Share on Facebook Share on Twitter Share on Google+ Share on Pinterest Share on Linkedin ਮੁਹਾਲੀ ਹਲਕੇ ਦੀਆਂ ਲਿੰਕ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ: ਸਿੱਧੂ ਪਸ਼ੂ ਪਾਲਣ ਮੰਤਰੀ ਬਲਬੀਰ ਸਿੱਧੂ ਵੱਲੋਂ ਨਾਨੋਮਾਜਰਾ-ਸੰਭਾਲਕੀ ਤੇ ਸੁੱਖਗੜ੍ਹ ਸੜਕ ਲੋਕਾਂ ਨੂੰ ਸਮਰਪਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ: ਐਸ.ਏ.ਐਸ.ਨਗਰ ਹਲਕੇ ਦੀਆਂ ਲਿੰਕ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਖਸਤਾ ਹਾਲਤ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਮੁਰੰਮਤ ਕਰਵਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਾਨੋਮਾਜਰਾ-ਸੰਭਾਲਕੀ-ਸੁੱਖਗੜ੍ਹ ਤੱਕ ਦੀ ਵਿਸ਼ੇਸ਼ ਮੁਰੰਮਤ ਕਰਵਾਈ ਲਿੰਕ ਸੜਕ ਨੂੰ ਲੋਕ ਸਮਰਪਿਤ ਕਰਨ ਮੌਕੇ ਪਿੰਡ ਨਾਨੋਮਾਜਰਾ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਿੱਧੂ ਨੇ ਦੱਸਿਆ ਕਿ ਲੋਕਾਂ ਵਲੋਂ ਲੰਮੇ ਚਿਰ ਤੋਂ ਇਸ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ ਅਤੇ ਹੁਣ ਇਸ ਸੜਕ ’ਤੇ 23 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਇਸ ਦੀ ਵਿਸ਼ੇਸ਼ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਐਸ.ਏ.ਐਸ. ਨਗਰ ਹਲਕੇ ਨੂੰ ਸੂਬੇ ਦਾ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਇਆ ਜਾਵੇਗਾ ਅਤੇ ਇਸ ਹਲਕੇ ਦੇ ਸਰਬਪੱਖੀ ਵਿਕਾਸ ਲਈ ਧੰਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਹਲਕੇ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਦੇ ਨੌਜਵਾਨਾਂ ਨੂੰ ਵੀ ਸਹਾਇਕ ਧੰਦਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਪਸ਼ੂ ਪਾਲਣ ਅਤੇ ਡੇਅਰੀ ਵਰਗੇ ਲਾਹੇਵੰਦ ਧੰਦੇ ਸ਼ੁਰੂ ਕਰ ਸਕਣ। ਪਿੰਡ ਨਾਨੋਮਾਜਰਾ ਦੇ ਵਾਸੀਆਂ ਨੇ ਪਿੰਡ ’ਚ ਬਿਜਲੀ ਦੀ ਸਪਲਾਈ ਦੇ ਸੁਧਾਰ ਲਈ ਪਿੰਡ ਦੇ ਟਰਾਂਸਫਰ ਦੀ ਸਮਰੱਥਾ ਦੁੱਗਣੀ ਕਰਨ ਅਤੇ ਪਿੰਡ ਦੀ ਪੀਣ ਵਾਲੇ ਪਾਣੀ ਦੀ ਟੈਂਕੀ ਦੀ ਮੋਟਰ ਵੱਡੀ ਪਾਉਣ ਦੀ ਮੰਗ ਵੀ ਕੀਤੀ ਤਾਂ ਜੋ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਹੋਵੇ। ਉਨ੍ਹਾਂ ਮੌਕੇ ਤੇ ਹੀ ਮੰਗਾਂ ਦੀ ਪੂਰਤੀ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਪਿੰਡ ਦਰਾਲੀ ਦੇ ਲੋਕਾਂ ਨੇ ਸ੍ਰੀ ਸਿੱਧੂ ਨੂੰ ਮੰਗ ਪੱਤਰ ਸੌਂਪਦੇ ਹੋਏ ਦਰਾਲੀ ਰੇਲਵੇ ਪੁਲ ਤੋਂ ਦਰਾਲੀ ਪਿੰਡ ਤੱਕ ਦੀ ਲਿੰਕ ਸੜਕ ਦੀ ਮੁਰੰਮਤ ਕਰਨ ਦੀ ਮੰਗ ਵੀ ਕੀਤੀ। ਸ੍ਰੀ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਲਿੰਕ ਸੜਕ ਦੀ ਜਲਦੀ ਹੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ, ਐਸਡੀਓ ਰਾਜੀਵ ਗੌੜ, ਅਨੀਸ਼ ਕੁਮਾਰ, ਜੀ.ਐਸ.ਰਿਆੜ, ਸੁਰਿੰਦਰ ਸਿੰਘ ਨੰਬਰਦਾਰ, ਮੋਹਨ ਲਾਲ, ਦੇਵ ਕਿਸ਼ਨ, ਅਮਰਜੀਤ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ, ਸਤਪਾਲ ਸਿੰਘ, ਜਰਨੈਲ ਸਿੰਘ, ਵਿਜੈ ਕੁਮਾਰ, ਹਰਬੰਸ ਸਿੰਘ, ਹਰਦੇਵ ਸਿੰਘ, ਗੁਰਧਿਆਨ ਸਿੰਘ, ਧਰਮਪਾਲ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ ਨੰਬਰਦਾਰ, ਅਵਤਾਰ ਸਿੰਘ ਅਣਖੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ