nabaz-e-punjab.com

ਜੀਜੇ-ਸਾਲੇ ਦੀ ਲੀਡਰਸ਼ਿਪ ਹੇਠ ‘ਇੰਨੇ ਮੰਦਭਾਗੇ ਕੰਮ ਹੋਏ ਬਿਆਨ ਕਰੀਏ ਤਾਂ ਥਾਂ ਵੀ ਥੂੜ ਜਾਵੇ: ਬ੍ਰਹਮਪੁਰਾ

ਸ਼੍ਰੋਮਣੀ ਅਕਾਲੀ ਦਲ ਤੇ ਪੰਥ ਦੇ ਭਲੇ ਲਈ ਸੁਖਬੀਰ ਬਾਦਲ ਫੌਰਨ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ: ਬ੍ਰਹਮਪੁਰਾ
2017 ਦੀਆਂ ਵਿਧਾਨ ਸਭਾ ਚੋਣਾਂ ਦੀ ਵੱਡੀ ਹਾਰ ਲਈ ਸੁਖਬੀਰ ਬਾਦਲ ਤੇ ਮਜੀਠੀਆ ਜ਼ਿੰਮਵਾਰ

ਨਬਜ਼-ਏ-ਪੰਜਾਬ ਬਿਊਰੋ, ਤਰਨ ਤਾਰਨ, 4 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ‘ਪਖੰਡੀ ਸਿਰਸੇ ਵਾਲੇ ਸਾਧ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣਾ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀ ਘਟਨਾਵਾਂ ਕਾਰਨ ਦੋਸ਼ੀਆਂ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੇ ਹੋਏ ਨਿਹੱਥੇ ਸਿੰਘਾਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਜਾਰੀ ਕਰਨਾ ਜਿਸ ਨਾਲ ਕਈ ਸਿੰਘਾਂ ਨੂੰ ਸ਼ਹੀਦ ਕਰਵਾ ਦੇਣਾ ਅਤੇ ਇਸ ਘਟਨਾ ਨਾਲ ਸਮੁੱਚੀ ਸਿੱਖ ਕੌਮ ਨੂੰ ਵੱਡਾ ਧੱਕਾ ਲੱਗਾ। ਲਿਹਾਜ਼ਾ ‘ਸਿੱਖ ਕੌਮ ਅਤੇ ਪੰਥ’ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ (3) ਤਿੰਨ ਸੀਨੀਅਰ ਟਕਸਾਲੀ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਗਿਆ। ਇਨ੍ਹਾਂ ਸਾਰੀਆਂ ਘਟਨਾਵਾਂ ਲਈ ਟਕਸਾਲੀ ਨੇਤਾਵਾਂ ਨੇ ‘ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ।
ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ‘ਮਾਝੇ ਦੇ ਜਰਨੈਲ’ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਦੀਵਾਨ ਹਾਲ, ਚੋਹਲਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤੇ ਆਪਣੇ ਅਸਤੀਫ਼ੇ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਇੱਕ ਹਲਕਾ ਪੱਧਰ ’ਤੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਮੀਟਿੰਗ ਇੱਕ ਵੱਡੇ ਇਕੱਠ ਅਤੇ ਰੈਲੀ ਵਿੱਚ ਤਬਦੀਲ ਹੋ ਗਈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਇੱਕ ਪਵਿੱਤਰ ਅਤੇ ਧਾਰਮਿਕ ਨੀਂਹ ਉੱਤੇ ਰੱਖੀਂ ਉਸਰੀ ਜਮਾਤ ਸੀ। ਜਿਸ ਨੂੰ ਸੁਖਬੀਰ ਬਾਦਲ ਅਤੇ ਉਸ ਦੇ ਸਾਲੇ ਬਿਕਰਮ ਮਜੀਠੀਏ ਨੇ ਆਪਣੇ ਸਵਾਰਥਾਂ ਲਈ ਪਰਿਵਾਰਕ ਅਤੇ ਨਿੱਜੀ ਫਾਇਦਿਆਂ ਦੀ ਇੱਕ ਪ੍ਰਾਈਵੇਟ ਕੰਪਨੀ ਬਣਾ ਲਿਆ ਹੈ। ਜਿਸ ਨੂੰ ਸਿਰਫ਼ ਜੀਜਾ-ਸਾਲਾ ਹੀ ਚਲਾਉਂਦੇ ਹਨ। ਇਨ੍ਹਾਂ ਦੋਵਾਂ ਦੀ ਲੀਡਰਸ਼ਿਪ ਹੇਠ ਕਿੰਨੇ ਮੰਦਭਾਗੇ ਕੰਮ ਹੋਏ ਹਨ। ਜਿਨ੍ਹਾਂ ਨੂੰ ਬਿਆਨ ਕਰੀਏ ਤਾਂ ਸ਼ਾਇਦ ਜਗ੍ਹਾ ਵੀ ਘੱਟ ਪੈ ਜਾਵੇ। ਉਨ੍ਹਾਂ ਕਿਹਾ ਕਿ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਤੇ ਘਾਟ ਲਈ ਵੀ ਸੁਖਬੀਰ ਅਤੇ ਮਜੀਠੀਆ ਜ਼ਿੰਮੇਵਾਰ ਹਨ। ਲਿਹਾਜ਼ਾ ਸੁਖਬੀਰ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਗਿਆਨ ਸਿੰਘ ਸ਼ਾਹਬਾਜ਼ਪੁਰ, ਬਲਵਿੰਦਰ ਸਿੰਘ ਵੇਈਂ ਪੂਈਂ, ਪ੍ਰੇਮ ਸਿੰਘ ਗੋਇੰਦਵਾਲ, ਗੁਰਿੰਦਰ ਸਿੰਘ ਟੋਨੀ, ਡੀਐਸਪੀ ਰਤਨ ਸਿੰਘ ਪੱਖੋਕੇ, ਕੈਪਟਨ ਸਵਰਨ ਸਿੰਘ, ਸਤਨਾਮ ਸਿੰਘ ਚੋਹਲਾ ਸਾਹਿਬ, ਡੀ.ਐਸ.ਪੀ ਜਾਮਾਰਾਏ, ਕਸ਼ਮੀਰ ਸਿੰਘ ਸੰਘਾ, ਬੀਬੀ ਮਨਜੀਤ ਕੌਰ ਅਲਾਵਲਪੁਰ, ਲੱਖਬੀਰ ਸਿੰਘ ਪੰਨੂ, ਗੁਰਸੇਵਕ ਸਿੰਘ ਸੇਖ, ਓਐਸਡੀ ਦਮਨਜੀਤ ਸਿੰਘ, ਨਰਿੰਦਰ ਸਿੰਘ ਐਮ.ਜੀ.ਏ, ਗੁਰਨਾਮ ਸਿੰਘ ਭੂਰ ਗਿੱਲ, ਪਲਵਿੰਦਰ ਸਿੰਘ ਪਿੰਕਾ ਮਾਨੋਚਾਲ, ਟੋਨੀ ਦੀਨੇਵਾਲ, ਜਸਵੰਤ ਸਿੰਘ ਜੱਟਾਂ, ਸਤਨਾਮ ਸਿੰਘ ਕਰਮੂਵਾਲਾ, ਹਰਪਾਲ ਸਿੰਘ ਕੱਦ ਗਿੱਲ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…