nabaz-e-punjab.com

ਪ੍ਰਾਈਵੇਟ ਕਾਲਜ ਦੇ ਵਾਰਡਨ ਵੱਲੋਂ ਵਿਦਿਆਰਥੀ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼, ਕੇਸ ਦਰਜ

ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ, ਭੰਨ ਤੋੜ ਕੀਤੀ, ਕਾਲਜ ਮੈਨੇਜਮੈਂਟ ਨੇ ਵਾਰਡਨ ਨੂੰ ਨੌਕਰੀ ਤੋਂ ਹਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਮੁਹਾਲੀ ਨੇੜਲੇ ਇੱਕ ਨਾਮੀ ਪ੍ਰਾਈਵੇਟ ਕਾਲਜ ਦੇ ਵਾਰਡਨ ਵੱਲੋਂ ਕਾਲਜ ਦੇ ਵਿਦਿਆਰਥੀ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਸੋਹਾਣਾ ਥਾਣਾ ਦੇ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਕਾਲਜ ਦੇ ਵਾਰਡਨ (ਸਾਬਕਾ ਫੌਜੀ) ਸੰਜੀਵ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੇ ਖ਼ਿਲਾਫ਼ ਧਾਰਾ 342, 377, 506 ਅਤੇ 511 ਦੇ ਤਹਿਤ ਕੇਸ ਦਰਜ ਕਰਕੇ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਵਾਰਡਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ।
ਇਸ ਸਬੰਧੀ ਪੀੜਤ ਵਿਦਿਆਰਥੀ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਸਥਾਨਕ ਪ੍ਰਾਈਵੇਟ ਕਾਲਜ ਵਿੱਚ ਬੀਐਸਈ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦਾ ਹੈ। ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਸੀ। ਇਸ ਦੌਰਾਨ ਦੇਰ ਰਾਤ ਕਰੀਬ 11 ਵਜੇ ਹੋਸਟਲ ਦਾ ਵਾਰਡਨ ਸੰਜੀਵ ਕੁਮਾਰ ਉਸ ਦੇ ਕਮਰੇ ਦਾ ਦਰਵਾਜਾ ਖੜਕਾਇਆ ਅਤੇ ਉਸ ਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਗਿਆ। ਜਿੱਥੇ ਵਾਰਡਨ ਨੇ ਉਸ (ਵਿਦਿਆਰਥੀ) ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦਾ ਉਸ ਨੇ ਵਿਰੋਧ ਕੀਤਾ ਅਤੇ ਜਦੋਂ ਉਸ ਨੇ ਵਾਰਡਨ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਵਿਦਿਆਰਥੀ ਨੂੰ ਧਮਕਾਇਆ ਕਿ ਉਹ ਉਸ ਨੂੰ ਸਮੈਕ\ਚਰਸ ਦੇ ਝੂਠੇ ਕੇਸ ਵਿੱਚ ਫਸਾ ਦੇਵੇਗਾ। ਪੀੜਤ ਵਿਦਿਆਰਥੀ ਅਨੁਸਾਰ ਉਸ ਨੇ ਵਾਪਸ ਆਪਣੇ ਕਮਰੇ ਵਿੱਚ ਆ ਕੇ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਨੇ ਤੁਰੰਤ 100 ਨੰਬਰ ’ਤੇ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿੱਚ ਫੋਨ ’ਤੇ ਘਟਨਾ ਬਾਰੇ ਇਤਲਾਹ ਦਿੱਤੀ।
ਉਧਰ, ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਦਿਆਰਥੀ ਕੋਲ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਹੋਣ ਬਾਰੇ ਸੂਚਨਾ ਮਿਲੀ ਸੀ। ਜਿਸ ਕਾਰਨ ਹੋਸਟਲ ਦੇ ਵਾਰਡਨ ਨੇ ਪੁੱਛਗਿੱਛ ਲਈ ਵਿਦਿਆਰਥੀ ਨੂੰ ਆਪਣੇ ਕਮਰੇ ਵਿੱਚ ਸੱਦਿਆ ਸੀ। ਇਸ ਸਬੰਧੀ ਕਾਲਜ ਕੈਂਪਸ ਵਿੱਚ ਇਹ ਗੱਲ ਵੀ ਪ੍ਰਚਾਰੀ ਜਾ ਰਹੀ ਹੈ ਕਿ ਹੋ ਸਕਦਾ ਹੈ ਵਿਦਿਆਰਥੀ ਨੇ ਕਾਰਵਾਈ ਤੋਂ ਬਚਨ ਲਈ ਵਾਰਡਨ ’ਤੇ ਝੂਠਾ ਦੋਸ ਲਗਾਇਆ ਹੋਵੇ। ਉਧਰ, ਇਸ ਘਟਨਾ ਤੋਂ ਬਾਅਦ ਅੱਜ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਤੋੜ ਭੰਨ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਲਜ ਮੈਨੇਜਮੈਂਟ ਨੇ ਹੋਸਟਲ ਦੇ ਵਾਰਡਨ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਹਟਾ ਦਿੱਤਾ ਅਤੇ ਪੀੜਤ ਵਿਦਿਆਰਥੀ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…