nabaz-e-punjab.com

ਕੌਮੀ ਪਸ਼ੂ ਧਨ ਮੁਕਾਬਲਾ-2019 ਲਈ 12 ਨਵੰਬਰ ਤੋਂ ਸ਼ੁਰੂ ਹੋਣਗੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ: ਸਿੱਧੂ

ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਕਰਵਾਇਆ ਜਾਵੇਗਾ ਕੌਮੀ ਪਸ਼ੂ ਧਨ ਮੁਕਾਬਲਾ-2019

ਪਸ਼ੂ ਪਾਲਣ ਤੇ ਡੇਅਰੀ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ’ਚ ਲਿਆ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਗਲੇ ਸਾਲ ਜਨਵਰੀ ਵਿੱਚ ਕੌਮੀ ਪਸ਼ੂ ਧਨ ਮੁਕਾਬਲਾ-2019 ਕਰਵਾਇਆ ਜਾਵੇਗਾ ਅਤੇ ਦੀਵਾਲੀ ਬਾਅਦ 12 ਨਵੰਬਰ ਤੋਂ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਜਾਣਕਾਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਲਾਈਵ ਸਟਾਕ ਭਵਨ ਵਿੱਚ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਮੱਝਾਂ, ਦੇਸੀ ਤੇ ਵਲੈਤੀ ਗਾਵਾਂ ਅਤੇ ਬੱਕਰੀਆਂ ਦੀ ਰਜਿਸਟ੍ਰੇਸ਼ਨ ਸਬੰਧਤ ਇਲਾਕੇ ਦੇ ਪਸ਼ੂ ਹਸਪਤਾਲ ਵਿੱਚ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਪਸ਼ੂ ਧਨ ਮੇਲੇ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸ੍ਰੀ ਸਿੱਧੂ ਨੇ ਦੱਸਿਆ ਇਨ੍ਹਾਂ ਬਲਾਕ ਪੱਧਰ ਦੇ ਜੇਤੂ ਪਸ਼ੂ ਹੀ ਕੌਮੀ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਲਈ ਯੋਗ ਸਮਝੇ ਜਾਣਗੇ ਅਤੇ ਚਾਹਵਾਨ ਕਿਸਾਨ ਜਲਦੀ ਆਪਣੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਪਸ਼ੂ ਪਾਲਣ ਵਿਭਾਗ ਕੋਲ ਕਰਵਾਉਣ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਸੈਕਟਰ ਵਿੱਚ ਮੌਜੂਦਾ ਸਮੇਂ ਖੜੋਤ ਹੋਣ ਕਰਕੇ ਪਸ਼ੂ ਪਾਲਣ ਦੇ ਨਾਲ ਸਬੰਧਤ ਕਿੱਤਿਆਂ (ਡੇਅਰੀ, ਪੋਲਟਰੀ, ਪਿਗਰੀ, ਬੱਕਰੀ ਪਾਲਣ/ਭੇਡ ਪਾਲਣ ਆਦਿ) ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜਿਸ ਲਈ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਧੰਦੇ ਨੂੰ ਸੂਬੇ ਵਿੱਚ ਵਿਕਸਿਤ ਕਰਨ ਲਈ ਵੱਡੇ ਪੱਧਰ ’ਤੇ ਫੈਸਲੇ ਲੈ ਰਹੀ ਹੈ। ਜਿਸ ਅਧੀਨ ਨਾਭਾ ਅਤੇ ਰੂਪਨਗਰ ਵਿੱਚ ਚੱਲ ਰਹੇ ਦੋ ਬੁੱਲ ਸਟੇਸ਼ਨ ਕਮ ਫਰੋਜ਼ਿਨ ਸੀਮਨ ਬੈਂਕ ਦਾ ਵਿਆਪਕ ਪੱਧਰ ’ਤੇ ਆਧੁਨਿਕਰਨ ਕੀਤਾ ਹੈ। ਜਿੱਥੇ ਉਚ ਕੋਟੀ ਦੇ ਸਾਨ੍ਹਾਂ ਅਤੇ ਝੋਟਿਆਂ ਦਾ ਵੀਰਜ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਪੈਦਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਵਿੱਚ ਮੱਝਾਂ ਪਾਲਣ ਦੇ ਰੁਝਾਨ ਨੂੰ ਦੇਖਦੇ ਹੋਏ ਛੇਤੀ ਹੀ ਤਰਨਤਾਰਨ ਦੇ ਬੂਹ ਪਿੰਡ ਵਿਖੇ ਕੌਮੀ ਪੱਧਰ ਦਾ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਜਿਸ ਲਈ ਪਹਿਲੇ ਬਜਟ ਵਿੱਚ ਪੱਟੀ ਵਿਖੇ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕਰਨ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਅਤੇ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਰਾਮਪੁਰਾ ਫੂਲ, ਬਠਿੰਡਾ ਵਿੱਚ 92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਅਤਿ ਆਧੁਨਿਕ ਵੈਟਰਨਰੀ ਕਾਲਜ ਵਿੱਚ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਡੇਅਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਪੇ੍ਰਰਿਤ ਕਰਕੇ 3322 ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ। ਅੱਜ ਪਸ਼ੂ ਪਾਲਣ ਵਿਭਾਗ ਦੇ ਨਵ-ਨਿਯੁਕਤ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਆਪਣੇ ਅਹੁਦੇ ਦਾ ਕਾਰਜ ਭਾਰ ਵੀ ਸੰਭਾਲਿਆ। ਜਿਸ ਸਬੰਧੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾ. ਇੰਦਰਜੀਤ ਸਿੰਘ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਮਦਨ ਮੋਹਨ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…