nabaz-e-punjab.com

ਪਿੰਡ ਨਿਆਮੀਆਂ ਵਿੱਚ 6 ਗਊਆਂ ਤੇ ਇੱਕ ਬਲਦ ਦੀ ਭੇਦਭਰੀ ਹਾਲਤ ਵਿੱਚ ਮੌਤ

ਮਾਮਲੇ ਦੀ ਜਾਂਚ ਕਰਨ ਪਹੁੰਚੇ ਡਾਕਟਰ ਖੁਰਲੀ ਵਿੱਚ ਮਿਲੀ ਦਵਾਈ ਸੁੰਘਣ ਤੋਂ ਬਾਅਦ ਹੋਏ ਬੇਹੋਸ਼, ਸਿੱਧੂ ਵੱਲੋਂ ਜਾਂਚ ਦੇ ਹੁਕਮ

ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਦਿੱਤੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸੂਚਨਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਅਕਤੂਬਰ:
ਨਜਦੀਕੀ ਪਿੰਡ ਨਿਆਂਮੀਆਂ ਦੇ ਕਿਸਾਨ ਪਿਆਰਾ ਸਿੰਘ ਦੀਆਂ 6 ਗਊਆਂ ਅਤੇ ਇੱਕ ਬਲਦ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਸ਼ੂਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਪਹੁੰਚੀ ਡਾਕਟਰਾਂ ਦੀ ਟੀਮ ਦੇ ਦੋ ਡਾਕਟਰ ਜ਼ਹਿਰੀਲੀ ਦਵਾਈ ਦੇ ਅਸਰ ਕਾਰਨ ਬੇਹੋਸ਼ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਨਿਆਮੀਆਂ ਪਿੰਡ ਦੇ ਕਿਸਾਨ ਪਿਆਰਾ ਸਿੰਘ ਨੇ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ। ਇਸ ਵਾਸਤੇ ਉਸਨੇ ਆਪਣੀ ਜਮੀਨ ਉਪਰ ਲਿਮਟ ਕਰਵਾ ਕੇ ਬੈਂਕ ਤੋਂ ਕਰਜ਼ਾ ਲੈ ਕੇ 6 ਗਊਆਂ ਖਰੀਦੀਆਂ ਸਨ ਤੇ ਉਸ ਕੋਲ ਇਕ ਬੈਲ ਵੀ ਸੀ। ਉਸ ਦੀਆਂ ਚਾਰ ਗਾਵਾਂ ਗੱਭਣ ਸਨ। ਬੀਤੀ ਰਾਤ ਬਾਰਾਂ ਵਜੇ ਦੇ ਕਰੀਬ ਉਸਨੇ ਆਪਣੀਆਂ ਗਾਵਾਂ ਨੂੰ ਬਾਹਰੋਂ ਖੋਲ੍ਹ ਕੇ ਅੰਦਰ ਬੰਨਿਆ ਸੀ। ਇਸ ਦੌਰਾਨ ਉਸ ਦੀ ਇੱਕ ਗਾਂ ਪਹਿਲਾਂ ਕੰਬਣ ਲੱਗ ਪਈ। ਫਿਰ ਉਹ ਜ਼ਮੀਨ ’ਤੇ ਡਿੱਗ ਪਈ ਤੇ ਉਸਦੇ ਮੂੰਹ ’ਚੋਂ ਪਾਣੀ ਨਿਕਲਣ ਲੱਗ ਪਿਆ। ਇਸੇ ਦੌਰਾਨ ਉਸਦੀਆਂ ਬਾਕੀ ਦੀਆਂ ਗਾਵਾਂ ਵੀ ਇੱਕ ਇੱਕ ਕਰਕੇ ਹੇਠਾਂ ਡਿੱਗ ਗਈਆਂ ਅਤੇ ਉਹਨਾਂ ਦੇ ਮੂੰਹ ਵਿੱਚੋੱ ਪਾਣੀ ਜਿਹਾ ਨਿਕਲਣ ਲੱਗਿਆ। ਇਹਨਾਂ ਚਾਰਾਂ ਗਾਵਾਂ ਦੀ ਤੁਰੰਤ ਮੌਤ ਹੋ ਗਈ ਜਦੋੱਕਿ ਬਾਹਰ ਬੰਨੀਆਂ ਦੋ ਗਾਵਾਂ ਅਤੇ ਬਲਦ ਵੀ ਨਾਲ ਹੀ ਮਰ ਗਏ।
ਕਿਸਾਨ ਪਿਆਰਾ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਅਤੇ ਪਿੰਡ ਦੇ ਵਸਨੀਕ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਦਿੱਤੀ ਗਈ। ਇਸ ’ਤੇ ਕਾਰਵਾਈ ਕਰਦਿਆਂ ਸ੍ਰੀ ਸਿੱਧੂ ਵੱਲੋਂ ਮਾਮਲੇ ਦੀ ਜਾਂਚ ਲਈ ਪਸ਼ੂਪਾਲਣ ਵਿਭਾਗ ਦੇ ਡਾਕਟਰਾਂ ਦੀ ਟੀਮ ਨੂੰ ਪਿੰਡ ਵਿੱਚ ਭੇਜਿਆ ਗਿਆ ਜਿਹੜੀ ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਪਹੁੰਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਵਲੋੱ ਦਿੱਤੀ ਜਾਣਕਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਲਈ ਮਿਲਕ ਪਲਾਂਟ ਦੇ ਚੇਅਰਮੈਨ ਮੋਹਨ ਸਿੰਘ ਡੂਮੇਵਾਲ ਵਲੋੱ ਵੀ ਮੌਕੇ ਤੇ ਡਾਕਟਰਾਂ ਦੀ ਟੀਮ ਭੇਜੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿੱਧੇ ਤੌਰ ਤੇ ਜਾਨਵਰਾਂ ਨੂੰ ਜਹਿਰ ਦੇ ਕੇ ਮਾਰਨ ਦਾ ਹੈ ਅਤੇ ਜਦੋਂ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਤਾਂ ਗਾਵਾਂ ਦੀ ਖੁਰਲੀ ’ਚੋਂ ਜ਼ਹਿਰੀਲੀ ਦਵਾਈ ਫੈਰਾਡਾਨ ਦੇ ਅੰਸ਼ ਪਏ ਮਿਲੇ। ਇਸ ਦੌਰਾਨ ਮਾਮਲੇ ਦੀ ਜਾਂਚ ਕਰਨ ਆਏ ਦੋ ਡਾਕਟਰ ਇਸ ਦਵਾਈ ਨੂੰ ਸੁੰਘਣ ਤੇ ਬੇਹੋਸ਼ ਹੋ ਗਏ, ਜਿਹਨਾਂ ਨੂੰ ਦੂਜੇ ਡਾਕਟਰਾਂ ਵੱਲੋਂ ਹੋਸ਼ ਵਿੱਚ ਲਿਆਂਦਾ ਗਿਆ। ਸਾਫ ਜਾਹਿਰ ਹੋ ਰਿਹਾ ਸੀ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਹਨਾਂ ਗਾਵਾਂ ਤੇ ਬਲਦ ਨੂੰ ਮਾਰਨ ਲਈ ਹੀ ਉਹਨਾਂ ਦੀ ਖੁਰਲੀ ਵਿੱਚ ਫੈਰਾਡਾਨ ਦਵਾਈ ਪਾ ਦਿੱਤੀ ਸੀ।
ਬਾਅਦ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮ੍ਰਿਤਕ ਜਾਨਵਰਾਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਜਹਿਰੀਲੀ ਦਵਾਈ ਦੇ ਅਸਰ ਨੂੰ ਰੋਕਣ ਲਈ ਇਹਨਾਂ ਜਾਨਵਰਾਂ ਨੂੰ ਡੂੰਘਾ ਖੱਡਾ ਪੁੱਟ ਕੇ ਦਫਨਾਉਣ ਲਈ ਕਿਹਾ ਗਿਆ ਜਿਸਤੋੱ ਬਾਅਦ ਜੇ ਸੀ ਬੀ ਮਸ਼ੀਨ ਮੰਗਵਾ ਕੇ ਅਤੇ ਡੂੰਘਾ ਖੱਡਾ ਪੁੱਟ ਕੇ ਇਹਨਾਂ ਜਾਨਵਰਾਂ ਨੂੰ ਦਬਾ ਦਿੱਤਾ ਗਿਆ।
ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੀੜਤ ਕਿਸਾਨ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਹਿਤ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਵਿਭਾਗ ਵਲੋੱ ਮੁੱਖ ਮੰਤਰੀ ਪੰਜਾਬ ਨੂੰ ਇਕ ਪ੍ਰੋਪਜਲ ਬਣਾ ਕੇ ਭੇਜੀ ਜਾਵੇਗੀ ਕਿ ਇਸ ਤਰੀਕੇ ਨਾਲ ਮਰਨ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਰਾਹਤ ਦੇਣ ਲਈ ਨੀਤੀ ਤਿਆਰ ਕੀਤੀ ਜਾ ਸਕੇ ਅਤੇ ਬਣਦਾ ਮੁਆਵਜਾ ਦੇ ਕੇ ਉਹਨਾਂ ਦੀ ਆਰਥਿਕ ਮਦਦ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…