nabaz-e-punjab.com

ਚੱਪੜਚਿੜੀ ਵਿੱਚ ਅਕਾਲੀ ਦਲ ਅਤੇ ਕਾਂਗਰਸੀ ਸਮਰਥਕਾਂ ਨੇ ਇੱਕ ਬੂਥ ’ਤੇ ਬੈਠ ਕੇ ਦਿੱਤਾ ਭਾਈਚਾਰਕ ਸਾਂਝ ਦਾ ਸੁਨੇਹਾ

ਸ਼ਹੀਦੀ ਜੰਗੀ ਯਾਦਗਾਰ ਬਣਨ ਤੋਂ ਬਾਅਦ ਚੱਪੜਚਿੜੀ ਨੂੰ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਮਿਲੀ: ਸੋਹਨ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਮਤਦਾਨ ਦੌਰਾਨ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਹੀ ਬੂਥ ’ਤੇ ਇਕੱਠੇ ਬੈਠ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਸਮੇਤ ਪੰਜਾਬ ਵਿੱਚ ਕਿਸੇ ਹੋਰ ਥਾਂ ਅਜਿਹੀ ਕੋਈ ਮਿਸਾਲ ਨਹੀਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੱਪੜਚਿੜੀ ਜੰਗੀ ਯਾਦਗਾਰ (ਫਤਿਹ ਮੀਨਾਰ) ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਚੱਪੜਚਿੜੀ ਕਲਾਂ ਵਿੱਚ ਪਿੰਡ ਦੀਆਂ ਵੋਟਾਂ ਭੁਗਤਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਾਹਰ ਸਾਂਝਾ ਪੋਲਿੰਗ ਬੂਥ ਲਗਾਇਆ ਗਿਆ। ਇਸ ਦੌਰਾਨ ਹੁਕਮਰਾਨ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਦੇ ਸਮਰਥਕ ਪਿੰਡ ਵਾਸੀਆਂ ਨੇ ਧੜੇਬੰਦੀ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਇੱਕ ਹੀ ਟੇਬਲ ਦੇ ਆਲੇ ਦੁਆਲੇ ਬੈਠ ਕੇ ਪਿੰਡ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਪਰਚੀਆਂ ਦਿੱਤੀਆਂ। ਪਿੰਡ ਦੇ ਸਰਪੰਚ ਸੋਹਨ ਸਿੰਘ ਅਤੇ ਗੁਰਦੁਆਰਾ ਫਤਿਹ-ਏ-ਜੰਗ ਸਾਹਿਬ ਚੱਪੜਚਿੜੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕ ਅਤੇ ਜਾਤ ਤੇ ਧਰਮਾਂ ਦੇ ਲੋਕ ਰਹਿੰਦੇ ਹਨ। ਲੇਕਿਨ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਜ਼ਿਆਦਾਤਰ ਪਿੰਡ ਦੇ ਵਸਨੀਕ ਮਿਲ ਜੁਲ ਕੇ ਰਹਿੰਦੇ ਹਨ। ਉਨ੍ਹਾਂ ਆਪਸੀ ਸਹਿਯੋਗ ਲਈ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਸਰਪੰਚ ਸੋਹਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਜੰਗੀ ਯਾਦਗਾਰ ਬਣਨ ਤੋਂ ਬਾਅਦ ਚੱਪੜਚਿੜੀ ਪਿੰਡ ਦੁਨੀਆ ਦੇ ਨਕਸ਼ੇ ’ਤੇ ਛਾ ਗਿਆ ਹੈ। ਪ੍ਰੰਤੂ ਹੁਣ ਤੱਕ 328 ਫੁੱਟ ਉੱਚੀ ਫਤਿਹ ਮੀਨਾਰ ਨੂੰ ਲਿਫ਼ਟ ਤੱਕ ਨਹੀਂ ਜੁੜੀ। ਉਨ੍ਹਾਂ ਦੱਸਿਆ ਕਿ ਚੱਪੜਚਿੜੀ ਪਹੁੰਚ ਲਿੰਕ ਸੜਕ ਅਤੇ ਮੁਹਾਲੀ ਤੋਂ ਵਾਇਆ ਚੱਪੜਚਿੜੀ ਕਲਾਂ ਰਾਹੀਂ ਜੰਗੀ ਯਾਦਗਾਰ ਤੱਕ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ। ਇਨ੍ਹਾਂ ਦੋਵੇਂ ਸੜਕਾਂ ’ਤੇ ਥਾਂ ਥਾਂ ਡੂੰਘੇ ਖੱਡੇ ਬਣੇ ਹੋਏ ਹਨ। ਜਿਸ ਕਾਰਨ ਸ਼ਰਧਾਲੂਆਂ ਅਤੇ ਆਮ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…