nabaz-e-punjab.com

ਮੁਹਾਲੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 15 ਲੱਖ ਰੁਪਏ ਨਗਦ ਰਾਸ਼ੀ ਬਰਾਮਦ

ਏਅਰਪੋਰਟ ਪੁਲੀਸ ਨੇ ਦੋਵੇਂ ਯਾਤਰੀ ਅਤੇ ਪੈਸਾ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਬੀਤੇ ਦਿਨੀਂ ਦੋ ਹਰਿਆਣਵੀਂ ਯਾਤਰੀਆਂ ਕੋਲੋਂ 15 ਲੱਖ ਰੁਪਏ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਏਅਰਪੋਰਟ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ੍ਰੀਨਗਰ ਤੋਂ ਆਉਣ ਵਾਲੀ ਇੰਡਗੋ ਫਲਾਈਟ ਵਿੱਚ ਯਾਤਰੀ ਲੱਖਾਂ ਰੁਪਏ ਨਗਦ ਰਾਸ਼ੀ ਲੈ ਕੇ ਆ ਰਹੇ ਹਨ। ਸੂਚਨਾ ਮਿਲਦੇ ਹੀ ਹਵਾਈ ਅੱਡੇ ’ਤੇ ਪੁਲੀਸ ਕਰਮਚਾਰੀ ਚੌਕਸ ਹੋ ਗਏ।
ਐਸਐਚਓ ਸ੍ਰੀ ਬੱਲ ਨੇ ਦੱਸਿਆ ਕਿ ਸ੍ਰੀਨਗਰ ਤੋਂ ਇੰਡਗੋ ਫਲਾਈਟ ਰਾਹੀਂ ਮੁਹਾਲੀ ਹਵਾਈ ਅੱਡੇ ’ਤੇ ਉੱਤਰੇ ਇੱਕ ਯਾਤਰੀ ਅਰਵਿਦਜੀਤ ਵਾਸੀ ਪਾਣੀਪਤ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਜਦੋਂ ਤਲਾਸ਼ੀ ਲੈਣ ਦੇਣ ਲਈ ਆਖਿਆ ਤਾਂ ਪਹਿਲਾਂ ਉਹ ਅੌਖਾ ਭਾਰਾ ਹੋਇਆ ਪ੍ਰੰਤੂ ਜਦੋਂ ਪੁਲੀਸ ਨੇ ਥੋੜ੍ਹੀ ਸਖ਼ਤੀ ਵਰਤੀ ਤਾਂ ਪੁੱਛਗਿੱਛ ਦੌਰਾਨ ਯਾਤਰੀ ਕੋਲੋਂ 11 ਲੱਖ ਰੁਪਏ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਯਾਤਰੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਗਰਮ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਕਾਰੋਬਾਰ ਸਬੰਧੀ ਪੈਸਿਆਂ ਦੇ ਲੈਣ ਦੇਣ ਲਈ ਉਸ ਨੇ ਪੈਸਿਆਂ ਦਾ ਜੁਗਾੜ ਕੀਤਾ ਸੀ।
ਪੁੱਛਗਿੱਛ ਦੌਰਾਨ ਅਰਵਿਦਜੀਤ ਨੇ ਪੁਲੀਸ ਨੂੰ ਦੱਸਿਆ ਕਿ ਉਸ ਨਾਲ ਇੱਕ ਯਾਤਰੀ ਤਰੁਣ ਨਾਰੰਗ ਵੀ ਸ੍ਰੀਨਗਰ ਤੋਂ ਮੁਹਾਲੀਅ ਆਇਆ ਹੈ। ਉਨ੍ਹਾਂ ਨੇ ਇੱਥੋਂ ਪਾਣੀਪਤ ਜਾਣਾ ਹੈ। ਪੁਲੀਸ ਨੇ ਜਦੋਂ ਤਰੁਣ ਨਾਰੰਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚਾਰ ਲੱਖ ਰੁਪਏ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਦੋਵੇਂ ਯਾਤਰੀ ਉਨ੍ਹਾਂ ਕੋਲੋਂ ਬਰਾਮਦ ਲੱਖਾਂ ਰੁਪਏ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਉਂਜ ਇਨ੍ਹਾਂ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਗਰਮ ਕੱਪੜਿਆਂ ਦਾ ਵਪਾਰ ਕਰਦੇ ਹਨ। ਇਸ ਮਗਰੋਂ ਏਅਰਪੋਰਟ ਪੁਲੀਸ ਨੇ ਦੋਵੇਂ ਯਾਤਰੀਆਂ ਅਤੇ ਉਨ੍ਹਾਂ ਕੋਲੋਂ ਬਰਾਮਦ 15 ਲੱਖ ਰੁਪਏ ਦੀ ਨਗਦੀ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …