕੀ ਵਿਅਕਤੀਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਪੁਲੀਸ ਅਨੁਸਾਰ ਵਿਪਨ ਠਾਕਰ, ਗੈਂਗਸਟਰ ਦਿਲਪ੍ਰੀਤ ਦਾ ਰਾਈਟ ਹੈਂਡ ਸੀ ਅਤੇ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਉਨ੍ਹਾਂ ਦੀ ਕਾਫੀ ਦਹਿਸ਼ਤ ਸੀ। ਜਿਸ ਕਾਰਨ ਪੀੜਤ ਲੋਕ ਡਰਦੇ ਮਾਰੇ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੇ ਸੀ। ਇਹੀ ਨਹੀਂ ਪੀੜਤ ਵਿਅਕਤੀਆਂ ਦੇ ਮਨਾਂ ਵਿੱਚ ਹਾਲੇ ਵੀ ਮੁਲਜ਼ਮਾਂ ਦਾ ਬਹੁਤ ਖੌਫ਼ ਹੈ। ਹਾਲਾਂਕਿ ਗੈਂਗਸਟਰ ਬਾਬਾ ਅਤੇ ਉਸ ਦੇ ਕਈ ਸਾਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਲੇਕਿਨ ਅਜੇ ਵੀ ਪੀੜਤ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਘਬਰਾ ਰਹੇ ਹਨ ਕਿਉਂਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਮਨਾਂ ਵਿੱਚ ਇਹ ਡਰ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …