nabaz-e-punjab.com

ਪਨਸਪ ਪੇਪਰ ਲੀਕ ਮਾਮਲਾ: ਵਿਜੀਲੈਂਸ ਵੱਲੋਂ 10 ਵਿਦਿਆਰਥੀਆਂ ਖ਼ਿਲਾਫ਼ ਚਲਾਨ ਪੇਸ਼

ਮੁੱਖ ਮੁਲਜ਼ਮ ਗੁਰੂ ਜੀ ਸਣੇ ਕਈ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਹੋ ਚੁੱਕੇ ਹਨ ਦੋਸ਼ ਤੈਅ, 2 ਦਲਾਲਾਂ ਦੀ ਹੋ ਚੁੱਕੀ ਹੈ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਨਸਪ ਵਿਭਾਗ ਵਿੱਚ ਚਾਰ ਸਾਲ ਪਹਿਲਾਂ 2014 ਵਿੱਚ ਵੱਖ-ਵੱਖ ਗਰੇਡ ਦੇ ਇੰਸਪੈਕਟਰਾਂ ਭਰਤੀ ਲਈ ਲਈ ਪ੍ਰੀਖਿਆ ਸਬੰਧੀ ਪ੍ਰਸ਼ਨ ਪੱਤਰ ਲੀਕ ਕਰਨ ਅਤੇ ਮੋਟੀ ਰਕਮ ਵਸੂਲਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ 10 ਪ੍ਰੀਖਿਆਰਥੀਆਂ ਜਿਨ੍ਹਾਂ ਬੀਰਦਵਿੰਦਰ ਸਿੰਘ, ਸੁਪਨਦੀਪ ਸਿੰਘ, ਸੰਦੀਪ ਕੁਮਾਰ, ਪੂਜਾ ਰਾਣੀ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਨਵਜੋਤ ਸਿੰਘ, ਅਮਨਦੀਪ ਸਿੰਘ ਸਮੇਤ 10 ਮੁਲਜ਼ਮਾਂ ਦੇ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੋ ਦਲਾਲਾਂ ਕਮਲੇਸ਼ ਕੁਮਾਰ ਅਤੇ ਰਣਵੀਰ ਸਿੰਘ ਰਾਣਾ ਦੀ ਮੌਤ ਹੋ ਚੁੱਕੀ ਹੈ।
ਵਿਜੀਲੈਂਸ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਗਰੋਹ ਦੇ ਮੁੱਖ ਸਰਗਨਾ ਸੰਜੇ ਕੁਮਾਰ ਸ੍ਰੀਵਾਸਤਵਾ ਉਰਫ਼ ਗੁਰੂ ਜੀ ਸਮੇਤ ਦਲਾਲ ਅਤੇ ਮੁਲਜ਼ਮ ਪ੍ਰੀਖਿਆਰਥੀਆਂ ਸ਼ਿਵ ਬਹਾਦਰ, ਸਲੇਸ਼, ਅਰੁਨ ਗੁਪਤਾ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਕੰਗ, ਕਮਲਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਕਮਲਦੀਪ ਸਿੰਘ, ਗਣੇਸ਼ ਯਾਦਵ, ਬਜਿੰਦਰ ਨੈਨ, ਹਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਗੁਰਪ੍ਰੀਤ ਕੌਰ, ਸੁਨੀਲ ਕਾਂਤ, ਮਨੋਜ ਰਾਜਪਾਲ, ਕਪਿਲ ਗਰਗ, ਗੁਰਦੀਪ ਸਿੰਘ ਸੰਧੂ, ਪਵਨ ਸ਼ਰਮਾ, ਸੌਰਵ ਕੁਮਾਰ, ਪ੍ਰਿਤਪਾਲ ਸ਼ਰਮਾ, ਕੇਸ਼ਵ ਕਾਕੜੀਆ ਸਮੇਤ ਕਈ ਹੋਰ ਮੁਲਜ਼ਮਾਂ ਦੇ ਖ਼ਿਲਾਫ਼ ਅਦਾਲਤ ਵੱਲੋਂ ਪਹਿਲਾਂ ਹੀ ਦੋਸ਼ ਤੈਅ ਕੀਤੇ ਜਾ ਚੁੱਕੇ ਹਨ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਪਨਸਪ ਵਿੱਚ ਇੰਸਪੈਕਟਰ ਗਰੇਡ-1, ਪ੍ਰੀਖਿਆਰਥੀਆਂ ਨੇ ਮਾਰਚ 2014 ਵਿੱਚ ਪੇਪਰ ਦਿੱਤੇ ਸਨ, ਜਦੋਂਕਿ ਇੰਸਪੈਕਟਰ ਗਰੇਡ-2 ਲਈ ਅਪਰੈਲ 2014 ਵਿੱਚ ਪ੍ਰੀਖਿਆ ਹੋਈ ਸੀ ਅਤੇ ਜੂਨ 2014 ਵਿੱਚ ਨੌਕਰੀ ਵੀ ਹਾਸਲ ਕਰ ਲਈ ਸੀ। ਉਕਤ ਮੁਲਜ਼ਮਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਲਾਲਾਂ ਰਾਹੀਂ ਪੇਪਰ ਲੀਕ ਹੋਣ ਤੋਂ ਬਾਅਦ ਪੈਸੇ ਦੇ ਕੇ ਪ੍ਰਸ਼ਨ ਪੱਤਰ ਹਾਸਲ ਕੀਤਾ ਅਤੇ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਵਿਜੀਲੈਂਸ ਨੇ ਪਨਸਪ ਵਿੱਚ ਨੌਕਰੀ ਹਾਸਲ ਕਰਨ ਵਾਲੇ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਵੱਖਰੇ ਤੌਰ ’ਤੇ ਕੇਸ ਦਰਜ ਕੀਤਾ ਸੀ।
ਵਿਜੀਲੈਂਸ ਮੁਤਾਬਕ ਮੁਲਜ਼ਮਾਂ ਨੇ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਹਾਸਲ ਕਰਕੇ ਦਲਾਲਾਂ ਨੂੰ ਲੱਖਾਂ ਰੁਪਏ ਦਿੱਤੇ ਸਨ। ਇਸ ਮਾਮਲੇ ਵਿੱਚ ਵਿਜੀਲੈਂਸ ਲੱਖਾਂ ਰੁਪਏ ਮੁਲਜ਼ਮਾਂ ਕੋਲੋਂ ਬਰਾਮਦ ਵੀ ਕਰ ਚੁੱਕੀ ਹੈ। ਇਹ ਮਾਮਲਾ 2016 ਵਿੱਚ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚਲ ਰਹੀ ਹੈ। ਵਿਜੀਲੈਂਸ ਅਨੁਸਾਰ ਵੱਖ ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ’ਤੇ ਹੋਣੀ ਸੀ ਪ੍ਰੰਤੂ ਉਕਤ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਹਾਸਲ ਕਰ ਲਿਆ ਗਿਆ ਸੀ। ਇਸ ਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਪ੍ਰਸ਼ਨ ਪੱਤਰਾਂ ਦੀ ਚੈਕਿੰਗ ਦੌਰਾਨ ਪ੍ਰੀਖਿਆਰਥੀਆਂ ਦੀਆਂ ਉੱਤਰ ਪੱਤਰੀਆਂ ਵਿੱਚ ਹੱਲ ਕੀਤੇ ਸਵਾਲਾਂ ਦੇ ਜਵਾਬ ਲਗਭਗ ਇੱਕੋ ਜਿਹੇ ਸਨ ਅਤੇ ਜਿਹੜੀਆਂ ਗਲਤੀਆਂ ਵੀ ਸਨ, ਉਹ ਵੀ ਇੱਕੋ ਜਿਹੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…