nabaz-e-punjab.com

ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ, ਨਾਅਰੇਬਾਜ਼ੀ ਕੀਤੀ


ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ, ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਦੇ ਸੱਦੇ ’ਤੇ ਸਫ਼ਾਈ ਮਜ਼ਦੂਰਾਂ ਵੱਲੋਂ ਰੋਸ ਰੈਲੀ ਕਰਕੇ ਪ੍ਰਾਈਵੇਟ ਕੰਪਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਲਕੇ 10 ਨਵੰਬਰ ਨੂੰ ਵੀ ਆਪਣੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਕਿਉਂਕਿ ਪ੍ਰਾਈਵੇਟ ਕੰਪਨੀ ਰਾਹੀਂ ਕੰਮ ਕਰ ਰਹੇ ਸਫਾਈ ਕਾਮਿਆਂ ਨੂੰ ਕੰਪਨੀ ਵੱਲੋਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਤਨਖ਼ਾਹ ਨਹੀਂ ਦਿੱਤੀ ਗਈ। ਕਈ ਸਫਾਈ ਮਜ਼ਦੂਰਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੀਵਾਲੀ ਦਾ ਤਿਉਹਾਰ ਭੁੱਖੇ ਪੇਟ ਹੀ ਮਨਾਉਣਾ ਪਿਆ ਜਿਸ ਦੇ ਰੋਸ ਵਜੋਂ ਅੱਜ ਸਾਰੇ ਕਰਮਚਾਰੀ ਰੈਲੀ ਕਰਕੇ ਕਮਿਸ਼ਨਰ ਨੂੰ ਮਿਲੇ। ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਵੱਲੋਂ ਇਸ ਦਾ ਸਖਤ ਨੋਟਿਸ ਲੈਂਦਿਆਂ ਕੰਪਨੀ ਨੂੰ ਤਲਬ ਕੀਤਾ ਅਤੇ ਆਦੇਸ਼ ਦਿੱਤੇ ਕਿ ਅੱਜ ਹੀ ਇਨ੍ਹਾਂ ਦੀਆਂ ਤਨਖਾਹਾਂ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪਾਈਆਂ ਜਾਣ।
ਕੰਪਨੀ ਵੱਲੋਂ ਮਿਲਣਯੋਗ 8.33% ਸਾਲਾਨਾ ਬੋਨਸ ਵੀ ਸਫਾਈ ਕਾਮਿਆਂ ਨੂੰ ਤਾਂ ਦੇ ਦਿੱਤਾ ਗਿਆ ਕੁਝ ਸਫਾਈ ਕਾਮੇ ਅਤੇ ਸੀਨੀਅਰ ਫੀਲਡ ਅਫ਼ਸਰ, ਫੀਲਡ ਅਫ਼ਸਰ ਪੂਰਾ ਬੋਨਸ ਮਿਲਣ ਤੋਂ ਵਾਂਝੇ ਰਹਿ ਗਏ ਅਤੇ ਹੁਣ ਤੱਕ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜਦੋਂ ਤੱਕ ਸਾਡੀਆਂ ਤਨਖ਼ਾਹਾਂ ਅਤੇ ਰਹਿੰਦੇ ਕਰਮਚਾਰੀਆਂ ਦਾ ਪੂਰਾ ਬੋਨਸ ਖਾਤਿਆਂ ਵਿੱਚ ਨਹੀਂ ਪੈਂਦਾ ਅਸੀਂ ਕੰਮ ਤੇ ਜਾਵਾਂਗੇ ਪਰ ਕੰਮ ਨਹੀਂ ਕਰਾਂਗੇ।
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਸੱਜਣ ਸਿੰਘ, ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ, ਸਕੱਤਰ ਪਵਨ ਗੋਡਯਾਲ, ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਜਗਬੀਰ ਸਿੰਘ, ਰਾਜਨ ਚਵੱਰੀਆ, ਸਫਾਈ ਮਜ਼ਦੂਰ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ (ਰਾਜਾ), ਸਤੀਸ਼ ਕੁਮਾਰ, ਵਿਸ਼ਨੂੰ ਕੁਮਾਰ, ਸੋਨੂੰ ਕੁਮਾਰ, ਟੁਆਇਲਟ ਬਲਾਕ ਵੱਲੋਂ ਕਰਮਵੀਰ ਆਦਿ ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ ਲੇਬਰ ਕਾਨੂੰਨ ਮੁਤਾਬਕ ਤਨਖ਼ਾਹ 7 ਤਰੀਕ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਦਿੱਤੀਆਂ ਜਾਣ ਜੋ ਕਿ ਲੇਬਰ ਕਾਨੂੰਨ ਵਿੱਚ ਦਰਜ ਹੈ ਅਤੇ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਵੀ ਵਾਰ-ਵਾਰ ਕੰਪਨੀ ਨੂੰ ਆਦੇਸ਼ ਦਿੱਤਾ ਗਿਆ। ਇਸ ਮਹੀਨੇ ਵੀ ਕੰਪਨੀ ਵੱਲੋਂ 7 ਤਾਰੀਕ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਬੋਨਸ ਵੀ ਕਈ ਸਫਾਈ ਕਾਮਿਆਂ ਦਾ ਦੀਵਾਲੀ ਬੀਤਣ ਤੋਂ ਬਾਅਦ ਆਇਆ ਜਦੋਂ ਕਿ ਉਨ੍ਹਾਂ ਦੀ ਦੀਵਾਲੀ ਸੁੱਕੀ ਅਤੇ ਕਾਲੀ ਮਨਾਈ ਗਈ ਹੈ। ਇਹ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ।
ਮੁਲਾਜ਼ਮਾਂ ਨੇ ਅੱਜ ਦੀ ਰੈਲੀ ਵਿੱਚ ਇਹ ਵੀ ਐਲਾਨ ਕੀਤਾ ਕਿ ਜਨਰਲ ਮੰਗਾਂ ਲਈ ਅਤੇ ਠੇਕਾਦਾਰ/ਕੰਪਨੀਆਂ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ, ਸਫਾਈ ਕਾਮਿਆਂ ਦਾ 10-10 ਲੱਖ ਰੁਪਏ ਦਾ ਬੀਮਾ ਕਰਾਉਣ ਲਈ, ਲੇਬਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਘੱਟੋ-ਘੱਟ ਉਜਰਤ 8800 ਕਰਾਉਣ ਲਈ, ਡੀਏ ਦੀਆਂ ਕਿਸ਼ਤਾਂ ਲੈਣ ਲਈ ਪੇ-ਕਮਿਸ਼ਨ ਲਾਗੂ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਣਗੇ ਅਤੇ 20 ਨਵੰਬਰ ਨੂੰ ਅੰਬੇਦਕਰ ਭਵਨ ਚੰਡੀਗੜ੍ਹ ਵਿੱਚ ਕੀਤੀ ਜਾਣ ਵਾਲੀ ਮੁਲਾਜ਼ਮ ਕਨਵੈਨਸ਼ਨ ਵਿੱਚ ਵੀ ਸ਼ਾਮਲ ਹੋਣਗੇ। ਇਸ ਕਨਵੈਨਸ਼ਨ ਵਿੱਚ ਮੰਗਾਂ ਦੀ ਪ੍ਰਾਪਤੀ ਲਈ ਰੱਖੇ ਜਾਣ ਵਾਲੇ ਮਰਨ ਵਰਤ ਦੀ ਮਿਤੀ ਅਤੇ ਸਥਾਨ ਦਾ ਐਲਾਨ ਵੀ ਕੀਤਾ ਜਾਣਾ ਹੈ। ਆਗੂਆਂ ਨੇ ਕਿਹਾ ਕਿ ਸਫਾਈ ਮਜ਼ਦੂਰ ਮਨੁੱਖਤਾ ਨੂੰ ਪਾਲਣ ਦਾ ਕੰਮ ਕਰਦਾ ਹੈ ਪਰ ਸਰਕਾਰਾਂ ਇਸ ਦੇ ਨਾਲ ਬਹੁਤ ਹੀ ਮਾੜਾ ਵਰਤਾਓ ਕਰ ਰਹੀਆਂ ਹਨ ਜਿਸ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…