nabaz-e-punjab.com

ਯੂਨਾਈਟਿਡ ਸਿੱਖ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਯਾਤਰੀ ਨਿਵਾਸ ਦਾ ਜਾਇਜ਼ਾ

ਇੱਕ ਕਮਰੇ ’ਚੋਂ ਸਾਬਕਾ ਮੁੱਖ ਮੰਤਰੀ ਬਾਦਲ ਦੇ ਸੁਰੱਖਿਆ ਅਫ਼ਸਰ ਦੇ ਨਾਂ ਜਾਰੀ ਸਰਕਾਰੀ ਪੱਤਰ ਮਿਲਿਆ
ਯਾਤਰੀ ਨਿਵਾਸ ਦੇ ਕਈ ਕਮਰਿਆਂ ਨੂੰ ਜਿੰਦਰੇ ਲੱਗੇ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗੰਨਮੈਨਾਂ ਨੇ ਸੱਤਾ ਖੁੱਸਣ ਤੋਂ ਬਾਅਦ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਯਾਤਰੀ ਨਿਵਾਸ ਦੇ ਕਈ ਕਮਰਿਆਂ ’ਤੇ ਮੱਲ ਮਾਰਨ ਸਬੰਧੀ ਬੀਤੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਅਤੇ ਨਬਜ਼-ਏ-ਪੰਜਾਬ ਡਾਟ ਕਾਮ ਆਨਲਾਈਨ ਅਖ਼ਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੁਰਾ ਅਤੇ ਹੋਰਨਾਂ ਆਗੂਆਂ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਯਾਤਰੀ ਨਿਵਾਸ ਦਾ ਜਾਇਜ਼ਾ ਲਿਆ। ਹਾਲਾਂਕਿ ਪਹਿਲਾਂ ਸਿੱਖ ਜਥੇਬੰਦੀ ਦੇ ਸਥਾਨਕ ਮੈਂਬਰਾਂ ਨੇ ਮੈਨੇਜਰ ਅਤੇ ਸਟਾਫ਼ ਨਾਲ ਮੁਲਾਕਾਤ ਕਰਕੇ ਗੰਨਮੈਨਾਂ ਨੂੰ ਕਮਰੇ ਦੇਣ ਬਾਰੇ ਜਾਣਕਾਰੀ ਮੰਗੀ ਗਈ।
ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਮੈਨੇਜਰ ਕਾਫੀ ਦੇਰ ਤੱਕ ਟਾਲਾ ਵੱਟਦਾ ਰਿਹਾ ਅਤੇ ਕਦੇ ਉਨ੍ਹਾਂ ਨੂੰ ਦੁੱਧ ਪਿਲਾਉਣ ਅਤੇ ਹੋਰ ਗੱਲੀਬਾਤੀਂ ਸਮਝਾਉਣ ਦਾ ਯਤਨ ਕਰਦੇ ਰਹੇ ਪ੍ਰੰਤੂ ਜਦੋਂ ਕੋਈ ਗੱਲ ਬਣਦੀ ਨਹੀਂ ਦਿਸੀ ਤਾਂ ਸੰਸਥਾ ਦਾ ਪ੍ਰਧਾਨ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਖ਼ੁਦ ਗੁਰਦੁਆਰਾ ਸਾਹਿਬ ਪਹੁੰਚ ਗਿਆ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਨੇ ਮੀਡੀਆ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਨਾਲ ਲੈ ਕੇ ਯਾਤਰੀ ਨਿਵਾਸ ਦੇ ਕਮਰਿਆਂ ਦੀ ਚੈਕਿੰਗ ਕੀਤੀ ਗਈ। ਕਈ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਮਿਲੇ। ਇਸ ਦੌਰਾਨ ਇੱਕ ਕਮਰੇ ਦੀ ਚੈਕਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਸੁਰੱਖਿਆ ਅਫ਼ਸਰ ਦੇ ਨਾਂ ਜਾਰੀ ਹੋਇਆ ਸਰਕਾਰੀ ਪੱਤਰ ਵੀ ਮਿਲਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਿਪਾਹੀ ਸ਼ਿਵਰੂਪ ਸਿੰਘ ਨੂੰ ਮੁੱਖ ਸਿਪਾਹੀ ਨਿਸ਼ਾਨ ਸਿੰਘ ਦੀ ਥਾਂ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੈਮਰ ਕਾਰ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਪੱਤਰ ਦਾ ਉਤਾਰਾ ਏਡੀਜੀਪੀ ਐਸਓਜੀ\ਕਮਾਂਡੋਜ ਅਤੇ 13ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ ਨੂੰ ਵੀ ਭੇਜਿਆ ਗਿਆ ਹੈ। ਇਸ ਲਿਫ਼ਾਫ਼ੇ ਵਿੱਚ ਇੱਕ ਹੋਰ ਵੀ ਮਿਲਿਆ ਹੈ, ਜਿਸ ਵਿੱਚ ਇੱਕ ਅਧਿਕਾਰੀ ਨੂੰ ਸਰਵਿਸ ਰਿਕਾਰਡ ਦਰੁਸਤ ਕਰਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ।
ਉਧਰ, ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਇੱਕ ਹੱਥ ਲਿਖਤ ਪੱਤਰ ਸੌਂਪਦਿਆਂ ਕਿਹਾ ਕਿ ਇੱਥੇ ਇੱਕ ਸਿਆਸੀ ਪਾਰਟੀ ਦੇ ਆਗੂਆਂ ਦੇ ਗੰਨਮੈਨ ਕਈ ਮਹੀਨਿਆਂ ਤੋਂ ਪੱਕੇ ਤੌਰ ’ਤੇ ਰਹਿ ਰਹੇ ਹਨ, ਜੋ ਕਿ ਸਿੱਖ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਗੰਨਮੈਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ ਅਤੇ ਕਮਰਿਆਂ ਨੂੰ ਸੰਗਤ ਦੀ ਰਿਹਾਇਸ਼ ਲਈ ਖੋਲ੍ਹਿਆ ਜਾਵੇ। ਪ੍ਰਧਾਨ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਗੁਰਦੁਆਰੇ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਸੰਸਥਾ ਦੇ ਮੈਂਬਰ ਕਰਮਜੀਤ ਸਿੰਘ, ਜਗਦੀਪ ਸਿੰਘ, ਹਰਚੰਦ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ ਅਤੇ ਅਮਰਿੰਦਰ ਸਿੰਘ ਵੀ ਹਾਜ਼ਰ ਸਨ।
ਉਧਰ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਨੇ ਸੰਸਥਾ ਦੇ ਮੈਂਬਰਾਂ ਨੂੰ ਦੱਸਿਆ ਕਿ ਗੰਨਮੈਨ ਕਦੇ ਕਦਾਈ ਹੀ ਗੁਰਦੁਆਰਾ ਸਾਹਿਬ ਵਿੱਚ ਰਹਿਣ ਲਈ ਆਉਂਦੇ ਹਨ ਪ੍ਰੰਤੂ ਕਿਸੇ ਗੰਨਮੈਨ ਨੂੰ ਪੱਕੇ ਤੌਰ ’ਤੇ ਕੋਈ ਕਮਰਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਮੀਡੀਆ ਨੂੰ ਵੀ ਇਹੀ ਬਿਆਨ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…