nabaz-e-punjab.com

ਕਾਰਡ ਕਲੋਨਿੰਗ ਮਾਮਲਾ: ਮੁੱਖ ਮੁਲਜ਼ਮ ਦੀ ਪੈੜ ਨੱਪਣ ਲਈ ਲਖਨਊ ਪੁੱਜੀ ਪੁਲੀਸ ਦੀ ਟੀਮ

ਸਟੇਟ ਸਾਈਬਰ ਕਰਾਈਮ ਵੱਲੋਂ ਗ੍ਰਿਫ਼ਤਾਰ ਸੌਰਵ ਦੇ ਪੁਲੀਸ ਰਿਮਾਂਡ ’ਚ 5 ਦਿਨਾਂ ਦਾ ਹੋਰ ਵਾਧਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਮੁਹਾਲੀ ਵਿੱਚ ਪ੍ਰਾਈਵੇਟ ਬੈਂਕ ਦੇ ਏਟੀਐਮ ’ਚੋਂ ਲੋਕਾਂ ਦਾ ਕਾਰਡ ਕਲੋਨਿੰਗ ਕਰਕੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਵੱਲੋਂ ਬਾਰਾਨਸੀ ਤੋਂ ਗ੍ਰਿਫ਼ਤਾਰ ਸੌਰਵ ਕੁਮਾਰ ਵਾਸੀ ਪਿੰਡ ਬਾਵਪਤ, ਜ਼ਿਲ੍ਹਾ ਜੌਨਪੁਰ (ਉੱਤਰ ਪ੍ਰਦੇਸ਼) ਨੂੰ ਪਹਿਲ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਮੰਗਲਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਸੌਰਵ ਨੂੰ ਮੁੜ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ’ਤੇ ਕਰੀਬ 18 ਲੱਖ ਦੀ ਠੱਗੀ ਮਾਰਨ ਦਾ ਦੋਸ਼ ਹੈ।
ਉਧਰ, ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਸਾਈਬਰ ਕਰਾਈਮ ਦੀ ਟੀਮ ਨੇ ਅੱਜ ਲਖਨਊ ’ਚੋਂ ਇਸ ਗਰੋਹ ਦਾ ਮੁਖੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੂੰ ਮੁਹਾਲੀ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਪੁਲੀਸ ਹਾਲੇ ਮੂੰਹਾ ਨਹੀਂ ਖੋਲ ਰਹੀ ਹੈ ਪ੍ਰੰਤੂ ਮੁਲਜ਼ਮ ਬਾਰੇ ਭਲਕੇ ਖੁਲਾਸਾ ਹੋਣ ਦੀ ਸੰਭਾਵਨਾ ਹੈ। ਇੱਕ ਟੀਮ ਵੱਲੋਂ ਮੁੰਬਈ ਵੱਲੋਂ ਦਸਤਕ ਦਿੱਤੇ ਜਾਣ ਦੀ ਸੂਚਨਾ ਵੀ ਮਿਲੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੌਰਵ ਦੇ ਖ਼ਿਲਾਫ਼ ਸਟੇਟ ਸਾਈਬਰ ਕਰਾਈਮ ਥਾਣੇ ਵਿੱਚ 406,420,467,468,471 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਈ ਹੋਰਨਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਇਸ ਗਰੋਹ ਦਾ ਮੁਖੀਆਂ ਸੁਮਿਤ ਲਖਨਊ ਵੀ ਸ਼ਾਮਲ ਹੈ। ਪਤਾ ਲੱਗਾ ਹੈ ਕਿ ਪੁੱਛਗਿੱਛ ਦੌਰਾਨ ਪੁਲੀਸ ਨੂੰ ਦਰਜਨ ਭਰ ਹੋਰ ਮੁਲਜ਼ਮਾਂ ਦੇ ਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਪ੍ਰੰਤੂ ਹਾਲੇ ਪੁਲੀਸ ਉਨ੍ਹਾਂ ਦੇ ਨਾਮ ਜਨਤਕ ਨਹੀਂ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੀਡੀਆ ਵਿੱਚ ਆਉਣ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਅਤੇ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਨ ਲਈ ਰੁਪੋਸ਼ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਮੁਲਜ਼ਮ ਸੌਰਵ ਨੇ ਇੱਥੋਂ ਦੇ ਫੇਜ਼-5 ਸਥਿਤ ਐਚਡੀਐਫ਼ਸੀ ਬੈਂਕ ਅਤੇ ਆਈਸੀਆਈਸੀ ਬੈਂਕ ਦੇ ਏਟੀਐਮਾਂ ’ਚੋਂ ਧੋਖੇ ਨਾਲ ਦਰਜਨ ਭਰ ਖਪਤਕਾਰਾਂ ਦੇ ਪੈਸੇ ਕਢਵਾਏ ਹਨ। ਮੁਲਜ਼ਮ ਵੱਲੋਂ ਇਨ੍ਹਾਂ ਬੈਂਕਾਂ ਦੇ ਏਟੀਐਮਾਂ ਮਸ਼ੀਨਾਂ ਵਿੱਚ ਕਲੋਨ ਡਿਵਾਇਜ਼ ਅਤੇ ਹਿਡਨ ਕੈਮਰਾ ਲਗਾਇਆ ਗਿਆ ਸੀ। ਜਿਸ ਵਿੱਚ ਸਾਰਾ ਡਾਟਾ ਕੈਦ ਹੋ ਜਾਂਦਾ ਸੀ ਅਤੇ ਬਾਅਦ ਵਿੱਚ ਮੁਲਜ਼ਮ ਸਬੰਧਤ ਵਿਅਕਤੀ ਦਾ ਖਾਤਾਂ ਹੈਕ ਕਰਕੇ ਪੈਸੇ ਕੱਢ ਲੈਂਦੇ ਸੀ। ਇਸ ਸਬੰਧੀ ਕਾਰੋਬਾਰੀ ਮਨੀਸ਼ ਧਵਨ ਦੇ ਖਾਤੇ ’ਚੋਂ ਕਰੀਬ 1 ਲੱਖ ਰੁਪਏ, ਅਮਿਤ ਠਾਕਰ ਦੇ ਖਾਤੇ ’ਚੋਂ 9500 ਰੁਪਏ ਕੱਢੇ ਗਏ ਹਨ। ਜਿਨ੍ਹਾਂ ਨੇ ਆਪਣਾ ਏਟੀਐਮ ਆਖਰੀ ਵਾਰ ਖਰੜ ਵਿੱਚ ਇਸਤੇਮਾਲ ਕੀਤਾ ਸੀ। ਬਾਅਦ ਵਿੱਚ ਪੀੜਤਾਂ ਵੱਲੋਂ ਸਾਈਬਰ ਕਰਾਈਮ ਸੈੱਲ ਵਿੱਚ ਸ਼ਿਕਾਇਤ ਦਿੱਤੀ ਗਈ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਪੁਲੀਸ ਦੇ ਹੱਥ ਅਹਿਮ ਸੁਰਾਗ ਲੱਗੇ ਸੀ। ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨੀਂ ਸੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਇੱਕ ਹੋਟਲ ਦੇ ਮੁਲਾਜ਼ਮ ਨੇ ਕਾਰਡ ਕਲੋਨਿੰਗ ਕੀਤਾ ਸੀ। ਜਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਕਰੀਬ 2 ਦਿਨ ਪਹਿਲਾਂ ਹੀ ਹੋਟਲ ਛੱਡ ਦਿੱਤਾ ਸੀ। ਪੁਲੀਸ ਅਨੁਸਾਰ ਹੁਣ ਤੱਕ ਜ਼ਿਲ੍ਹਾ ਮੁਹਾਲੀ ਵਿੱਚ ਕਾਰਡ ਕਲੋਨਿੰਗ ਦੇ 60 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ ਕਰੀਬ 22 ਲੱਖ ਰੁਪਏ ਕਢਵਾਏ ਗਏ ਹਨ। ਇਸ ਤੋਂ ਪਹਿਲਾਂ ਸ਼ਹਿਰ ਦੇ ਯੁਵਾ ਇੰਜੀਨੀਅਰ ਅਮਨਪ੍ਰੀਤ ਸਿੰਘ ਰਾਣਾ ਦੇ ਖਾਤੇ ’ਚੋਂ 19 ਹਜ਼ਾਰ ਰੁਪਏ ਕੱਢੇ ਜਾ ਚੁੱਕੇ ਹਨ। ਪੀੜਤ ਨੇ ਇਸ ਸਬੰਧੀ ਮਟੌਰ ਥਾਣੇ ਵਿੱਚ ਵੱਖਰੀ ਸ਼ਿਕਾਇਤ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…