Share on Facebook Share on Twitter Share on Google+ Share on Pinterest Share on Linkedin ਮੁਹਾਲੀ ਏਅਰਪੋਰਟ ’ਤੇ ਯਾਤਰੀਆਂ ਕੋਲੋਂ ਛੇ ਕਰੋੜ ਦੇ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਫੜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ: ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਪੁਲੀਸ ਨੇ ਦੋ ਯਾਤਰੀਆਂ ਕੋਲੋਂ ਛੇ ਕਰੋੜ ਦੀ ਕੀਮਤ ਦੇ ਸੋਨੇ, ਡਾਇਮੰਡ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਅਦ ਵਿੱਚ ਏਅਰਪੋਰਟ ਪੁਲੀਸ ਨੇ ਇਹ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ। ਏਅਰਪੋਰਟ ਪੁਲੀਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਏਅਰਪੋਰਟ ਥਾਣਾ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਕਰੋੜਾਂ ਰੁਪਏ ਦੇ ਗਹਿਣੇ ਬਰਾਮਦ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੰਬਈ ਤੋਂ ਰਾਜੇਸ਼ ਕੁਮਾਰ ਅਤੇ ਧਨਰਾਜ ਮੀਨਾ ਵਾਲਾ ਬੀਤੇ ਦਿਨੀਂ ਮੁਹਾਲੀ ਏਅਰਪੋਰਟ ’ਤੇ ਉੱਤਰੇ ਸੀ। ਜਿਨ੍ਹਾਂ ਦੀ ਤਲਾਸ਼ੀ ਦੌਰਾਨ ਛੇ ਕਰੋੜ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਹੋਏ ਹਨ। ਇਨ੍ਹਾਂ ਨਾਲ ਇੱਕ ਅੌਰਤ ਵੀ ਸੀ ਪ੍ਰੰਤੂ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ। ਐਸਐਚਓ ਸ੍ਰੀ ਬੱਲ ਨੇ ਦੱਸਿਆ ਕਿ ਉਕਤ ਯਾਤਰੀ ਮੁੰਬਈ ਤੋਂ ਵਾਇਆ ਹੈਦਰਾਬਾਦ ਮੁਹਾਲੀ ਹਵਾਈ ਅੱਡੇ ’ਤੇ ਕਰੀਬ ਡੇਢ ਵਜੇ ਪਹੁੰਚੇ ਸੀ। ਚੈਕਿੰਗ ਦੌਰਾਨ ਇਨ੍ਹਾਂ ਯਾਤਰੀਆਂ ਕੋਲੋਂ 1 ਕਰੋੜ 36 ਲੱਖ 77 ਹਜ਼ਾਰ 369 ਰੁਪਏ ਕੀਮਤ ਦੇ ਕੰਨਾਂ ਦੀਆਂ ਵਾਲੀਆਂ ਦੇ 43 ਸੈੱਟ, ਦੋ ਕਰੋੜ 47 ਲੱਖ 014 ਰੁਪਏ ਕੀਮਤ ਦੇ 14 ਗਲੇ ਦੇ ਹਾਰ (ਨੈਕਲੈੱਸ), 19 ਬਰੈਸਲੈਟ ਦੀ ਜਿਨ੍ਹਾਂ ਦੀ ਕੀਮਤ 72 ਲੱਖ 62 ਹਜ਼ਾਰ 639 ਰੁਪਏ, 43 ਅੰਗੂਠੀਆਂ (ਜਿਨ੍ਹਾਂ ਦੀ ਕੀਮਤ 95 ਲੱਖ 30 ਹਜ਼ਾਰ 520 ਰੁਪਏ) ਅਤੇ 35 ਲੱਖ 63 ਹਜ਼ਾਰ 015 ਰੁਪਏ ਦੀਆਂ ਸੋਨੇ ਦੀਆਂ ਚੂੜੀਆਂ, 7 ਲੱਖ 26 ਹਜ਼ਾਰ 220 ਦੇ ਤਿੰਨ ਪੀ ਸੈੱਟ, ਅਮਰੀਕਨ ਡਾਇਮੰਡ ਦੇ ਗਹਿਣੇ ਕੀਮਤ 98 ਹਜ਼ਾਰ ਰੁਪਏ ਅਤੇ 42 ਹਜ਼ਾਰ ਦੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਇਨ੍ਹਾਂ ਗਹਿਣਿਆਂ ਦੀ ਕੁੱਲ ਕੀਮਤ 5 ਕਰੋੜ 95 ਲੱਖ 99 ਹਜ਼ਾਰ 77 ਰੁਪਏ ਦੱਸੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਯਾਤਰੀ ਉਨ੍ਹਾਂ ਕੋਲੋਂ ਬਰਾਮਦ ਹੋਏ ਸੋਨੇ, ਚਾਂਦੀ ਅਤੇ ਡਾਇਮੰਡ ਦੇ ਗਹਿਣਿਆਂ ਬਾਰੇ ਕੋਈ ਤਸੱਲੀਬਖ਼ਸ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਮਗਰੋਂ ਏਅਰਪੋਰਟ ਪੁਲੀਸ ਵੱਲੋਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ। ਪੁਲੀਸ ਦੀ ਸੂਚਨਾ ਮਿਲਦੇ ਹੀ ਆਮਦਨ ਕਰ ਵਿਭਾਗ ਦੇ ਈਟੀਓ ਦੁੱਗਲ ਮੌਕੇ ’ਤੇ ਪਹੁੰਚ ਗਏ ਅਤੇ ਪੁੱਛਗਿੱਛ ਲਈ ਦੋਵੇਂ ਯਾਤਰੀਆਂ ਅਤੇ ਹਵਾਈ ਅੱਡੇ ’ਤੇ ਬਰਾਮਦ ਹੋਏ ਗਹਿਣੇ ਆਪਣੇ ਕਬਜ਼ੇ ਵਿੱਚ ਲੈ ਲਏ। ਇਹ ਵੀ ਪਤਾ ਲੱਗਾ ਕਿ ਆਮਦਨ ਕਰ ਵਿਭਾਗ ਨੇ ਯਾਤਰੀਆਂ ਨੂੰ 35 ਲੱਖ ਰੁਪਏ ਤੋਂ ਵੱਧ ਜੁਰਮਾਨਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਹਵਾਈ ਅੱਡੇ ’ਤੇ ਕਈ ਯਾਤਰੀਆਂ ਕੋਲੋਂ ਸੋਨੇ, ਚਾਂਦੀ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ