nabaz-e-punjab.com

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਰੋਸੇ ਲਾਇਕ ਆਗੂ ਨਹੀਂ: ਵਿਧਾਇਕ ਬੈਂਸ

ਅਧਿਆਪਕਾਂ ਦੀ ਸਹਿਮਤੀ ਸਬੰਧੀ 94 ਫੀਸਦੀ ਡਾਟਾ ਲੈਣ ਵਿਧਾਇਕ ਬੈਂਸ ਅੱਜ ਮੁੜ ਸਿੱਖਿਆ ਸਕੱਤਰ ਦੇ ਦਫ਼ਤਰ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋਗਲੀ ਰਾਜਨੀਤੀ ਕਰਨ ਦੀ ਪੀਐਚਡੀ ਕੀਤੀ ਹੋਈ ਹੈ। ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪਿਛਲੇ ਸਾਲ ਜਦੋਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਲੈਣੀਆਂ ਸਨ ਤਾਂ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਪ੍ਰੰਤੂ ਹੁਣ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜਨੀਆਂ ਹਨ ਤਾਂ ਹੁਣ ਉਹ ਪੰਜਾਬ ਦੇ ਕਿਸਾਨਾਂ ਦੇ ਖ਼ਿਲਾਫ਼ ਅਤੇ ਹਰਿਆਣਾ ਦੇ ਹੱਕ ਦੀ ਗੱਲ ਕਰ ਰਹੇ ਹਨ।
ਵਿਧਾਇਕ ਬੈਂਸ ਨੇ ਕਿਹਾ ਕਿ ਕੇਜਰੀਵਾਲ ਭਰੋਸੇ ਲਾਇਕ ਬੰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦਾ ਮੁਹਾਲੀ ਵਿੱਚ ਯੂਨਿਟ ਸਥਾਪਿਤ ਕਰਨ ਲਈ ਆਪ ਦੇ ਪੁਰਾਣੇ ਵਾਲੰਟੀਅਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਮੁਹਾਲੀ ਯੂਨਿਟ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿੱਚ ਤੀਜੇ ਫਰੰਟ ਦੀ ਸਥਾਪਨਾ ਜਲਦੀ ਹੋਣ ਜਾ ਰਹੀ ਹੈ। ਕਾਂਗਰਸ ਅਤੇ ਅਕਾਲੀ ਦਲ ਦੀਆਂ ਵਧੀਕੀਆਂ ਤੋਂ ਅੱਕੇ ਲੋਕ ਤੀਜਾ ਫਰੰਟ ਬਣਾਉਣ ਲਈ ਕਾਹਲੇ ਹਨ। ਇਸ ਮੌਕੇ ਆਪ ਦੇ ਪੁਰਾਣੇ ਵਾਲੰਟੀਅਰ ਜਰਨੈਲ ਸਿੰਘ ਬੈਂਸ, ਸਾਬਕਾ ਮੀਡੀਆ ਇੰਚਾਰਜ ਸੰਨ੍ਹੀ ਬਰਾੜ, ਲਾਡੀ ਪੰਨੂ ਅਤੇ ਹੋਰ ਸਮਰਥਕ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਵਿਧਾਇਕ ਸ੍ਰੀ ਬੈਂਸ ਸੁਸਾਇਟੀਆਂ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਤਨਖ਼ਾਹ ਘਟਾ ਕੇ ਪੱਕਾ ਕਰਨ ਲਈ ਲੋੜੀਂਦੇ ਦਸਤਾਵੇਜ਼ ਲੈਣ ਲਈ ਮੰਗਲਵਾਰ ਸ਼ਾਮ ਦੂਜੀ ਵਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਵਿੱਚ ਆਏ ਸੀ ਲੇਕਿਨ ਸਕੱਤਰ ਦਫ਼ਤਰ ਵਿੱਚ ਨਾ ਹੋਣ ਕਾਰਨ ਵਿਧਾਇਕ ਬੈਂਸ ਦੀ ਮੁਲਾਕਾਤ ਨਹੀਂ ਹੋ ਸਕੀ। ਸ੍ਰੀ ਬੈਂਸ ਦੇ ਦੱਸਣ ਅਨੁਸਾਰ ਉਹ ਕਰੀਬ ਸਵਾ ਚਾਰ ਵਜੇ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਪਹੁੰਚ ਗਏ ਸੀ ਪ੍ਰੰਤੂ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਕਾਫੀ ਜਦੋ ਜਹਿਦ ਤੋਂ ਬਾਅਦ ਵਿਧਾਇਕ ਬੈਂਸ ਦੀ ਮੁਲਾਕਾਤ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨਾਲ ਹੋਈ। ਡੀਪੀਆਈ ਨੇ ਵਿਧਾਇਕ ਬੈਂਸ ਨੂੰ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਜ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਕਿਸੇ ਜ਼ਰੂਰੀ ਮੀਟਿੰਗ ਵਿੱਚ ਗਏ ਹੋਏ ਹਨ।
ਸ੍ਰੀ ਬੈਂਸ ਨੇ ਡੀਪੀਆਈ ਨੂੰ ਦੱਸਿਆ ਕਿ ਉਹ ਕ੍ਰਿਸ਼ਨ ਕੁਮਾਰ ਨੂੰ ਦੁਬਾਰਾ ਮਿਲਣ ਲਈ 9 ਨਵੰਬਰ ਨੂੰ ਸਿੱਖਿਆ ਭਵਨ ਆਉਣਗੇ। ਇਸ ਸਬੰਧੀ ਸਿੱਖਿਆ ਸਕੱਤਰ ਨੂੰ ਉਨ੍ਹਾਂ ਦੇ ਆਉਣ ਅਤੇ ਅਧਿਆਪਕਾਂ ਦੀ ਸਹਿਮਤੀ ਵਾਲਾ ਪੱਤਰ ਲੈਣ ਸਬੰਧੀ ਜਾਣੂ ਕਰਵਾ ਦਿੱਤਾ ਜਾਵੇ। ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ 8886 ਅਧਿਆਪਕਾਂ ਦੀ 42,500 ਰੁਪਏ ਤੋਂ ਤਨਖ਼ਾਹ ਘਟਾ ਕੇ 15,300 ਰੁਪਏ ਪ੍ਰਤੀ ਮਹੀਨਾ ਸਹਿਮਤੀ ਦੇਣ ਵਾਲੇ 94 ਫ਼ੀਸਦੀ ਰਮਸਾ ਅਧਿਆਪਕਾਂ ਦਾ ਰਿਕਾਰਡ ਮੰਗਿਆ ਗਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…