nabaz-e-punjab.com

ਅਕਾਲੀ ਦਲ ਤੇ ਭਾਜਪਾ ਕੋਲ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਵਾਉਣ ਦਾ ਵਧੀਆ ਮੌਕਾ: ਬਡਹੇੜੀ

ਜੇਕਰ ਹੁਣ ਵੇਲਾ ਖੁੰਝ ਗਿਆ ਤਾਂ ਫਿਰ ਕਦੇ ਵੀ ਅਜਿਹਾ ਸੁਨਹਿਰੀ ਮੌਕਾ ਹੱਥ ਨਹੀਂ ਆਉਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੜੀ ਨੇ ਕਿਹਾ ਹੈ ਕਿ ਜੇਕਰ ਬਾਦਲ ਅਤੇ ਭਾਜਪਾ ਦੀ ਪੰਜਾਬ ਅਤੇ ਚੰਡੀਗੜ੍ਹ ਇਕਾਈ ਹੁਣ ਵੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਨਾ ਕਰਵਾਉਣ ਤਾਂ ਫਿਰ ਚੰਡੀਗੜ੍ਹ ਸਦਾ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਹੀ ਰਹੇਗਾ ਕਿਉਂਕਿ ਇਹ ਸੁਨਹਿਰੀ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਵਾਉਣ ਲਈ ਸੰਘਰਸ਼ ਕਰਦਾ ਰਿਹਾ ਹੈ ਦੀ ਭਾਈਵਾਲ ਪਾਰਟੀ ਭਾਜਪਾ ਕੇਂਦਰੀ ਸਰਕਾਰ ਚਲਾ ਰਹੀ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਮੰਤਰੀ ਹੈ, ਦੂਜੇ ਪਾਸੇ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਜਿਸ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਪੰਜਾਬੀ ਹਨ ਤੀਸਰਾ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਬੀਬੀ ਕਿਰਨ ਖੇਰ ਵੀ ਪੰਜਾਬੀ ਹੈ ਜੋ ਭਾਜਪਾ ਨਾਲ ਸਬੰਧਤ ਹੈ ਚੰਡੀਗੜ੍ਹ ਦੇ ਸਾਰੇ ਸਾਬਕਾ ਲੋਕ ਸਭਾ ਮੈਂਬਰ ਜਿਵੇਂ ਪਵਨ ਕੁਮਾਰ ਬਾਂਸਲ, ਹਰਮੋਹਣ ਧਵਨ, ਸੱਤਿਆਪਾਲ ਜੈਨ ਵੀ ਪੰਜਾਬੀ ਹਨ। ਇਸ ਤੋਂ ਅੱਗੇ ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਜਿਸ ਦੀ ਮੁੱਖ ਮੰਤਰੀ ਵਿਜੇ ਰਾਜੇ ਸਿੰਧੀਆ ਪੰਜਾਬੀ ਜੱਟ ਪਰਿਵਾਰ ਦੀ ਨੂੰਹ ਹੈ। ਇਹ ਵੀ ਇਤਫਾਕ ਦੀ ਗੱਲ ਹੈ।
ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੇ ਸਹੀ ਮੌਕੇ ‘ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਤੇ ਜ਼ੋਰ ਦਿੱਤਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਪੱਕੀ ਰਾਜਧਾਨੀ ਹੈ ਨੂੰ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇ। ਇਹ ਸਮਾਂ ਬਹਤ ਹੀ ਢੁਕਵਾਂ ਹੈਂ ਇੱਥੇ ਇਹ ਵਰਨਣਯੋਗ ਹੈ ਕਿ ਚੰਡੀਗੜ੍ਹ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਨ ਤੋਂ ਬਾਅਦ ਭਾਵ 1966 ਤੋਂ ਲੈ ਕੇ ਜਿਹੜੇ ਵੀ ਲੋਕ ਸਭਾ ਦੇ ਮੈਂਬਰ ਬਣੇ ਸਾਰੇ ਪੰਜਾਬੀ ਅਤੇ ਪੰਜਾਬ ਨਾਲ ਸਬੰਧਤ ਰਹੇ ਹਨ ਜਿਵੇਂ ਸ੍ਰੀ ਚੰਦ ਗੋਇਲ, ਸ੍ਰੀ ਅਮਰ ਨਾਥ ਵਿੱਦਿਆ ਅਲੰਕਾਰ, ਕ੍ਰਿਸ਼ਨ ਕਾਂਤ, ਜਗਨ ਨਾਥ ਕੌਸ਼ਲ ਦੋ ਰਾਜ ਸਭਾ ਮੈਂਬਰ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਵਿਨੋਦ ਸ਼ਰਮਾ ਜੋ ਬਨੂੜ ਤੋਂ ਵਿਧਾਇਕ ਰਹੇ ਫਿਰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਕੇਂਦਰੀ ਮੰਤਰੀ ਵੀ ਬਣੇ ਅਤੇ ਪਵਨ ਕੁਮਾਰ ਬਾਂਸਲ ਜੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸਮੇਂ ਰਾਜ ਸਭਾ ਮੈਂਬਰ ਬਣ ਕੇ ਬਾਅਦ ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਬਣ ਕੇ ਕੇਂਦਰੀ ਰੇਲ ਮੰਤਰੀ ਰਹੇ।
ਇਸ ਤੋਂ ਇਲਾਵਾ ਅੱਜ ਤੱਕ ਜਿਹੜੇ ਵੀ ਚੰਡੀਗੜ੍ਹ ਦੀਆਂ ਸਿਆਸੀ ਪਾਰਟੀਆਂ ਦੇ ਖੇਤਰੀ ਇਕਾਈ ਪ੍ਰਧਾਨ ਬਣੇ ਅਤੇ ਅੱਜ ਵੀ ਪ੍ਰਧਾਨ ਹਨ ਸਾਰੇ ਪੰਜਾਬੀ ਅਤੇ ਪੰਜਾਬ ਨਾਲ ਸਬੰਧਤ ਹਨ ਜਿਵੇਂ ਪੰਡਿਤ ਕੇਦਾਰ ਨਾਥ ਸ਼ਰਮਾ ਕਾਂਗਰਸ, ਚੌਧਰੀ ਭੂਪਾਲ ਸਿੰਘ ਬੁੜੈਲ ਕਾਂਗਰਸ, ਸ੍ਰੀ ਰਾਮ ਸਵਰੂਪ ਸ਼ਰਮਾ ਭਾਜਪਾ, ਸ੍ਰੀ ਹਰਮੋਹਣ ਧਵਨ ਜਨਤਾ ਦਲ, ਪੰਡਿਤ ਦੌਲਤ ਰਾਮ ਸ਼ਰਮਾ ਕਾਂਗਰਸ, ਵਿਨੋਦ ਸ਼ਰਮਾ ਕਾਂਗਰਸ, ਭਾਰਤ ਭੂਸ਼ਨ ਬਹਿਲ ਕਾਂਗਰਸ, ਪਰਦੀਪ ਛਾਬੜਾ, ਮਾਤਾ ਰਾਮ ਧੀਮਾਨ ਬਸਪਾ, ਜਗੀਰ ਸਿੰਘ ਬਸਪਾ, ਧਰਮਪਾਲ ਗੁਪਤਾ ਭਾਜਪਾ, ਗਿਆਨ ਚੰਦ ਗੁਪਤਾ ਭਾਜਪਾ ਜੋ ਬਾਅਦ ਵਿੱਚ ਪੰਚਕੂਲਾ ਜਾ ਕੇ ਵਿਧਾਇਕ ਬਣੇ, ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਹੁਣ ਤੱਕ ਦੇ ਸਾਰੇ ਹੀ ਪ੍ਰਧਾਨ ਪੰਜਾਬੀ।
ਸ੍ਰੀ ਬਡਹੇੜੀ ਨੇ ਆਖਿਆ ਕਿ ਇਸ ਲਈ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਤੱਥਾਂ ਅਤੇ ਹਾਲਾਤ ਮੁਤਾਬਿਕ ਇਹ ਸਮਾਂ ਬਿਲਕੁਲ ਢੁੱਕਵਾਂ ਹੈ ਹੁਣ ਸ਼ਰੋਮਣੀ ਅਕਾਲੀ ਦਲ ਜੋ ਬਾਦਲ ਦਲ ਨਾਲ ਜਾਣਿਆ ਜਾਂਦਾ ਹੈ ਅਤੇ ਭਾਜਪਾ ਜਿਸ ਦਾ ਬਾਦਲ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ ਇੱਕ ਦੂਜੇ ਨਾਲ ਪਤੀ ਪਤਨੀ ਦੀ ਸਾਂਝ ਅਤੇ ਨਹੁੰ ਮਾਸ ਦਾ ਰਿਸ਼ਤਾ ਮੰਨਦੇ ਹਨ ਬਿਨਾ ਕਿਸੇ ਹੀਲ ਹੁੱਜਤ ਅਤੇ ਬਿਨਾਂ ਕਿਸੇ ਸਿਆਸੀ ਵਿਰੋਧ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਦੇ ਸਮਰੱਥ ਹਨ। ਉਹਨਾਂ ਆਖਿਆ ਕਿ ਬਾਦਲ ਦਲ ਨੂੰ ਹੁਣ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ ਚੰਡੀਗੜ੍ਹੀਆਂ ਦੀ ਪੰਜਾਬੀ ਭਾਸ਼ਾ ਦੀ ਅਣਦੇਖੀ ਦਾ ਮਸਲਾ ਵੀ ਹੱਲ ਹੋ ਜਾਵੇਗਾ।
ਸ੍ਰੀ ਬਡਹੇੜੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਜਪਾ ਨੂੰ ਸ਼ਰੋਮਣੀ ਅਕਾਲੀ ਦਲ ਦੀ ਸਿੱਖ ਵੋਟਾਂ ਦੀ ਲੋੜ ਹੈ ਇਸ ਜੇਕਰ ਬਾਦਲ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਥੋੜ੍ਹਾ ਜਿਹਾ ਦਬਾਅ ਬਣਾ ਕੇ ਗੰਭੀਰ ਹੋ ਕੇ ਗੱਲਬਾਤ ਕਰਨ ਨਰਿੰਦਰ ਮੋਦੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦਾ ਇਤਿਹਾਸਕ ਕਰ ਸਕਦੀ ਹੈ ਜੇ ਕਰ ਹੁਣ ਭਾਜਪਾ ਦੀ ਪੰਜਾਬ ਚੰਡੀਗੜ੍ਹ ਇਕਾਈਆਂ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਨਾ ਕਰਵਾ ਸਕੇ ਤਾਂ ਸਦਾ ਲਈ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣ ਜਾਵੇਗਾ ਇਸ ਨੁਕਸਾਨ ਦੇ ਜ਼ਿੰਮੇਵਾਰ ਬਾਦਲ ਅਕਾਲੀ ਦਲ ਅਤੇ ਭਾਜਪਾ ਹੋਣਗੇ।
ਇਹ ਪਹਿਲਾਂ ਦੋ ਵਾਰ ਹੋ ਚੁੱਕਿਆ ਹੈ ਜਦੋਂ 1982-83 ਵਿੱਚ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਹੁੰਦੇ ਪਰਕਾਸ਼ ਸਿੰਘ ਬਾਦਲ,ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਚੌਧਰੀ ਭਜਨ ਲਾਲ ਦੀ ਸੌੜੀ ਸੋਚ ਕਾਰਨ ਰੁਕ ਗਏ ਉਸ ਵਕਤ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਰਵੀਇੰਦਰ ਸਿੰਘ ਕ੍ਰਮਵਾਰ ਇੰਦਰਾ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲ ਕੇ ਫੈਸਲੇ ਦਾ ਐਲਾਨ ਕਰਵਾਉਣ ਤੱਕ ਸਫਲਤਾ ਪ੍ਰਾਪਤ ਕਰ ਚੁੱਕੇ ਸਨ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਸਾਰੀ ਯੋਜਨਾ ਭਜਨ ਲਾਲ ਨੂੰ ਦੱਸ ਦਿੱਤੀ, ਦੂਜੀ ਵਾਰ ਜਦੋਂ ਰਾਜੀਵ ਲੌਂਗੋਵਾਲ ਸਮਝੌਤੇ ਉਪਰੰਤ ਸ੍ਰ. ਬਰਨਾਲਾ ਮੁੱਖ ਮੰਤਰੀ ਬਣੇ 25-26 ਜਨਵਰੀ 1986 ਦੀ ਰਾਤ ਜਦੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਨੂੰ ਅਮਲੀ ਰੂਪ ਦੇਣਾ ਸੀ ਤਾਂ ਬਰਨਾਲਾ ਨਾ ਤਾਂ ਰਾਜੀਵ ਗਾਂਧੀ ਨਾਲ ਦੋ ਟੁੱਕ ਗੱਲ ਕਰ ਸਕੇ ਅਤੇ ਨਾ ਹੀ ਮੁੱਖ ਮੰਤਰੀ ਦੀ ਕੁਰਸੀ ਤਿਆਗ ਸਕੇ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ, ਰਵੀਇੰਦਰ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ, ਬਲਵੰਤ ਸਿੰਘ ਖਜ਼ਾਨਾ ਮੰਤਰੀ ਸਾਰੀ ਅਕਾਲੀ ਦਲ ਲੀਡਰਸ਼ਿਪ ਨੇ ਬਰਨਾਲਾ ਨੂੰ ਸਲਾਹ ਦਿੱਤੀ ਕਿ ਜੇਕਰ ਸਮਝੌਤੇ ਮੁਤਾਬਕ ਅੱਜ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਤਾਂ ਮੁੱਖ ਮੰਤਰੀ ਪੱਦ ਤੋਂ ਅਸਤੀਫ਼ਾ ਦੇ ਦੇਣ।
ਸ੍ਰੀ ਬਡਹੇੜੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਰਾਸ਼ਟਰਪਤੀ ਲਵਾ ਕੇ ਦੁਬਾਰਾ ਚੋਣ ਜਿੱਤ ਕੇ ਕੇਂਦਰ ਸਰਕਾਰ ਨਾਲ ਹੱਕਾਂ ਲਈ ਟੱਕਰ ਲੈਣ ਦੇ ਸਮਰੱਥ ਹੈ ਪਰ ਬਰਨਾਲਾ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਆਨਾ ਕਾਨੀ ਕਰ ਗਏ ਸਨ ਚੰਡੀਗੜ੍ਹ ਦਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਹੁਣ ਇਸ ਸੁਨਹਿਰੀ ਮੌਕਾ ਹੈ ਇਸ ਕਾਰਜ ਲਈ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਆਪਣੀ ਪਾਰਟੀ ਦੀ ਹਾਈ ਕਮਾਂਡ ’ਤੇ ਦਬਾਅ ਪਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਕੰਮ ਨੇਪਰੇ ਚਾੜ੍ਹਿਆ ਜਾ ਸਕੇ ਜੋ ਪੰਜਾਹ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ‘ਖਿੜਿਆ ਫੁੱਲ ਗੁਲਾਬ ਚੰਡੀਗੜ੍ਹ ਪੰਜਾਬ ਦਾ’ ਦਾ ਨਾਅਰਾ ਬੁਲੰਦ ਕੀਤਾ ਸੀ ਅਤੇ ਸੰਘਰਸ਼ ਸ਼ੁਰੂ ਕੀਤਾ ਸੀ, ਉਹ ਸੁਪਨਾ ਹਕੀਕਤ ਵਿੱਚ ਬਦਲ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…