nabaz-e-punjab.com

ਬੱਲੋਮਾਜਰਾ ਫੈਕਟਰੀ ਦਾ ਪਨੀਰ, ਬਟਰ, ਖੋਆ ਤੇ ਦੇਸ਼ੀ ਘੀ ਦੇ ਚਾਰ ਸੈਂਪਲ ਫੇਲ

ਪਿੰਡ ਬੱਲੋਮਾਜਰਾ ਵਿੱਚ 20 ਕੁਇੰਟਲ 60 ਕਿੱਲੋ ਨਕਲੀ ਪਨੀਰ ਅਤੇ ਵੱਡੀ ਮਾਤਰਾ ਵਿੱਚ ਹੋਰ ਖਾਧ ਪਦਾਰਥ ਕੀਤੇ ਨਸਟ
3,375 ਕਿੱਲੋ ਸਕਿਮ ਮਿਲਕ ਪਾਊਡਰ ਸਮੇਤ 120 ਲੀਟਰ ਸਲਫਿਊਰਿਕ ਐਸਿਡ ਦੇ ਸੈਂਪਲ ਪਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬੱਲੋਮਾਜਰਾ ਦੀ ਫੈਕਟਰੀ ਵਿੱਚ ਤਿਆਰ ਕੀਤਾ ਜਾਂਦਾ ਪਨੀਰ, ਖੋਆ ਅਤੇ ਦੁੱਧ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਹੋ ਗਏ ਹਨ। ਬੀਤੀ 21 ਅਗਸਤ ਨੂੰ ਸਿਹਤ ਵਿਭਾਗ, ਡੇਅਰੀ ਵਿਕਾਸ ਬੋਰਡ ਅਤੇ ਬਲੌਂਗੀ ਪੁਲੀਸ ਦੀ ਸਾਂਝੀ ਟੀਮ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਉਕਤ ਫੈਕਟਰੀ ਵਿੱਚ ਸ਼ਰ੍ਹੇਆਮ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਨਕਲੀ ਪਨੀਰ, ਖੋਆ ਅਤੇ ਹੋਰ ਖਾਧ ਪਦਾਰਥ ਬਣਾਏ ਜਾਣ ਦਾ ਪਰਦਾਫਾਸ਼ ਕੀਤਾ ਸੀ ਅਤੇ ਪਸ਼ੂ ਪਾਲਣ, ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਘੁਰਕੀ ਤੋਂ ਬਾਅਦ ਫੈਕਟਰੀ ਨੂੰ ਸੀਲ ਕਰਕੇ ਮਾਲਕ ਅਸ਼ੋਕ ਕੁਮਾਰ ਵਾਸੀ ਪਿੰਡ ਮੌਲੀ ਜੱਗਰਾਂ ਦੇ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਆਈਪੀਸੀ ਦੀ ਧਾਰਾ 272/273 ਅਤੇ 420 ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਾਰਵਾਈ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਬਰੋਲੀ ਦੀ ਸੂਚਨਾ ’ਤੇ ਕੀਤੀ ਗਈ ਸੀ। ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਫੈਕਟਰੀ ਮਾਲਕ ਅਸ਼ੋਕ ਕੁਮਾਰ ਦੀ ਪੁੱਛਗਿੱਛ ਤੋਂ ਬਾਅਦ ਪਵਨ ਕੁਮਾਰ, ਗੁਲਸ਼ਨ ਕੁਮਾਰ ਅਤੇ ਸਿਪਾਹੀ ਲਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਫੈਕਟਰੀ ਮਾਲਕ ਸਮੇਤ ਇਹ ਤਿੰਨ ਮੁਲਜ਼ਮ ਵੀ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆ ਗਏ ਹਨ। ਇਹ ਵਿਅਕਤੀ ਨਕਲੀ ਪਨੀਰ, ਮੱਖਣ ਅਤੇ ਹੋਰ ਸਾਮਾਨ ਤਿਆਰ ਕਰਕੇ ਵੱਖ ਵੱਖ ਇਲਾਕਿਆਂ ਵਿੱਚ ਦੁਕਾਨਾਂ ਅਤੇ ਹਲਵਾਈਆਂ ਨੂੰ ਸਪਲਾਈ ਕਰਦੇ ਸਨ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜਬੀਰ ਸਿੰਘ ਕੰਗ ਅਤੇ ਡੇਅਰੀ ਵਿਕਾਸ ਬੋਰਡ ਦੇ ਡਿਪਟੀ ਡਾਇਰੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਬੱਲੋਮਾਜਰਾ ਸਥਿਤ ਉਕਤ ਫੈਕਟਰੀ ਵਿੱਚ ਕੁਝ ਦਿਨ ਪਹਿਲਾਂ ਅਚਨਚੇਤ ਛਾਪੇਮਾਰੀ ਕਰਕੇ ਛਾਪੇ ਦੌਰਾਨ ਫੈਕਟਰੀ ’ਚੋਂ 20 ਕੁਇੰਟਲ 60 ਕਿੱਲੋ ਨਕਲੀ ਪਨੀਰ, 89 ਕਿੱਲੋ ਮੱਖਣ, ਦੇਸੀ ਘਿਓ, ਕਰੀਮ 10 ਕਿੱਲੋ ਅਤੇ 3375 ਕਿੱਲੋ ਸਕਿਮ ਮਿਲਕ ਪਾਊਡਰ, 120 ਲੀਟਰ ਸਲਫਿਊਰਿਕ ਐਸਿਡ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਕੁੱਲ ਛੇ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਮਿਲ ਗਈ ਹੈ। ਜਾਂਚ ਰਿਪੋਰਟ ਅਨੁਸਾਰ ਪਨੀਰ, ਖੋਆ, ਦੇਸ਼ੀ ਘੀ ਅਤੇ ਬਟਰ ਦੇ ਚਾਰ ਸੈਂਪਲ ਫੇਲ ਹੋ ਗਏ ਹਨ। ਉਂਜ ਸੁੱਕਾ ਦੁੱਧ ਅਤੇ ਐਸਿਡ ਦੇ ਸੈਂਪਲ ਪਾਸ ਦੱਸੇ ਗਏ ਹਨ। ਜਿਨ੍ਹਾਂ ਨੂੰ ਵਰਤੋ ਯੋਗ ਦੱਸਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਤਿਆਰ ਕੀਤੇ ਜਾਂਦੇ ਨਕਲੀ ਪਨੀਰ, ਘੀ ਅਤੇ ਹੋਰ ਖਾਧ ਪਦਾਰਥ ਮੁਹਾਲੀ ਸਮੇਤ ਚੰਡੀਗੜ੍ਹ, ਖਰੜ, ਕੁਰਾਲੀ, ਡੇਰਾਬਸੀ, ਰਾਜਪੁਰਾ ਅਤੇ ਹੋਰ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਦੁਕਾਨਾਂ, ਹੋਟਲਾਂ ਅਤੇ ਢਾਬਿਆਂ ’ਤੇ ਸਪਲਾਈ ਕੀਤੇ ਜਾਂਦੇ ਸਨ। ਡੇਅਰੀ ਵਿਕਾਸ ਬੋਰਡ ਦੇ ਡਿਪਟੀ ਡਾਇਰੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਭਾਵੇਂ ਸੁੱਕਾ ਦੁੱਧ ਅਤੇ ਐਸਿਡ ਦੇ ਸੈਂਪਲ ਪਾਸ ਹੋ ਗਏ ਹਨ ਪ੍ਰੰਤੂ ਨਿਯਮਾਂ ਅਨੁਸਾਰ ਇਨ੍ਹਾਂ ਵਸਤੂਆਂ ਨੂੰ ਫੈਕਟਰੀ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। ਇਹ ਸਿਰਫ਼ ਪ੍ਰੋਸੈਸਿੰਗ ਪਲਾਂਟ ਵਿੱਚ ਹੀ ਸਟੋਰ ਕਰਕੇ ਰੱਖੇ ਜਾ ਸਕਦੇ ਹਨ। ਇਹੀ ਨਹੀਂ ਫੈਕਟਰੀ ਮਾਲਕ ਵੱਲੋਂ ਅਜੇ ਤਾਈਂ ਲਾਇਸੈਂਸ ਲੈਣ ਲਈ ਵੀ ਅਪਲਾਈ ਨਹੀਂ ਕੀਤਾ ਗਿਆ ਹੈ। ਇਹ ਗੋਰਖਧੰਦਾ ਬਿਨਾਂ ਲਾਇਸੈਂਸ ਤੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਨਕਲੀ ਪਨੀਰ, ਖੋਆ, ਦੇਸ਼ੀ ਘੀ ਅਤੇ ਬਟਰ ਨੂੰ ਅੱਜ ਮੁਹਾਲੀ ਨਗਰ ਨਿਗਮ ਦੇ ਡੰਪਿੰਗ ਗਰਾਉਂਡ ਵਿੱਚ ਨਸਟ ਕਰ ਦਿੱਤਾ ਗਿਆ ਹੈ। ਇਹ ਸਾਰਾ ਸਮਾਨ ਜ਼ਮੀਨ ਵਿੱਚ ਡੂੰਘਾ ਟੋਆ ਪੁੱਟ ਕੇ ਦੱਬਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …