nabaz-e-punjab.com

ਬੰਦੀ ਛੋੜ ਦਿਵਸ ’ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਵਿਸ਼ੇਸ਼ ਸੰਦੇਸ਼

ਸਤਿਕਾਰਿਤ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਨਵੰਬਰ:
ਭਾਈ ਗੁਰਦਾਸ ਜੀ ਅਨੁਸਾਰ ‘ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ’ ਭਾਵ ਗੁਰੂ ਨਾਨਕ ਸਾਹਿਬ ਨੇ ਜਗਤ ਵਿਚ ਏਸਾ ਸਿੱਕਾ ਮਾਰਿਆ (ਲਹਿਰ ਚਲਾਈ) ਕਿ ਇਕ ਨਿਰਮਲ, ਸੱਚਾ- ਸੁੱਚਾ, ਅਣਖ, ਸਵੈਮਾਨ ਵਾਲਾ ਨਿਰਮਲ ਪੰਥ ਚਲਾਇਆ। ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ‘‘ਸੱਚ ਨਾਮ ਪੜ੍ਹ ਮੰਤ੍ਰ ਸੁਣਾਯਾ’’ਦਾ ਉਪਦੇਸ਼ ਦਿੱਤਾ। ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ’’ਦੇ ਇਲਾਹੀ ਹੁਕਮ ਅਨੁਸਾਰ ਧਾਰਮਿਕ ਵੱਖਰੇਵਿਆਂ ਤੋਂ ਉਪਰ ਉੱਠ ਕੇ ਸਮੁੱਚੀ ਮਾਨਵਤਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ। ਨਾਮ ਜਪਣਾ, ਵੰਡ ਕੇ ਛਕਣਾ ਅਤੇ ਕਿਰਤ ਕਰਨੀ-ਇਹਨਾਂ ਤਿੰਨ ਸਿੱਖੀ ਦੇ ਬੁਨਿਆਦੀ ਸਿਧਾਂਤਾ ਦੇ ਵਿਚ ਸਰਬੱਤ ਦਾ ਭਲਾ ਅਤੇ ‘‘ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ’’ਦੇ ਅੰਗਮੀਸੰਦੇਸ਼ ਦੇ ਨਾਲ ਨਾਲ ‘‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ’’ਦਾ ਸੰਦੇਸ਼ ਵੀ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਤੇ ਬੈਠ ਕੇ ਸ਼ਾਂਤ ਮਈ ਢੰਗ ਨਾਲ ਬੇਮਿਸਾਲ ਸ਼ਹਾਦਤ ਨੇ ਨਿਰਮਲ ਪੰਥ ਤੋਂ ਖਾਲਸਾ ਪੰਥ ਦੀ ਸਾਜਨਾ ਦੀ ਮੰਜ਼ਿਲ ਨੂੰ ਇਕ ਕ੍ਰਾਂਤੀਕਾਰੀ ਮੋੜ ਦਿੱਤਾ।
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸਿੱਖ ਕੌਮ ਦੀ ਪ੍ਰਭੂਸੱਤਾ (ਅਜ਼ਾਦੀ) ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਸਥਾਪਿਤ ਕਰਕੇ ਅਕਾਲ ਪੁਰਖ ਦਾ ਫੁਰਮਾਨ ਦ੍ਰਿੜ ਕਰਵਾਇਆ ਕਿ ਦੁਨੀਆਂ ਦੇ ਸਾਰੇ ਤਖਤ, ਸ੍ਰੀ ਅਕਾਲ ਤਖਤ ਸਾਹਿਬ ਤੋਂ ਛੋਟੇ ਹਨ। ਰੂਹਾਨੀਅਤ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਨਮੁੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪਾਵਨ ਕਰ-ਕੰਮਲਾ ਨਾਲ ਕਰਕੇ ਮੀਰੀ ਪੀਰੀ (ਸੰਤ-ਸਿਪਾਹੀ) ਦਾ ਸਿਧਾਂਤ ਕਾਇਮ ਕੀਤਾ ਕਿ ਸਿੱਖ ਰਾਜਨੀਤੀ ਹਮੇਸ਼ਾਂ, ਧਰਮ ਤੋਂ ਸੋਧ ਲੈ ਕੇ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਕਾਰਜ਼ਸ਼ੀਲ ਰਹੇ। ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਿਗੋਬਿੰਦ ਪਾਤਿਸ਼ਾਹ ਵੱਲੋਂ ਦੀਵਾਨ ਸਜਾਏ ਜਾਂਦੇ ਸਨ ਅਤੇ ਗੁਰਬਾਣੀ ਕੀਰਤਨ ਦੇ ਨਾਲ ਨਾਲ ਬੀਰ ਰਸੀ ਵਾਰਾਂ ਵੀ ਗਾਈਆਂ ਜਾਂਦੀਆਂ ਸਨ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਣ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸ਼ਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਹਨਾਂ ਨੂੰ ਜੰਗ ਦੀ ਸਿੱਖਿਆ ਦਿੱਤੀ। ਗੁਰੂ ਘਰ ਦੇ ਨਿੰਦਕਾਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਗੁਰੂ ਸਾਹਿਬ ਨੂੰ ਪੰਜਾਬ ਵਿੱਚ ਬਗਾਵਤ ਨੂੰਸ਼ਹਿ ਦੇਣ ਦੇ ਦੋਸ਼ ਵਿਚ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਨਜ਼ਰਬੰਦੀ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਸਿੱਖ ਸੰਗਤਾਂ ਦਾ ਇਕ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਰਵਾਨਾ ਹੋਇਆ। ਦੂਜੇ ਪਾਸੇ ਗੁਰੂ ਸਾਹਿਬ ਦੀ ਨਜ਼ਰਬੰਦੀ ਉਪਰੰਤ ਜਹਾਂਗੀਰ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਸਾਂਈ ਮੀਆ ਮੀਰ ਨੇ ਜਹਾਂਗੀਰ ਨੂੰ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਦਾ ਘਰ, ਅਕਾਲ ਪੁਰਖ ਦਾ ਘਰ ਹੈ। ਇਸਦੇ ਨਾਲ ਤੈਨੂੰ ਟੱਕਰ ਨਹੀਂ ਲੈਣੀ ਚਾਹੀਦੀ। ਇਸਦੇ ਨਤੀਜੇ ਵੱਜੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਕਰਨ ਦਾ ਫੁਰਮਾਨ ਜਾਰੀ ਕੀਤਾ ਪਰ ਸੱਚੀ ਸਰਕਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ। ਸੱਚੇ ਪਾਤਿਸ਼ਾਹ ਨੂੰ ਬੰਦੀ ਛੋੜ ਦਾਤੇ ਦੇ ਰੂਪ ਵਿੱਚ ਸਿੱਖ ਸੰਗਤਾਂ ਅੱਜ ਬੰਦੀ ਛੋੜ ਦਿਵਸ ਵਾਲੇ ਦਿਨ ਯਾਦ ਕਰ ਰਹੀਆਂ ਹਨ।
ਸਿੱਖ ਕੌਮ ਨੂੰ ਅੱਜ ਦੇ ਦਿਨ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ। ਦੇਸ਼ ਵਿਦੇਸ਼ ਵਿਚ ਬੈਠੀਆਂ ਸਿੱਖ ਸੰਗਤਾਂ, ਸਿੱਖ ਜੱਥੇਬੰਦੀਆਂ, ਸਿੱਖ ਸੰਸਥਾਵਾਂ, ਫੈਡਰੇਸ਼ਨਾਂ, ਸੰਪਰਦਾਵਾਂ, ਟਕਸਾਲਾ, ਸਿੰਘ ਸਭਾਵਾਂ, ਫੌਜੀਆਂ, ਸਿੱਖ ਚਿੰਤਕਾਂ, ਸਿੱਖ ਬੁੱਧੀਜੀਵੀਆਂ, ਕਿਸਾਨ ਜੱਥੇਬੰਦੀਆਂ, ਜੁਝਾਰੂ ਸਿੰਘਾਂ, ਨਹਿੰਗ ਸਿੰਘਾ ਆਦਿ ਨੂੰ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਗੁਰੂ ਆਸ਼ੇ ਅਨੁਸਾਰ ਬਾਣੀ ਅਤੇ ਬਾਣੇ ਦੇ ਧਾਰਣੀ ਹੋਈਏ। ਸ੍ਰੀ ਅਕਾਲ ਤਖਤ ਸਾਹਿਬ ਜੀ ਪ੍ਰਭੂਸੱਤਾ (ਅਜ਼ਾਦੀ) ਦੇ ਸਿਧਾਂਤ ਨੂੰ ਬੇਗੈਰਤ ਅਤੇਸਵਾਰਥੀ ਸਿਆਸਤਦਾਨਾਂ ਦੀ ਚੁੰਗਲ ਤੋਂ ਮੁਕਤ ਕਰਾਈਏ। ਆਓ ਗੁਰੂ ਚਰਨਾਂ ਵਿਚ ਅਰਦਾਸ ਕਰੀਏ ਕਿ ਸਿੱਖ ਕੌਮ ਨੂੰ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਬੇਗਾਨਗੀ ਦੇ ਵਰਤਾਰੇ ਤੋਂ ਬੰਦੀ ਛੋੜ ਦਾਤਾ ਬੰਦ ਖਲਾਸੀ ਕਰਾਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਥਕ ਏਕਤਾ ਜ਼ਰੂਰੀ ਹੈ। ਇਸਦੇ ਲਈ ਦਾਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਯਤਨ ਕਰਦਿਆਂ ਹੋਇਆ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਸੁਨਹਿਰੀ ਭਵਿੱਖ ਦੀ ਸਿਰਜਨਾਂ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਕੀਤੀ ਗਈ ਹੈ। ਜਿਸਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹਾ ਪੂਰੀ ਦੁਨੀਆਂ ਵਿੱਚ ਪਹੁੰਚਾਉਣਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੂਸੱਤਾ ਕਾਇਮ ਕਰਨਾ, ਸਮੂਹ ਪੰਥਕ ਧਿਰਾਂ ਨੂੰ ਇਕ ਮੰਚ ਤੇ ਇਕੱਠੇ ਕਰਨਾ, ਸਿੱਖ ਕੌਮ ਨੂੰ ਆਰਥਿਕ, ਸਮਾਜਿਕ, ਭਾਈਚਾਰਕ ਅਤੇ ਰਾਜਨੀਤਿਕ ਤੌਰ ਤੇ ਮਜਬੂਤ ਕਰਨਾ, ਸਰਬੱਤ ਦੇ ਭਲੇ ਲਈ ਕੰਮ ਕਰਨਾ ਅਤੇ ਖਾਲਸਾ ਰਾਜ ਦੀ ਪ੍ਰਾਪਤ ਲਈ ਜਦੋਜਹਿਦ ਕਰਨਾ ਹੈ। ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਇਸ ਸੰਦੇਸ਼ ਰਾਹੀਂ ਸਮੂੰਹ ਸਿੱਖ ਸੰਗਤਾਂ ਨੂੰ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾਉਂਦਾ ਹੋਇਆ ਅਪੀਲ ਕਰਦਾ ਹਾਂ ਕਿ ਆਪਸੀ ਈਰਖਾ, ਹਉਮੈ ਅਤੇ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਇਕੱਠੇ ਹੋਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ।
ਭਾਈ ਜਗਤਾਰ ਸਿੰਘ ਹਵਾਰਾ, ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…