Share on Facebook Share on Twitter Share on Google+ Share on Pinterest Share on Linkedin ਪ੍ਰਾਈਵੇਟ ਬੈਂਕ ਦੀ ਛੱਤ ’ਚੋਂ ਪਾਣੀ ਰਿਸਣ ਕਾਰਨ ਸਾਜਨ ਟੈਲੀਮੈਟਿਕਸ ਦਾ 25 ਲੱਖ ਦਾ ਨੁਕਸਾਨ, ਮਾਮਲਾ ਥਾਣੇ ਪੁੱਜਾ ਉੱਪਰਲੀ ਮੰਜ਼ਿਲ ’ਤੇ ਐਚਡੀਐਫ਼ਸੀ ਬੈਂਕ ਵਿੱਚ ਚਲ ਰਿਹਾ ਸੀ ਕੰਮ, ਪੁਲੀਸ ਨੇ ਬੈਂਕ ਦੀ ਮੁਰੰਮਤ ਦਾ ਕੰਮ ਬੰਦ ਕਰਵਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ: ਇੱਥੋਂ ਦੇ ਫੇਜ਼-3ਬੀ2 ਵਿੱਚ ਸਥਿਤ ਸਾਜਨ ਟੈਲੀਮੈਟਿਕਸ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਛੱਤ ਤੋਂ ਪਾਣੀ ਟਪਕਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਸਾਜਨ ਟੈਲੀਮੈਟਿਕਸ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਉੱਪਰਲੀ ਮੰਜ਼ਿਲ ਵਿੱਚ ਇੱਕ ਬੈਂਕ ਦੀ ਸ਼ਾਖਾ ਚਲਦੀ ਹੈ। ਇਸ ਬੈਂਕ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਬੈਂਕ ਦੇ ਕਿਸੇ ਕਰਮਚਾਰੀ ਵੱਲੋਂ ਉੱਪਰਲੀ ਮੰਜ਼ਿਲ ਵਿੱਚ ਲੱਗੀਆਂ ਟੂਟੀਆਂ ਜਾਂ ਪਾਣੀ ਵਾਲੀਆਂ ਪਾਈਪਾਂ ਤੋਂ ਪਾਣੀ ਛੱਡ ਦਿੱਤਾ ਗਿਆ। ਜਿਸ ਕਾਰਨ ਸਾਰੀ ਰਾਤ ਪਾਣੀ ਛੱਤ ਤੋਂ ਹੇਠਾਂ ਆਉਂਦਾ ਰਿਹਾ। ਜਿਸ ਕਾਰਨ ਉਸ ਦੇ ਸੋਅ ਰੂਮ ਵਿੱਚ ਪਈਆਂ ਕਾਫੀ ਮਹਿੰਗੀ ਆਧੁਨਿਕ ਫੋਟੋ ਸਟੇਟ ਮਸ਼ੀਨਾਂ ਅਤੇ ਹੋਰ ਸਮਾਨ ਖਰਾਬ ਹੋ ਗਿਆ। ਇਸ ਨਾਲ ਉਸ ਨੂੰ ਕਰੀਬ 25 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੀੜਤ ਦੁਕਾਨਦਾਰ ਨੇ ਮਟੌਰ ਥਾਣੇ ਵਿੱਚ ਬੈਂਕ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਕਰਮਚਾਰੀ ਤੁਰੰਤ ਮਾਰਕੀਟ ਵਿੱਚ ਪਹੁੰਚ ਗਏ ਅਤੇ ਜਾਇਜ਼ਾ ਲਿਆ। ਪੁਲੀਸ ਨੇ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਫਿਲਹਾਲ ਬੈਂਕ ਵਿੱਚ ਚਲ ਰਿਹਾ ਮੁਰੰਮਤ ਦਾ ਕੰਮ ਬੰਦ ਕਰਵਾ ਦਿੱਤਾ ਹੈ। ਉੱਪਰਲੀ ਮੰਜ਼ਿਲ ਵਿੱਚ ਰਿਸਣ ਵਾਲਾ ਇਹ ਪਾਣੀ ਛੱਤ ਅਤੇ ਦੀਵਾਰਾਂ ’ਚੋਂ ਸਿਮ ਕੇ ਉਨ੍ਹਾਂ ਦੀ ਦੁਕਾਨ ਵਿੱਚ ਇਕੱਠਾ ਹੋ ਗਿਆ ਅਤੇ ਸਾਰੇ ਪਾਸੇ ਫੈਲ ਗਿਆ। ਉਨ੍ਹਾਂ ਦੱਸਿਆ ਕਿ ਇਸ ਪਾਣੀ ਨਾਲ ਉਨ੍ਹਾਂ ਦੀ ਦੁਕਾਨ ਵਿੱਚ ਪਈਆਂ ਫੋਟੋ ਸਟੇਟ ਤੇ ਹੋਰ ਕਈ ਤਰ੍ਹਾਂ ਦੀਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਅਤੇ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਲੱਗੇ ਯੂਪੀ ਐਸ ਨੁਕਸਾਨੇ ਗਏ ਹਨ। ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਨੁਕਸਾਨ ਬੈਂਕ ਵਾਲਿਆਂ ਦੀ ਗਲਤੀ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਬੈਂਕ ਵੱਲੋਂ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਦੌਰਾਨ ਇਲਾਕੇ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਾਜਨ ਟੈਲੀਮੈਟਿਕਸ ਦਾ ਦੌਰਾ ਕਰਕੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਬੈਂਕ ਤੋਂ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਐਚਡੀਐਫ਼ਸੀ ਬੈਂਕ ਦੇ ਪ੍ਰਾਜੈਕਟ ਮੈਨੇਜਰ ਰਾਜੇਸ਼ ਠਾਕੁਰ ਨੇ ਕਿਹਾ ਕਿ ਬੈਂਕ ਵੱਲੋਂ ਮੁਰੰਮਤ ਦੇ ਕੰਮ ਦਾ ਠੇਕਾ ਦਿੱਤਾ ਹੋਇਆ ਹੈ ਅਤੇ ਇਸ ਬਾਰੇ ਜੋ ਵੀ ਕਾਰਵਾਈ ਹੋਣੀ ਹੈ ਉਹ ਠੇਕੇਦਾਰ ਵੱਲੋਂ ਹੀ ਕੀਤੀ ਜਾਵੇਗੀ। ਮੌਕੇ ’ਤੇ ਮੌਜੂਦ ਠੇਕੇਦਾਰ ਦੇ ਕਰਮਚਾਰੀ ਦੀਪਕ ਕੁਮਾਰ ਨੇ ਮੰਨਿਆਂ ਕਿ ਉੱਪਰਲੀ ਮੰਜ਼ਿਲ ਤੋਂ ਪਾਣੀ ਆਉਣ ਕਾਰਨ ਹੇਠਲੀ ਦੁਕਾਨ ਦਾ ਨੁਕਸਾਨ ਹੋਇਆ ਹੈ ਅਤੇ ਇਸ ਸਬੰਧੀ ਉਹ ਸਾਜਨ ਟੈਲੀਮੈਟਿਕਸ ਦੇ ਮਾਲਕਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ