nabaz-e-punjab.com

ਸਰਕਾਰੀ ਮਾਡਲ ਸਕੂਲ ਖਰੜ ’ਚੋਂ ਕਿਸੇ ਵੀ ਕੀਮਤ ’ਤੇ ਪ੍ਰਾਇਮਰੀ ਸੈਕਸ਼ਨ ਖਤਮ ਨਹੀਂ ਹੋਣ ਦਿੱਤਾ ਜਾਵੇਗਾ: ਬੀਰਦਵਿੰਦਰ ਸਿੰਘ

ਬੀਰਦਵਿੰਦਰ ਸਿੰਘ ਵੱਲੋਂ ਸਰਕਾਰੀ ਮਾਡਲ ਸਕੂਲ ਖਰੜ ਦਾ ਦੌਰਾ, ਅਧਿਆਪਕਾਂ ਨਾਲ ਕੀਤੀ ਮੁਲਾਕਾਤ

ਖਰੜ ਸਕੂਲ ’ਚੋਂ ਪ੍ਰਾਇਮਰੀ ਸੈਕਸ਼ਨ ਦਾ ਮੌਲਿਕ ਸਰੂਪ ਕਿਸੇ ਵੀ ਕੀਮਤ ’ਤੇ ਵਿਗਾੜਨ ਨਹੀਂ ਦਿੱਤਾ ਜਾਵੇਗਾ

ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਹਰੇਕ ਸਾਲ ਮੈਰਿਟ ਵਿੱਚ ਆਉਂਦੇ ਨੇ ਸਕੂਲ ਦੇ ਵਿਦਿਆਰਥੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਸਤੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਖਰੜ ਦੇ ਸਾਬਕਾ ਵਿਧਾਇਕ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਤਾਰਕਿਕ ਪੁਨਰਗਠਨ ਯੋਜਨਾ ਅਧੀਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ’ਚੋਂ ਪ੍ਰਾਇਮਰੀ ਸੈਕਸ਼ਨ ਖਤਮ ਕਰਕੇ ਉਸਦਾ ਮੌਲਿਕ ਸਰੂਪ ਵਿਗਾੜਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਜੋ ਕਿ ਸਰਾਸਰ ਖਰੜ ਹਲਕੇ ਦੇ ਬੱਚਿਆਂ ਨਾਲ ਨਾਇਨਸਾਫ਼ੀ ਹੈ। ਅੱਜ ਇੱਥੇ ਪੀਡਬਲਿਊਡੀ ਦੇ ਰੈਸਟ ਹਾਊਸ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਰੜ ਸਕੂਲ ’ਚੋਂ ਕਿਸੇ ਵੀ ਕੀਮਤ ’ਤੇ ਪ੍ਰਾਇਮਰੀ ਸੈਕਸ਼ਨ ਨੂੰ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਰੜ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਸਕੂਲ ਨੂੰ ਹੋਂਦ ਵਿੱਚ ਲਿਆਊਂਣ ਲਈ ਉਨ੍ਹਾਂ ਨੂੰ ਬਤੌਰ ਹਲਕਾ ਵਿਧਾਇਕ ਕਿੱਡਾ ਵੱਡਾ ਸੰਘਰਸ਼ ਕਰਨਾ ਪਿਆ ਸੀ ਅਤੇ ਉਨ੍ਹਾਂ ਦੀ ਬੇਹੱਦ ਕੋਸ਼ਿਸ਼ ਸਦਕਾ 1 ਅਪਰੈਲ 2004 ਨੂੰ ਖਰੜ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੋਂਦ ਵਿੱਚ ਆਇਆ ਸੀ।
ਇਸ ਤੋਂ ਪਹਿਲਾਂ ਸ੍ਰ. ਬੀਰਦਵਿੰਦਰ ਸਿੰਘ ਨੇ ਉਕਤ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਪ੍ਰਾਇਮਰੀ ਸੈਕਸ਼ਨ ਖ਼ਤਮ ਕਰਨ ਦੇ ਮੁੱਦੇ ’ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਾਬਕਾ ਵਿਧਾਇਕ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਸਕੂਲ ਦੀ ਵਿਸ਼ੇਸ਼ਤਾ ਇਹ ਸੀ ਇਸ ਦੇ ਸਾਰੇ ਦਰਜਾਵਾਰ, ਚਾਰੇ ਪੜਾਅ ਇੱਕੋ ਵਾਰ ਸ਼ੁਰੂ ਕੀਤੇ ਗਏ ਸਨ। ਭਾਵ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਇਹ ਸਾਰੇ ਵਿੰਗ ਇਕੱਠੇ ਹੀ ਸ਼ੁਰੂ ਕੀਤੇ ਗਏ ਸਨ ਅਤੇ ਇਸ ਸਕੂਲ ਨੂੰ ਸ਼ੁਰੂ ਕਰਨ ਸਮੇਂ ਪੂਰੇ ਜ਼ਿਲ੍ਹੇ ਭਰ ’ਚੋਂ ਚੋਣਵੇਂ ਅਧਿਆਪਨ ਅਮਲੇ ਦੀ ਚੋਣ ਕੀਤੀ ਗਈ ਸੀ। ਸਕੂਲ ਵਿੱਚ ਪਹਿਲੀ ਜਮਾਤ ਤੋਂ ਸ਼ੁਰੂ ਹੋ ਕੇ ਬਾਰ੍ਹਵੀਂ ਜਮਾਤ ਤੱਕ ਸਾਰੀ ਸਿੱਖਿਆ ਅੰਗਰੇਜ਼ੀ ਮੀਡੀਅਮ ਰਾਹੀਂ ਦਿੱਤੀ ਜਾਂਦੀ ਹੈ। ਇਸ ਦੀ ਇੱਕ ਹੋਰ ਵਿਲੱਖਣਤਾ ਇਹ ਹੈ ਕਿ ਪ੍ਰਾਇਮਰੀ ਸੈਕਸ਼ਨ ਵਿੱਚ ਅਲੱਗ-ਅਲੱਗ ਵਿਸ਼ਿਆਂ ਨੂੰ ਮਾਸਟਰ ਕਾਡਰ ਦੇ ਅਧਿਆਪਕ ਪੜ੍ਹਾਉਂਦੇ ਹਨ ਜੋ ਬੱਚਿਆਂ ਨੂੰ ਵਿਸ਼ੇ ਅਨੁਸਾਰ ਮਿਆਰੀ ਸਿੱਖਿਆ ਦੇਣ ਵਿੱਚ ਨਿਪੁੰਨ ਹਨ।
ਸਾਬਕਾ ਡਿਪਟੀ ਸਪੀਰਕ ਨੇ ਇਸ ਗੱਲੋਂ ਬੇਹੱਦ ਖੁਸ਼ੀ ਪ੍ਰਗਟ ਕੀਤੀ ਕਿ ਸਕੂਲ ਵਿੱਚ ਇਸ ਸਮੇਂ 1500 ਤੋਂ ਵੱਧ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਇਹ ਸਕੂਲ ਹਰ ਪੱਖੋਂ, ਜ਼ਿਲ੍ਹੇ ਦੇ ਪਹਿਲੀ ਕਤਾਰ ਦੇ ਸਕੂਲਾਂ ਵਿੱਚ ਸ਼ਾਮਲ ਹੈ। ਹਰ ਸਾਲ ਸਕੂਲ ਦੇ ਵਿਦਿਆਰਥੀ ਮੈਰਿਟ ਸੂਚੀ ਵਿੱਚ ਮੱਲਾਂ ਮਾਰਦੇ ਹਨ। ਭਾਵੇਂ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਅਨੁਸਾਰ ਲੋੜੀਂਦੀ ਇਮਾਰਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਸਕੂਲ ਨੇ ਆਪਣਾ ਨਾਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਦਾ ਸੁਪਨਾ ਸੰਜੋਣ ਸਮੇਂ ਜੋ ਬੁਨਿਅਦੀ ਸੰਕਲਪ ਉਨ੍ਹਾਂ ਸਾਹਮਣੇ ਸੀ, ਉਹ ਖਰੜ ਇਲਾਕੇ ਦੇ ਇਸ ਮਾਡਲ ਸਕੂਲ ਨੂੰ ਸਿੱਖਿਆ ਖੇਤਰ ਦੀ ਇੱਕ ਅਖੰਡ ਵਿੱਦਿਅਕ ਸੰਸਥਾ ਦੇ ਰੂਪ ਵਿੱਚ ਇੱਕ ਵਿਸ਼ੇਸ਼ ਸਮੁੱਚਤਾ ਵਿੱਚ ਵਿਕਸਤ ਕਰਨਾ ਹੈ, ਟੁਕੜਿਆਂ ਵਿੱਚ ਨਹੀਂ। ਜੇ ਟੁਕੜਿਆਂ ਵਿੱਚ ਵਿਕਸਤ ਕਰਨ ਦਾ ਮਨਸ਼ਾ ਹੁੰਦਾ ਤਾਂ ਇਹ ਸਕੂਲ ਅੱਜ ਉਸ ਬੁਲੰਦੀ ’ਤੇ ਅੱਪੜ ਹੀ ਨਹੀਂ ਸਕਦਾ ਸੀ।
ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸੈਕੰਡਰੀ ਪੱਧਰ ’ਤੇ ਆਰਟਸ, ਕਾਮਰਸ ਅਤੇ ਸਾਇੰਸ ਦੇ ਵਿਸ਼ੇ (ਸਮੇਤ ਮੈਡੀਕਲ ਅਤੇ ਨਾਨ ਮੈਡੀਕਲ) ਇਕੱਠੇ ਹੀ ਸ਼ੁਰੂ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਅਧਿਆਪਨ ਅਮਲੇ ਦੀ ਨਿਯੁਕਤੀ ਵੀ ਯਕਮੁਸ਼ਤ ਹੀ ਕੀਤੀ ਗਈ ਸੀ, ਨਾ ਕੀ ਕਿਸ਼ਤਾਂ ਵਿੱਚ। ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਹ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦੇ ਹਨ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀ ਕਿਸੇ ਵੀ ਤਾਰਕਿਕ ਪੁਨਰਗਠਨ ਯੋਜਨਾ ਅਧੀਨ ਇਸ ਸਕੂਲ ਨੂੰ ਟੁਕੜੇ-ਟੁਕੜੇ ਕਰਨ ਦੇ ਕਿਸੇ ਵੀ ਮਨਸੂਬੇ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਬੀਰਦਵਿੰਦਰ ਸਿੰਘ ਦੇ ਮੀਡੀਆ ਇੰਚਾਰਜ ਤੇ ਸੋਸ਼ਲ ਵਰਕਰ ਗਗਨਦੀਪ ਸਿੰਘ ਬੈਂਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…