nabaz-e-punjab.com

ਡੀਸੀ ਮੁਹਾਲੀ ਵੱਲੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ’ਤੇ ਜ਼ੋਰ

ਜ਼ਿਲ੍ਹਾ ਮੁਹਾਲੀ ਵਿੱਚ ਭਾਈ ਘਨੱਈਆ ਜੀ ਦੀ ਬਰਸੀ ਮਾਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਭਾਈ ਘਨੱਈਆ ਜੀ ਦੀ ਬਰਸੀ ਮੌਕੇ ਜਿਲ੍ਹੇ ਦੇ ਲੋਕਾਂ ਨੂੰ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਭਾਈ ਘਨੱਈਆ ਜੀ ਦੀ ਜੀਵਨੀ ਤੋਂ ਸਿੱਖਿਆ ਲੈ ਕੇ ਉਨ੍ਹਾਂ ਦੇ ਦਰਸਾਏ ਮਾਰਗਾਂ ਤੇ ਚਲਣ ਦੀ ਲੋੜ ਹੈ। ਭਾਈ ਘਨੱਈਆ ਜੀ ਦੀ ਬਰਸੀ ਜ਼ਿਲ੍ਹੇ ਵਿੱਚ ਮਾਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਈ ਗਈ ਜਿਸ ਤਹਿਤ ਜਿਲ੍ਹੇ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਅਧੀਨ ਪੈਂਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਭਾਈ ਘਨੱਈਆ ਜੀ ਦੀ ਬਰਸੀ ਨੂੰ ਮਾਨਵ ਸੇਵਾ ਸੰਕਲਪ ਵਜੋਂ ਮਨਾਇਆ ਗਿਆ।
ਘੜੂੰਆਂ ਵਿੱਚ ਨਸ਼ਿਆਂ ਵਿਰੱੁਧ ਜਾਗਰੂਕਤਾ ਸਮਾਗਮ ਦੌਰਾਨ ਐਸਐਮਓ ਡਾ. ਕੁਲਜੀਤ ਕੌਰ ਨੇ ਹਸਪਤਾਲ ਵਿੱਚ ਪੁੱਜੇ ਲੋਕਾਂ ਅਤੇ ਮਰੀਜ਼ਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਇਲਾਜ ਬਾਰੇ ਵਿਸਥਾਰ ਨਾਲ ਦੱੱਸਿਆ। ਉਨ੍ਹਾਂ ਦੱਸਿਆ ਕਿ ਨਸ਼ਾ ਮਾਨਸਿਕ ਬਿਮਾਰੀ ਹੈ ਅਤੇ ਇਹ ਕਿਸੇ ਵੀ ਵਿਅਕਤੀ ਨੂੰ ਲੱਗ ਸਕਦੀ ਹੈ। ਅਜਿਹੇ ਰੋਗੀਆਂ ਪ੍ਰਤੀ ਘਰ ਵਾਲਿਆਂ, ਡਾਕਟਰਾਂ ਅਤੇ ਸਮੁੱਚੇ ਰੂਪ ਵਿਚ ਸਮਾਜ ਦਾ ਹਮਦਰਦੀ ਤੇ ਪਿਆਰ ਭਰਿਆ ਰਵਈਆ ਹੋਣਾ ਚਾਹੀਦਾ ਹੈ। ਕਈ ਮਾਮਲਿਆਂ ਵਿਚ ਅਜਿਹਾ ਵਿਹਾਰ ਵਧੇਰੇ ਅਸਰਦਾਰ ਸਾਬਤ ਹੁੰਦਾ ਹੈ ਤੇ ਰੋਗੀ ਇਸ ਆਦਤ ਨੂੰ ਹਮੇਸ਼ਾ ਲਈ ਛੱਡਣ ਦਾ ਮਨ ਬਣਾ ਲੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦਾ ਕੋਈ ਪਰਿਵਾਰਕ ਜੀਅ, ਰਿਸ਼ਤੇਦਾਰ ਜਾਂ ਦੋਸਤ ਨਸ਼ੇ ਦੇ ਰਾਹ ਪੈ ਚੁੱਕਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਝਿਜਕ ਨਸ਼ਾ-ਛੁਡਾਊ ਕੇਂਦਰ ਵਿਚ ਲਿਆਉਣ ਜਿੱਥੇ ਮਾਹਿਰ ਡਾਕਟਰਾਂ ਵਲੋਂ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਤੇ ਇੰਜ ਅਜਿਹਾ ਵਿਅਕਤੀ ਮੁੱਖ ਧਾਰਾ ਸਮਾਜ ਵਿਚ ਪਰਤ ਕੇ ਆਮ ਨਾਗਰਿਕਾਂ ਵਾਂਗ ਖ਼ੁਸ਼ਹਾਲ ਤੇ ਚੰਗੀ ਜ਼ਿੰਦਗੀ ਜੀਣ ਦੇ ਕਾਬਲ ਬਣ ਸਕੇਗਾ।
ਇਸੇ ਤਰ੍ਹਾਂ ਡੇਰਾਬੱਸੀ ਅਤੇ ਕੁਰਾਲੀ ਦੇ ਹਸਪਤਾਲਾਂ ਵਿੱਚ ਐਸਐਮਓ ਡਾ. ਭੁਪਿੰਦਰ ਸਿੰਘ ਅਤੇ ਐਸਐਮਓ ਡਾ. ਸੰਗੀਤਾ ਜੈਨ ਦੀ ਅਗਵਾਈ ਵਿੱਚ ਸਿਹਤ ਜਾਗਰੂਕਤਾ ਕੈਂਪ ਅਤੇ ਨਸ਼ਿਆਂ ਤੇ ਏਡਜ਼ ਵਿਰੁਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਲੋਕਾਂ ਨੂੰ ਤੰਬਾਕੂ ਅਤੇ ਇਸ ਦੇ ਮਾੜੇ ਅਸਰ ਤੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਦੱਸਿਆ ਗਿਆ ਕਿ ਤੰਬਾਕੂ ਪਹਿਲਾਂ ਰੀਸੋ-ਰੀਸ ਜਾਂ ਸ਼ੌਕ ਵਜੋਂ ਵਰਤਿਆ ਜਾਂਦਾ ਹੈ ਜਿਹੜਾ ਬਾਅਦ ਵਿੱਚ ਪੱਕੀ ਆਦਤ ਬਣ ਜਾਂਦਾ ਹੈ। ਤੰਬਾਕੂ ਦੀ ਆਦਤ ਤੋਂ ਸਹਿਜੇ ਹੀ ਖਹਿੜਾ ਛੁਡਾਇਆ ਜਾ ਸਕਦਾ ਹੈ ਜੇ ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਅਤੇ ਸਿਹਤ ਕੇਂਦਰ ਵਿਚ ਆ ਕੇ ਡਾਕਟਰੀ ਇਲਾਜ ਕਰਵਾਏ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…