nabaz-e-punjab.com

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਅੱਧਾ ਕਿੱਲੋ ਨਸ਼ੀਲਾ ਪਾਊਡਰ ਅਤੇ ਅਸਲੇ ਸਣੇ ਮੁਲਜ਼ਮ ਗ੍ਰਿਫ਼ਤਾਰ

ਸਥਾਨਕ ਦਾਰਾ ਸਟੂਡੀਓ ਫੇਜ਼-6 ਨੇੜੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਕੀਤਾ ਕਾਬੂ, ਮੁਹਾਲੀ ਫੇਜ਼-1ਥਾਣੇ ਵਿੱਚ ਕੇਸ ਦਰਜ

ਮੁਲਜ਼ਮ ਕਤਲ, ਲੜਾਈ ਝਗੜੇ ਤੇ ਲੁੱਟ-ਖੋਹ ਦੇ 9 ਅਪਰਾਧਿਕ ਮਾਮਲਿਆਂ ਸੀ ਭਗੌੜਾ, ਦੋ ਕੇਸਾਂ ਵਿੱਚ ਜਾਰੀ ਹੋ ਚੁੱਕੇ ਹਨ ਗ੍ਰਿਫ਼ਤਾਰੀ ਵਾਰੰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਮੁਹਾਲੀ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਅੱਧਾ ਕਿੱਲੋਂ ਨਸ਼ੀਲਾ ਪਾਊਡਰ, .32 ਬੋਰ ਦੀ ਇੱਕ ਦੇਸ਼ੀ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਦਾ ਮੋਟਰ ਸਾਈਕਲ ਵੀ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਐਨਡੀਪੀਐਸ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੇ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ 9 ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮੁਲਜ਼ਮ ਭਗੌੜਾ ਚਲ ਰਿਹਾ ਹੈ ਜਦੋਂਕਿ ਦੋ ਕੇਸਾਂ ਵਿੱਚ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਕੰਵਲਜੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜਨ ਪਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਜੁਝਾਰ ਸਿੰਘ ਉਰਫ਼ ਸੋਨੀ ਉਰਫ਼ ਸਿਮਰਨਜੀਤ ਸਿੰਘ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਦਰਜ ਅਪਰਾਧਿਕ ਕੇਸਾਂ ਵਿੱਚ ਭਗੌੜਾ ਚਲ ਰਿਹਾ ਹੈ ਅਤੇ ਨਾਜਾਇਜ਼ ਹਥਿਆਰ ਰੱਖ ਕੇ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਇਹ ਵਿਅਕਤੀ ਅੱਜ ਚੰਡੀਗੜ੍ਹ ਤੋਂ ਮੁਹਾਲੀ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਲਈ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਹੈ।
ਐਸਐਸਪੀ ਚਾਹਲ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਪਾਰਟੀ ਚੌਕਸ ਹੋ ਗਈ ਅਤੇ ਨਾਕਾਬੰਦੀ ਦੌਰਾਨ ਜੁਝਾਰ ਸਿੰਘ ਉਰਫ਼ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ .32 ਬੋਰ ਦਾ ਦੇਸੀ ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ ਅੱਧਾ ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਸ੍ਰੀ ਅੰਮ੍ਰਿਤਸਰ ਵਿੱਚ ਆਪਣਾ ਵੱਖਰਾ ਗਰੋਹ ਚਲਾ ਰਿਹਾ ਹੈ ਅਤੇ ਉਸ ਦੀ ਗੈਂਗਸਟਰ ਸੋਨੂੰ ਵਾਸੀ ਅੰਮ੍ਰਿਤਸਰ ਨਾਲ ਨਿੱਜੀ ਰੰਜਸ਼ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜੁਝਾਰ ਸਿੰਘ ਦੇ ਖ਼ਿਲਾਫ਼ ਸੁਲਤਾਨਵਿੰਡ ਥਾਣਾ (ਅੰਮ੍ਰਿਤਸਰ) ਵਿੱਚ 2 ਜੁਲਾਈ 2012 ਨੂੰ ਐਨਡੀਪੀਐਸ ਐਕਟ ਤਹਿਤ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਇਸੇ ਥਾਣੇ ਵਿੱਚ 5 ਲੜਾਈ ਝਗੜੇ ਦੇ ਕੇਸ ਦਰਜ ਹਨ ਜਦੋਂਕਿ ਇਸੇ ਥਾਣੇ ਵਿੱਚ 7 ਫਰਵਰੀ 2013 ਨੂੰ ਡਕੈਤੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸੀ। ਇਸਲਾਮਾਬਾਦ ਥਾਣਾ (ਅੰਮ੍ਰਿਤਸਰ) ਵਿੱਚ ਇਸੇ ਸਾਲ 13 ਅਗਸਤ 2018 ਅਤੇ ਇਸੇ ਸਾਲ ਕਾਣਾ ਕੈਨਾਲ ਕਲੋਨੀ (ਜ਼ਿਲ੍ਹਾ ਬਠਿੰਡਾ) ਵਿੱਚ ਕਤਲ ਦੇ ਦੋ ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇਸਲਾਮਾਬਾਦ ਕੇਸ ਵਿੱਚ ਵੀ ਅਦਾਲਤ ਵੱਲੋਂ ਮੁਲਜ਼ਮ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮ ਜੁਝਾਰ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ, ਲੁੱਟਾਂ ਖੋਹਾਂ, ਕਤਲ ਅਤੇ ਲੜਾਈ ਝਗੜੇ ਦੇ ਮਾਮਲਿਆਂ ਸਬੰਧੀ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਜਨ ਪਰਵਿੰਦਰ ਸਿੰਘ ਵੱਲੋਂ ਮੁਲਜ਼ਮ ਨੂੰ ਵੀਰਵਾਰ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਕਿ ਮੁਲਜ਼ਮ ਕੋਲੋਂ ਨਾਜਾਇਜ਼ ਅਸਲੇ ਸਮੇਤ ਇਹ ਪਤਾ ਕਰਨਾ ਹੈ ਕਿ ਉਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਹੈ ਅਤੇ ਅੱਗੇ ਕਿੱਥੇ ਵੇਚਣਾ ਸੀ ਅਤੇ ਇਸ ਧੰਦੇ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…