nabaz-e-punjab.com

ਮੁਹਾਲੀ ਵਿੱਚ ਗੁਟਕਾ ਸਾਹਿਬ ਦੀਆਂ ਮਿਲੀਆਂ ਜਿਲਦਾਂ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼: ਗਿਆਨੀ ਗੁਰਬਚਨ ਸਿੰਘ

ਮੁੱਖ ਮੰਤਰੀ ਤੋਂ ਨਿੱਜੀ ਦਖ਼ਲ ਦੇ ਕੇ ਕਾਰਵਾਈ ਕਰਨ ਦੀ ਮੰਗ, ਜੇਪੀ ਦੀ ਅਗਵਾਈ ’ਚ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਵਿੱਚ ਕੁੱਝ ਦਿਨ ਪਹਿਲਾਂ ਮਿਲੀਆਂ ਗੁਟਕਾ ਸਾਹਿਬ ਦੀਆਂ ਅਨੇਕਾਂ ਜਿਲਦਾਂ ਅਸਲ ਵਿੱਚ ਸ਼ਰਾਰਤੀ ਅਨਸਰਾਂ ਵਲੋੱ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਸਾਜਿਸ਼ ਹਨ ਅਤੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਇਸ ਘਟਨਾ ਪਿਛੇ ਲੁਕੀ ਸਾਜਿਸ਼ ਦਾ ਡੂੰਘਾਈ ਨਾਲ ਪਤਾ ਲਾਉਣਾ ਚਾਹੀਦਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋੱ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਇਸ ਮਾਮਲੇ ਲਈ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਵੇ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੁਹਾਲੀ ਵਿੱਚ ਬੀਤੀ 9 ਅਕਤੂਬਰ ਨੂੰ ਕੁੱਝ ਸ਼ਰਾਰਤੀ ਵਿਅਕਤੀਆਂ ਵੱਲੋਂ ਗੁਟਕਾ ਸਾਹਿਬ ਦੀਆਂ ਢਾਈ ਦਰਜਨ ਤੋਂ ਵੱਧ ਜਿਲਦਾਂ ਸੜਕ ਕਿਨਾਰੇ ਸੁੱਟ ਦਿੱਤੀਆਂ ਗਈਆਂ ਸਨ। ਇਸ ਸੰਬੰਧੀ ਸਿੱਖ ਸ਼ਰਧਾਲੂਆਂ ਵਲੋੱ ਸਥਾਨਕ ਪੁਲੀਸ ਨੂੰ ਜਾਣਕਾਰੀ ਦੇਣ ਉਪਰੰਤ ਇਹ ਜਿਲਦਾਂ ਪੁਲੀਸ ਵੱਲੋਂ ਥਾਣੇ ਲਿਜਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖ ਹਿਰਦਿਆਂ ਨੂੰ ਵਲੂੰਧਰ ਦੇਣ ਵਾਲੀ ਇਸ ਵਾਰਦਾਤ ਬਾਰੇ ਪੁਲੀਸ ਵਲੋੱ ਹੁਣ ਤਕ ਕੋਈ ਅਪਰਾਧਿਕ ਮਾਮਲਾ ਤੱਕ ਦਰਜ ਨਹੀਂ ਕੀਤਾ ਗਿਆ ਅਤੇ ਪੁਲੀਸ ਵਲੋੱ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਕਲਗੀਧਰ ਸੇਵਕ ਜਥਾ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਇਹ ਪੂਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਭਾਈ ਜਤਿੰਦਰਪਾਲ ਸਿੰਘ ਜੇਪੀ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵੱਲੋਂ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਕਰਕੇ ਉਹਨਾਂ ਨੂੰ ਰਿਪੋਰਟ ਦਿੱਤੀ ਜਾਵੇਗੀ ਅਤੇ ਪ੍ਰਸ਼ਾਸ਼ਨ ਨੂੰ ਮਿਲ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋੱ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਇਸ ਘਟਨਾ ਦੀ ਜਾਂਚ ਵਿਸ਼ੇਸ਼ ਟੀਮ ਤੋੱ ਕਰਵਾ ਕੇ ਮਾਮਲੇ ਦੀ ਸੱਚਾਈ ਸਾਮ੍ਹਣੇ ਲਿਆਉਣ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਜਲਦੀ ਪਤਾ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਸੰਪਰਕ ਕਰਨ ਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਵੱਲੋਂ ਕੀਤੀ ਗਈ ਮੰਗ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਪੁਲੀਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਂਦਾ: ਜੇ ਪੀ ਸਿੰਘ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋੱ ਬਣਾਈ ਗਈ ਜਾਂਚ ਕਮੇਟੀ ਦੇ ਇੰਚਾਰਜ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਉਹਨਾਂ ਨੇ ਹੀ ਇਹ ਸਾਰਾ ਮਾਮਲਾ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਵਲੋੱ ਉਹਨਾਂ ਦੀ ਅਗਵਾਈ ਵਿੱਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਹਨਾਂ ਕਿਹਾ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੀਤੀ ਗਈ ਢਿੱਲੀ ਕਾਰਵਾਈ ਕਾਰਨ ਅਜੇ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਫੜੇ ਨਹੀਂ ਜਾ ਸਕੇ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਵਾਪਰੀ ਇਸ ਘਟਨਾ ਵਿੱਚ ਢਾਈ ਦਰਜਨ ਦੇ ਕਰੀਬ ਗੁਟਕਾ ਸਾਹਿਬ ਦੀਆਂ ਜਿਹੜੀਆਂ ਜਿਲਦਾਂ ਮਿਲੀਆਂ ਹਨ ਉਹਨਾਂ ਅੰਦਰਲੇ ਅੰਗ ਗਾਇਬ ਹਨ। ਇਹ ਅੰਗ ਗਾਇਬ ਕਰਕੇ ਕਿਥੇ ਰੱਖੇ ਗਏ, ਇਸਦਾ ਪਤਾ ਲਗਾਇਆ ਜਾਣਾ ਹੁਣੇ ਬਾਕੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਪਿਛੇ ਕੋਈ ਡੂੰਘੀ ਸਾਜਿਸ਼ ਜਾਪਦੀ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਸ਼ਰਾਰਤੀ ਅਨਸਰਾਂ ਵਲੋੱ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…