nabaz-e-punjab.com

ਪੰਜਾਬ ਬੋਰਡ ਦੀ ਸੀਨੀਅਰ ਕਾਨੂੰਨੀ ਸਲਾਹਕਾਰ ਸ੍ਰੀਮਤੀ ਸਰੋਇਆ ਨੂੰ ਕੰਟਰੋਲਰ ਪ੍ਰੀਖਿਆਵਾਂ ਦਾ ਵਾਧੂ ਚਾਰਜ ਦਿੱਤਾ

ਸਕੂਲ ਬੋਰਡ ਦੇ ਕਈ ਚਾਰਜਸ਼ੀਟ ਸੀਨੀਅਰ ਅਧਿਕਾਰੀਆਂ ਦੀ ਨਹੀਂ ਚਲੀ ਕੋਈ ਵਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਸਕੂਲ ਬੋਰਡ ਦੀ ਸੀਨੀਅਰ ਕਾਨੂੰਨੀ ਸਲਾਹਕਾਰ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਨੂੰ ਕੰਟਰੋਲਰ ਪ੍ਰੀਖਿਆਵਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਂਜ ਇਸ ਤੋਂ ਪਹਿਲਾਂ ਵੀ ਸ੍ਰੀਮਤੀ ਸਰੋਇਆ ਇਸ ਅਹੁਦੇ ’ਤੇ ਤਾਇਨਾਤ ਰਹਿ ਚੁੱਕੇ ਹਨ। ਸਿੱਖਿਆ ਬੋਰਡ ਦੀ ਇਹ ਮਹੱਤਵ ਪੂਰਨ ਅਸਾਮੀ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈ ਹੈ। ਬੋਰਡ ਮੈਨੇਜਮੈਂਟ ਇਸ ਅਹਿਮ ਅਸਾਮੀ ’ਤੇ ਕਿਸੇ ਸੀਨੀਅਰ ਅਧਿਕਾਰੀ ਦੀ ਪੱਕੀ ਨਿਯੁਕਤੀ ਕਰਨ ਦੀ ਬਜਾਏ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਜਦੋਂਕਿ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਅਮਲ ਜ਼ਿਆਦਾਤਰ ਕੰਟਰੋਲਰ ਪ੍ਰੀਖਿਆਵਾਂ ਉੱਤੇ ਹੀ ਨਿਰਭਰ ਹੁੰਦਾ ਹੈ। ਇਸ ਕੰਮ ਵਿੱਚ ਛੋਟੀ ਜਿਹੀ ਗਲਤੀ ਵਿਦਿਆਰਥੀਆਂ ਦੇ ਭਵਿੱਖ ’ਤੇ ਭਾਰੂ ਪੈ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੰਟਰੋਲਰ ਪ੍ਰੀਖਿਆਵਾਂ ਦਾ ਅਹੁਦਾ ਲੈਣ ਲਈ ਸਕੂਲ ਬੋਰਡ ਦੇ ਹੋਰ ਵੀ ਕਈ ਸੀਨੀਅਰ ਅਧਿਕਾਰੀ ਕਾਫੀ ਭੱਜ ਨੱਠ ਕਰ ਰਹੇ ਸੀ ਲੇਕਿਨ ਉਨ੍ਹਾਂ ’ਚੋਂ ਜ਼ਿਆਦਾਤਰ ਅਧਿਕਾਰੀ ਚਾਰਜਸ਼ੀਟ ਚਲ ਰਹੇ ਹਨ ਅਤੇ ਕਈ ਅਧਿਕਾਰੀਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਜਿਨ੍ਹਾਂ ਨੂੰ ਚਾਰਜਸ਼ੀਟ ਕਰਨ ਦੀ ਫਾਈਲ ਬੋਰਡ ਮੈਨੇਜਮੈਂਟ ਦੇ ਮੇਜ਼ ’ਤੇ ਪਈ ਹੈ।
ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਸ੍ਰੀਮਤੀ ਸਰੋਇਆ ਨੂੰ ਉਨ੍ਹਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਾਰਜ ਸੰਚਾਲਨ, ਪ੍ਰੀਖਿਆ ਸ਼ਾਖਾ ਦਸਵੀਂ ਅਤੇ ਬਾਰ੍ਹਵੀਂ, ਸਕਾਲਰਸ਼ਿਪ ਅਤੇ ਯੂਐਮਸੀ ਅਤੇ ਗੁਪਤ ਸ਼ਾਖਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਟਰੋਲਰ ਪ੍ਰੀਖਿਆਵਾਂ ਦੀ ਇਹ ਅਸਾਮੀ ਬੋਰਡ ਦੀ ਸੰਯੁਕਤ ਸਕੱਤਰ ਸ੍ਰੀਮਤੀ ਕਰਨਜਗਦੀਸ ਕੌਰ ਦੇ ਸੇਵਾਮੁਕਤੀ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਕੋਲ ਵੀ ਵਾਧੂ ਚਾਰਜ ਸੀ। ਸ੍ਰੀਮਤੀ ਸਰੋਇਆ ਇਸ ਤੋਂ ਪਹਿਲਾਂ 28 ਮਾਰਚ 2004 ਤੋਂ 28 ਦਸੰਬਰ 2006 ਤੱਕ ਵਾਧੂ ਚਾਰਜ ਅਤੇ 14 ਸਤੰਬਰ 2010 ਤੋਂ 31 ਮਈ 2012 ਤੱਕ ਪੱਕੇ ਤੌਰ ’ਤੇ ਸਿੱਧੀ ਭਰਤੀ ਰਾਹੀਂ ਕੰਟਰੋਲਰ ਪ੍ਰੀਖਿਆਵਾਂ ਦੇ ਅਹੁਦੇ ’ਤੇ ਸਫ਼ਲਤਾ ਪੂਰਵਕ ਕੰਮ ਕਰ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…