nabaz-e-punjab.com

21.84 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਉਦਯੋਗਿਕ ਫੋਕਲ ਪੁਆਇੰਟਾਂ ਦਾ ਕੀਤਾ ਜਾਵੇਗਾ ਨਵੀਨੀਕਰਨ: ਸੁੰਦਰ ਸ਼ਾਮ ਅਰੋੜਾ

ਚਾਰ ਵੱਖਰੇ ਫੋਕਲ ਪੁਆਇੰਟਾਂ ਦੇ ਨਵੀਨੀਕਰਨ ਲਈ ਪ੍ਰਸਤਾਵ ਤਿਆਰ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਅਕਤੂਬਰ:
ਪੰਜਾਬ ‘ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੂਬੇ ਦੇ ਚਾਰ ਉਦਯੋਗਿਕ ਫੋਕਲ ਪੁਆਇੰਟਾਂ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ‘ਤੇ 21.84 ਕਰੋੜ ਰੁਪਏ ਦੀ ਲਾਗਤ ਆਵੇਗੀ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ‘ਚ ਉਦਯੋਗਿਕ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਫੋਕਲ ਪੁਆਇੰਟ ਫੇਜ-4, ਲੁਧਿਆਣਾ ਦੇ ਨਵੀਨੀਕਰਨ ‘ਤੇ 6.70 ਕਰੋੜ ਰੁਪਏ ਖ਼ਰਚੇ ਜਾਣਗੇ। ਇਸੇ ਤਰ੍ਹਾਂ ਉਦਯੋਗਿਕ ਫੋਕਲ ਪੁਆਇੰਟ, ਜਲੰਧਰ ਦੇ ਨਵੀਨੀਕਰਨ ਅਤੇ ਵਿਸਥਾਰ ‘ਤੇ 9.57 ਕਰੋੜ ਰੁਪਏ, ਉਦਯੋਗਿਕ ਫੋਕਲ ਪੁਆਇੰਟ ਬਠਿੰਡਾ ਦਾ 3.09 ਕਰੋੜ ਰੁਪਏ ਅਤੇ ਉਦਯੋਗਿਕ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਦਾ 2.48 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। ਸ੍ਰੀ ਅਰੋੜਾ ਨੇ ਦੱਸਿਆ ਕਿ ਚਾਰ ਵੱਖਰੇ ਉਦਯੋਗਿਕ ਫੋਕਲ ਪੁਆਇੰਟਾਂ ਦਾ ਨਵੀਨੀਕਰਨ ਕਰਨ ਲਈ ਪ੍ਰਸਤਾਵ ਐਮ.ਐਸ.ਐਮ.ਈ., ਨਵੀਂ ਦਿੱਲੀ ਨੂੰ ਭੇਜਿਆ ਗਿਆ ਹੈ, ਜਿਸ ‘ਤੇ 38.28 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਸਤਾਵ ਤਹਿਤ ਉਦਯੋਗਿਕ ਫੋਕਲ ਪੁਆਇੰਟ, ਅੰਮ੍ਰਿਤਸਰ ਅਤੇ ਉਦਯੋਗਿਕ ਫੋਕਲ ਪੁਆਇੰਟ ਪਠਾਨਕੋਟ ਦਾ ਨਵੀਨੀਕਰਨ ਕ੍ਰਮਵਾਰ 10.39 ਕਰੋੜ ਰੁਪਏ ਅਤੇ 10.14 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਦਯੋਗਿਕ ਫੋਕਲ ਪੁਆਇੰਟ ਗੋਇੰਦਵਾਲ ਸਾਹਿਬ ਫੇਜ-1 ਤੇ 2 ਦਾ ਨਵੀਨੀਕਰਨ 9.13 ਕਰੋੜ ਰੁਪਏ ਅਤੇ ਉਦਯੋਗਿਕ ਫੋਕਲ ਪੁਆਇੰਟ ਚਨਾਲੋਂ ਦਾ ਨਵੀਨੀਕਰਨ 8.62 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਦੱਸਿਆ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਵਲੋਂ ਨਵੇਂ ਉਦਯੋਗਿਕ ਫੋਕਲ ਪੁਆਇੰਟ ਬਣਾਉਣ ਤੇ ਪੁਰਾਣਿਆਂ ਦਾ ਨਵੀਨੀਕਰਨ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵਲੋਂ ਕੇਂਦਰ ਸਰਕਾਰ ਦੀ ਉਦਯੋਗਿਕ ਬੁਨਿਆਦੀ ਢਾਂਚਾ ਅਪਗ੍ਰੇਡੇਸ਼ਨ ਸਕੀਮ ਤਹਿਤ ਨਾਭਾ ਵਿਖੇ ਨਿਰਮਾਣ ਕਲੱਸਟਰ ਲਈ ਨਵਾਂ ਇੰਡਸਟਰੀਅਲ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 44.26 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਇੰਡਸਟਰੀਅਲ ਫੋਕਲ ਪੁਆਇੰਟ ਦਾ ਕੁੱਲ ਰਕਬਾ 83.81 ਏਕੜ ‘ਚ ਫੈਲਿਆ ਹੈ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਵਲੋਂ ਧਨਾਨਸੂ, ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਹਾਈ-ਟੈੱਕ ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 350 ਏਕੜ ਰਕਬੇ ‘ਚ ਫੈਲੀ ਇਸ ਵੈਲੀ ‘ਤੇ ਅੰਦਾਜ਼ਨ 500 ਕਰੋੜ ਰੁਪਏ ਖਰਚੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…