nabaz-e-punjab.com

ਪਰਾਲੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਡੇਰਾਬਸੀ ਖੇਤਰ ਵਿੱਚ ਲੱਗੇਗਾ ਬਾਇਓ ਸੀਐਨਜੀ ਪਲਾਂਟ: ਡੀਸੀ

ਮਹਿੰਦਰਾ ਐਂਡ ਮਹਿੰਦਰਾ ਗਰੁੱਪ ਨੂੰ ਪਲਾਂਟ ਲਗਾਉਣ ਲਈ ਸੂਬਾ ਸਰਕਾਰ ਮੁਹੱਈਆ ਕਰਵਾਏਗੀ ਲੋੜੀਂਦੀ ਜ਼ਮੀਨ

ਖੇਤੀਬਾੜੀ ਦੀ ਰਹਿੰਦ-ਖਹੂੰਦ ਤੋਂ ਤਿਆਰ ਕੀਤੀ ਜਾਵੇਗੀ ਸੀਐਨਜੀ, ਕਿਸਾਨਾਂ ਦੀ ਆਮਦਨ ’ਚ ਹੋਵੇਗਾ ਚੌਖਾ ਵਾਧਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਫਸਲਾਂ ਦੀ ਰਹਿੰਦ-ਖਹੂੰਦ ਅਤੇ ਮੁੱਖ ਤੌਰ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦੇ ਪੱਕੇ ਹੱਲ ਲਈ ਉੱਘੇ ਸਨਅਤੀ ਘਰਾਣੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਵੱਲੋਂ ਡੇਰਾਬਸੀ ਇਲਾਕੇ ਵਿੱਚ ਬਾਇਓ ਸੀਐਨਜੀ ਪਲਾਂਟ ਲਗਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਲੋੜੀਂਦੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਪਲਾਂਟ ਵਿੱਚ ਤਿਆਰ ਹੋਣ ਵਾਲੀ ਸੀਐਨਜੀ ਵਾਹਨਾਂ ਅਤੇ ਜਨਰੇਟਰਾਂ ਲਈ ਵਰਤੀ ਜਾ ਸਕੇਗੀ ਅਤੇ ਇਸ ਪਲਾਂਟ ਦੀ ਰਹਿੰਦ-ਖਹੂੰਦ ਤੋਂ ਆਰਗੈਨਿਕ ਖਾਦ ਵੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਪਲਾਂਟ ਲਈ ਕਿਸਾਨਾਂ ਤੋਂ ਪਰਾਲੀ ਮਾਰਕੀਟ ਰੇਟ ਮੁਤਾਬਕ ਖ਼ਰੀਦੀ ਜਾਵੇਗੀ। ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਪ੍ਰਾਜੈਕਟ ਨਾਲ ਜਿੱਥੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ, ਉੱਥੇ ਇਸ ਊਰਜਾ ਸਰੋਤ ਨੂੰ ਕਿਸਾਨ ਖੇਤੀਬਾੜੀ ਨਾਲ ਸਬੰਧੀ ਮਸ਼ੀਨਰੀ ਲਈ ਵੀ ਵਰਤ ਸਕਣਗੇ। ਪਲਾਂਟ ਨੂੰ ਚਲਾਉਣ ਅਤੇ ਇਸ ਦੇ ਰੱਖ-ਰਖਾਓ ਦੇ ਰੂਪ ਵਿੱਚ ਰੁਜ਼ਗਾਰ ਵੀ ਪੈਦਾ ਹੋਵੇਗਾ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਮਹਿੰਦਰਾ ਗਰੁੱਪ ਵੱਲੋਂ ਇਸ ਪਲਾਂਟ ਦੇ ਰੂਪ ਵਿੱਚ 15 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਸ ਪਲਾਂਟ ਵਿੱਚ ਸਾਲਾਨਾ 10 ਹਜ਼ਾਰ 500 ਟਨ ਪਰਾਲੀ ਖਪਾਈ ਜਾ ਸਕੇਗੀ। ਇਸ ਪਲਾਂਟ ਸਦਕਾ ਪਰਾਲੀ ਫੂਕਣ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦੇ ਨੁਕਸਾਨ ਤੋਂ ਬਚਿਆ ਜਾ ਸਕੇਗਾ ਅਤੇ ਇੱਥੇ ਪੈਦਾ ਹੋਣ ਵਾਲੀ ਆਰਗੈਨਿਕ ਖਾਦ ਸਦਕਾ ਜ਼ਮੀਨ ਦੀ ਉਪਜਾਊ ਸ਼ਕਤੀ ਸੁਧਾਰਨ ਵਿੱਚ ਮਦਦ ਵੀ ਮਿਲੇਗੀ। ਸਨਅਤੀ ਘਰਾਣੇ ਵੱਲੋਂ ਦੇਸ਼ ਦੇ ਤਿੰਨ ਸੂਬਿਆਂ ਵਿੱਚ ਪਹਿਲਾਂ ਹੀ ਅਜਿਹੇ ਤਿੰਨ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ 9 ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…