ਸੜਕ ਸੁਰੱਖਿਆ: ਚੰਡੀਗੜ੍ਹ ਵਿੱਚ ਅੌਰਤਾਂ ਲਈ ਜ਼ਰੂਰੀ ਹੋਵੇ ਹੈਲਮਟ: ਤਰਕਸ਼ੀਲ ਸੁਸਾਇਟੀ

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ, ਹੈਲਮਟ ’ਤੇ ਸਬਸਿਡੀ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੌਰਤਾਂ ਲਈ ਹੈਲਮਟ ਜ਼ਰੂਰੀ ਕੀਤੇ ਜਾਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਸੁਸਾਇਟੀ ਦਾ ਮੰਨਣਾ ਹੈ ਕਿ ਸੁਰੱਖਿਆ ਸੱਭ ਤੋਂ ਪਹਿਲਾਂ ਹੈ ਅਤੇ ਹੈਲਮਟ ਮੋਟਰਸਾਈਕਲ-ਸਕੂਟਰ ਚਾਲਕਾਂ ਵਿੱਚ ਸਿਰ ਦੀ ਸੱਟ ਰੋਕਣ ਲਈ ਪ੍ਰਭਾਵਸ਼ਾਲੀ ਤਰੀਕਾ ਹੈ। ਇੱਥੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਮੀਟਿੰਗ ਦੌਰਾਨ ਸੁਸਾਇਟੀ ਆਗੂਆਂ ਨੇ ਕਿਹਾ ਕਿ ਹੈਲਮਟ ਜਿੱਥੇ ਸਾਡੀ ਖੋਪੜੀ ਅਤੇ ਦਿਮਾਗ ਦੀ ਰੱਖਿਆ ਕਰਦਾ ਹੈ ਉੱਥੇ ਸਾਡੇ ਚਿਹਰੇ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ।
ਤਰਕਸ਼ੀਲ ਆਗੂਆਂ ਜਰਨੈਲ ਸਿੰਘ ਕ੍ਰਾਂਤੀ, ਸੁਰਜੀਤ ਸਿੰਘ ਮੁਹਾਲੀ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਨੇ ਕਿਹਾ ਕਿ ਹੋਰ ਮਨੁੱਖੀ ਅੰਗਾਂ ‘ਤੇ ਵੱਜੀ ਸੱਟ ਨੂੰ ਠੀਕ ਕੀਤਾ ਜਾ ਸਕਦਾ ਹੈ ਪ੍ਰੰਤੂ ਦਿਮਾਗੀ ਸੱਟ ਬਹੁਤ ਹੀ ਖ਼ਤਰਨਾਕ ਤੇ ਨੁਕਸਾਨਦਾਇਕ ਹੈ ਜਿਸ ਤੋਂ ਉਭਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਪੀਜੀਆਈ ਦੇ ਟਰਾਮਾ ਸੈਂਟਰ ਵਿੱਚ ਰੋਜ਼ਾਨਾ ਕਰੀਬ 35 ਕੇਸ ਸੜਕ ਹਾਦਸਿਆਂ ਦੇ ਆਉਂਦੇ ਹਨ ਜਿਹਨਾਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਕਰੀਬ ਦੋ ਦਰਜਣ ਲੋਕਾਂ ਦੇ ਦਿਮਾਗ ਦੇ ਅਪ੍ਰੇਸ਼ਨ ਕਰਨੇ ਪੈਂਦੇ ਹਨ ਤੇ ਇੱਕ ਜਾਂ ਦੋ ਮੌਤਾਂ ਰੋਜ਼ਾਨਾ ਹੁੰਦੀਆਂ ਹਨ ਜੋ ਬਚਾਈਆਂ ਜਾ ਸਕਦੀਆਂ ਹਨ। ਤਰਕਸ਼ੀਲ ਆਗੂਆਂ ਨੇ ਇਹ ਵੀ ਕਿਹਾ ਕਿ ਪੂਰੇ ਮੂੰਹ ‘ਤੇ ਪਾਇਆ ਹੈਲਮਟ ਸਾਡੀ ਖੋਪੜੀ ਦੇ ਉਪਰਲੇ ਹਿੱਸੇ ਦੀਆਂ ਅੱਠ ਅਤੇ ਚਿਹਰੇ ਦੀਆਂ ਚੌਦਾਂ ਮਹੱਤਵਪੂਰਨ ਹੱਡੀਆਂ/ਅੰਗਾਂ ਦੀ ਰੱਖਿਆ ਕਰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹੈਲਮਟ ‘ਤੇ ਸਬਸਿਡੀ ਦੇਣੀ ਚਾਹੀਦੀ ਹੈ ਤਾਂਕਿ ਵਧੀਆ ਹੈਲਮਟ ਆਮ ਲੋਕਾਂ ਦੀ ਪਹੁੰਚ ‘ਚ ਹੋਣ ਕਿਉਂਕਿ ਖਰਾਬ ਕੁਆਲਟੀ ਦਾ ਪਾਇਆ ਹੈਲਮਟ ਨਾ ਪਾਏ ਸਮਾਨ ਹੀ ਹੈ।
‘‘ਵਿਰੋਧ ਕਰਨ ਵਾਲੇ ਆਪ ਘੁੰਮਦੇ ਹਨ ਕਾਰਾਂ ਵਿੱਚ’’
ਤਰਕਸ਼ੀਲ ਆਗੂਆਂ ਨੇ ਕਿਹਾ ਕਿ ਹੈਲਮਟ ਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਆਗੂ ਆਪ ਕਾਰਾਂ ਵਿੱਚ ਘੁੰਮਦੇ ਹਨ। ਸੁਸਾਇਟੀ ਮੁਤਾਬਿਕ ਧਾਰਮਿਕ ਆਗੂਆਂ ਨੂੰ ਧਰਮ ਦੀ ਆੜ ਹੇਠ ਗੈਰ ਵਾਜਬ ਮੰਗ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਧਰਮ, ਸੁਰੱਖਿਆ ਉਪਰਾਲਿਆਂ ਤੋਂ ਉੱਪਰ ਨਹੀਂ ਹੈ।

Load More Related Articles
Load More By Nabaz-e-Punjab
Load More In Traffic

Check Also

ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦਾ ਤਬਾਦਲਾ

ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦਾ ਤਬਾਦਲਾ 8 ਥਾਣਿਆਂ ਦੇ ਮੁੱਖ ਅਫਸਰਾਂ ਅਤੇ 1 ਚੌਂਕੀ ਇੰਚਾਰਜ…