nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਵਿੱਚ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਤੋਂ ਕੀਤੀ ਲੰਮੀ ਪੁੱਛਗਿੱਛ

ਆਖ਼ਰਕਾਰ ਗੈਂਗਸਟਰ ਦਿਲਪ੍ਰੀਤ ਵੱਲੋਂ ਗਾਇਕ ਪਰਮੀਸ਼ ਵਰਮਾ ਤੋਂ 20 ਲੱਖ ਫਿਰੌਤੀ ਲੈਣ ਦੇਣ ਦਾ ਸੱਚ ਆਇਆ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਮੁਹਾਲੀ ਪੁਲੀਸ ਵੱਲੋਂ ਉੱਘੇ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫਿਸ ਵਿੱਚ ਵੱਖ ਵੱਖ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਨੇ ਗਾਇਕ ਤੋਂ 20 ਲੱਖ ਰੁਪਏ ਫਿਰੌਤੀ ਲਈ ਸੀ ਅਤੇ ਗਾਇਕ ਨੇ ਰੰਗਦਾਰੀ ਦਿੱਤੀ ਸੀ। ਇਸ ਗੱਲ ਦੀ ਪੁਸ਼ਟੀ ਜਾਂਚ ਅਧਿਕਾਰੀ ਡੀਐਸਪੀ (ਡੀ) ਕੰਵਲਜੀਤ ਸਿੰਘ ਚਾਹਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਫਿਰੌਤੀ ਲੈਣ ਦੇਣ ਬਾਰੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਜਾ ਰਿਹਾ ਸੀ।
ਫਿਰੌਤੀ ਲੈਣ ਦੇਣ ਦੀ ਪੁਸ਼ਟੀ ਹੋਣ ਤੋਂ ਬਾਅਦ ਗਾਇਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਗਾਇਕ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਪੁਲੀਸ ਤੋਂ ਸੁਰੱਖਿਆ ਛੱਤਰੀ ਲੈ ਲਈ ਸੀ ਤਾਂ ਫਿਰ ਗੈਂਗਸਟਰ ਦੇ ਬੰਦਿਆਂ ਨੂੰ ਫਿਰੌਤੀ ਦੀ ਰਕਮ ਦੇਣ ਦੀ ਕੀ ਲੋੜ ਸੀ। ਇਹੀ ਨਹੀਂ ਗਾਇਕ ਨੇ ਪੁਲੀਸ ਤੋਂ ਇਹ ਗੱਲ ਪੂਰੀ ਤਰ੍ਹਾਂ ਛੁਪਾ ਕੇ ਰੱਖੀ। ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਫਿਰੌਤੀ ਲੈਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਗਾਇਕ ਪਰਮੀਸ਼ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸਨਿੱਚਰਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਦਿਲਪ੍ਰੀਤ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ’ਚੋਂ ਸੀਆਈਏ ਸਟਾਫ਼ ਲਿਆ ਕੇ ਲੰਮੀ ਪੁੱਛਗਿੱਛ ਕੀਤੀ ਗਈ ਹੈ। ਇਹ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ। ਇਸ ਮਗਰੋਂ ਮੁਲਜ਼ਮ ਦਿਲਪ੍ਰੀਤ ਨੂੰ ਵਾਪਸ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਇੱਥੇ ਉਹ ਐਮਰਜੈਂਸੀ ਬਲਾਕ ਦੀ ਪਹਿਲੀ ਮੰਜ਼ਲ ’ਤੇ ਦਾਖ਼ਲ ਹੈ। ਐਮਰਜੈਂਸੀ ਵਾਰਡ ਦੇ ਬਾਹਰ ਹਥਿਆਰਬੰਦ ਪੁਲੀਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁੱਛਗਿੱਛ ਤੋਂ ਬਿਨਾਂ ਕਿਸੇ ਨੂੰ ਵੀ ਵਾਰਡ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
(ਬਾਕਸ ਆਈਟਮ)
ਗੈਂਗਸਟਰ ਦਿਲਪ੍ਰੀਤ ਦਾ ਪੁਰਾਣਾ ਸਾਥੀ ਹਰਵਿੰਦਰ ਸਿੰਘ ਉਰਫ਼ ਰਿੰਦਾ ਮਹਾਰਾਸਟਰ ਦੇ ਨਾਂਦੇੜ ਇਲਾਕੇ ਵਿੱਚ ਕਾਫੀ ਸਰਗਰਮ ਹੈ ਪ੍ਰੰਤੂ ਹੁਣ ਉਨ੍ਹਾਂ ਦੀ ਆਪਸ ਵਿੱਚ ਅਣਬਣ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਹਰਵਿੰਦਰ ਖਾੜਕੂ ਜਥੇਬੰਦੀ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਹੈ। ਉਹ ਪੰਜ ਸਾਲ ਪਹਿਲਾਂ ਹੀ ਖਾੜਕੂ ਨਾਲ ਜੁੜਿਆ ਹੈ। ਜਦੋਂ ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦਾ ਸੰਪਰਕ ਜੇਲ੍ਹ ਸਜ਼ਾ ਕੱਟ ਰਹੇ ਖਾਲਿਸਤਾਨੀ ਪੱਖੀ ਲੋਕਾਂ ਨਾਲ ਹੋਇਆ ਸੀ। ਜੇਲ੍ਹ ’ਚੋਂ ਬਾਹਰ ਆਉਣ ’ਤੇ ਰਿੰਦਾ ਨੂੰ ਪਾਕਿਸਤਾਨ ਦਾ ਸਿੰਮ ਵੀ ਦਿੱਤਾ ਗਿਆ ਸੀ। ਇਸ ਮਗਰੋਂ ਰਿੰਦਾ ਨੇ ਪਾਕਿਸਤਾਨ ਵਿੱਚ ਬੈਠੇ ਅਤਿਵਾਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਲੇਕਿਨ ਉਸ ਨੇ ਦਿਲਚਸਪੀ ਨਹੀਂ ਦਿਖਾਈ।
(ਬਾਕਸ ਆਈਟਮ)
ਉਧਰ, ਨੈਣਾਂ ਦੇਵੀ ਕਾਂਡ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਦੋ ਮੁਲਜ਼ਮਾਂ ਗੋਲਡੀ ਮਸੀਹ ਅਤੇ ਅਮਰਪ੍ਰੀਤ ਸਿੰਘ ਅਤੇ ਪਹਿਲਾਂ ਤੋਂ ਪੁਲੀਸ ਰਿਮਾਂਡ ’ਤੇ ਚਲ ਰਹੇ ਦੋ ਮੁਲਜ਼ਮਾਂ ਜਸਵੀਰ ਸਿੰਘ ਉਰਫ਼ ਸੰਜੂ ਅਤੇ ਵਰੁਣ ਸੂਦ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ। ਚਾਰੇ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ। ਡੀਐਸਪੀ (ਡੀ) ਕੰਵਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਇਹ ਪਤਾ ਕਰਨ ਵਿੱਚ ਜੁੱਟੀ ਹੋਈ ਹੈ ਕਿ ਮੁਲਜ਼ਮਾਂ ਨੇ ਅਸਲਾ ਕਿੱਥੋਂ ਲਿਆਂਦਾ ਸੀ। ਤਾਂ ਜੋ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਅਸਲਾ ਉਨ੍ਹਾਂ ਦੇ ਅਪਰਾਧਿਕ ਬਿਰਤੀ ਵਾਲੇ ਦੋਸਤਾਂ ਨੇ ਮੁਹੱਈਆ ਕਰਵਾਇਆ ਸੀ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…