Nabaz-e-punjab.com

ਪੰਜਾਬ ਸਰਕਾਰ ਨੇ ਅਰਬਨ ਹਾਟ ਅੰਮ੍ਰਿਤਸਰ ਨੂੰ 30 ਸਾਲਾਂ ਲਈ ਲੀਜ਼ ’ਤੇ ਦਿੱਤਾ

ਇਤਿਹਾਸਕ, ਆਰਕੀਟਕਚਰਲ ਤੇ ਸਭਿਆਚਾਰਕ ਮਹੱਤਤਾ ਵਾਲੀਆਂ ਇਮਾਰਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ’ਤੇ ਜ਼ੋਰ

ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ’ਤੇ ਸੈਰ ਸਪਾਟਾ ਤੇ ਫੂਡ ਜੰਕਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ: ਬਾਜਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਅੰਮ੍ਰਿਤਸਰ, 14 ਨਵੰਬਰ:
ਪੰਜਾਬ ਸਰਕਾਰ ਨੇ ਸੂਬੇ ਦੀ ਸ਼ਾਨਦਾਰ ਵਿਰਾਸਤ ਅਤੇ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ’ਤੇ ਅਰਬਨ ਹਾਟ, ਅੰਮ੍ਰਿਤਸਰ ਨੂੰ 30 ਸਾਲਾਂ ਲਈ ਲੀਜ਼ ’ਤੇ ਦੇ ਦਿੱਤਾ ਹੈ। ਅਰਬਨ ਹਾਟ ਮਹਾਰਾਜਾ ਰਣਜੀਤ ਸਿੰਘ ਦੇ ਗਰਮੀਆਂ ਦੌਰਾਨ ਨਿਵਾਸ ਲਈ ਬਣੇ ਮਹਿਲ ਦੇ ਨਜ਼ਦੀਕ ਹੈ। ਜਿਸ ਦੇ ਉੱਤਰ-ਪੱਛਮ ਵੱਲ ਕਰਿਸਟਲ ਚੌਂਕ ਹੈ। ਕੁੱਪਰ ਰੋਡ ਅਤੇ ਕਵਿੰਸ ਰੋਡ ਇਸ ਸਾਈਟ ਨੂੰ ਬਾਕੀ ਦੇ ਸ਼ਹਿਰ ਨਾਲ ਜੋੜਦੀ ਹੈ ਅਤੇ ਇਸ ਦੀ ਇਤਿਹਾਸਕ ਲੋਕੇਸ਼ਨ ਨੂੰ ਦੇਖਦੇ ਹੋਏ ਇਹ ਸਾਈਟ ਅਰਬਨ ਹਾਟ ਵਜੋਂ ਵਿਕਸਤ ਕਰਨ ਲਈ ਉਚਿੱਤ ਹੈ। ਪ੍ਰਾਜੈਕਟ ਅਧੀਨ ਕੁੱਲ 18,615.5 ਵਰਗ ਮੀਟਰ ਏਰੀਆ ਆਉਂਦਾ ਹੈ।
ਪੁੱਡਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅਰਬਨ ਹਾਟ ਵਰਗੇ ਪ੍ਰਾਜੈਕਟਾਂ ਨੂੰ ਲੀਜ਼ ’ਤੇ ਦੇਣ ਦਾ ਮੰਤਵ ਇਤਿਹਾਸਕ, ਆਰਕੀਟਕਚਰਲ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਇਮਾਰਤਾਂ/ਥਾਵਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ, ਕਿਉਂਕਿ ਜੋ ਇਹਨਾਂ ਵਿੱਚੋਂ ਕੁਝ ਇਮਾਰਤਾਂ ਅੱਜ ਉਸ ਰੂਪ ਵਿੱਚ ਕੰਮ ਨਹੀਂ ਆ ਸਕ ਰਹੀਆਂ ਜਿਸ ਮੰਤਵ ਲਈ ਇਹਨਾਂ ਦਾ ਨਿਰਮਾਣ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸੈਰ ਸਪਾਟਾ ਅਤੇ ਫੂਡ ਜੰਕਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਰਾਜ ਦੇ ਇਤਿਹਾਸਕ ਅਤੇ ਸਭਿਆਚਾਰਕ ਵਿਰਸੇ ਨੂੰ ਇੱਥੇ ਆਉਣ ਵਾਲਿਆਂ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ। ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਨੇ ਅਰਬਨ ਹਾਟ ਅੰਮ੍ਰਿਤਸਰ ਨੂੰ ਪੰਜਾਬ ਦੀ ਇੱਕ ਨਾਮੀ ਕੰਪਨੀ ਨੂੰ 30 ਸਾਲਾਂ ਲਈ ਲੀਜ਼ ’ਤੇ ਦਿੱਤਾ ਹੈ, ਜਿਸ ਨੂੰ ਫੂਡ ਕੋਰਟ ਅਤੇ ਹੋਟਲ ਆਦਿ ਚਲਾਉਣ ਦਾ ਤਜਰਬਾ ਹੈ। ਇਸ ਪ੍ਰਾਜੈਕਟ ਨੂੰ ਲੀਜ਼ ’ਤੇ ਦੇਣ ਨਾਲ ਜਿੱਥੇ ਇਸ ਦੀ ਸੰਭਾਲ ਹੋਵੇਗੀ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵਿੱਤੀ ਲਾਭ ਪ੍ਰਾਪਤ ਹੋਵੇਗਾ।
ਸ੍ਰੀ ਬਾਜਵਾ ਨੇ ਦੱਸਿਆ ਕਿ ਪੀਪੀਪੀ ਮੋਡ ਵਿੱਚ ਅਰਬਨ ਹਾਟ ਦੇ ਨਵੀਨੀਕਰਨ, ਇਸ ਨੂੰ ਚਲਾਉਣ ਅਤੇ ਸਹੀ ਤਰੀਕੇ ਨਾਲ ਸਾਂਭ-ਸੰਭਾਲ ਲਈ ਪੁੱਡਾ ਵੱਲੋਂ ਬੋਲੀਆਂ ਮੰਗੀਆਂ ਗਈਆਂ ਸਨ। ਇਸ ਦੇ ਜਵਾਬ ਵਿੱਚ ਉੱਤਰ ਭਾਰਤ ਦੀਆਂ ਮਸ਼ਹੂਰ ਕੰਪਨੀਆਂ ਵੱਲੋਂ ਬੋਲੀਆਂ ਪ੍ਰਾਪਤ ਹੋਈਆਂ ਸਨ। ਪ੍ਰਾਜੈਕਟ ਚਲਾਉਣ ਲਈ ਸਭ ਤੋਂ ਉੱਚੀ ਬੋਲੀ 81 ਲੱਖ ਰੁਪਏ ਪ੍ਰਤੀ ਸਾਲ ਦੀ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਸਫਲ ਬੋਲੀਕਾਰ ਵੱਲੋਂ 1 ਕਰੋੜ ਰੁਪਏ ਦੀ ਅਪਫਰੰਟ ਫੀਸ ਦਾ ਭੁਗਤਾਨ ਵੀ ਕੀਤਾ ਜਾਵੇਗਾ। ਸਫਲ ਬੋਲੀਕਾਰ ਸਾਈਟ ਤੇ ਸ਼ਾਪਿੰਗ ਆਰਕੇਡ ਵਿਕਸਤ ਕਰਨ ਦੇ ਨਾਲ-ਨਾਲ ਸਮਾਜਿਕ ਸਮਾਰੋਹਾਂ, ਪਾਰਟੀਆਂ, ਕਾਰਪੋਰੇਟ ਪ੍ਰੋਗਰਾਮਾਂ ਲਈ ਬੈਂਕਿਉਟ ਹਾਲ ਤੋਂ ਇਲਾਵਾ ਪ੍ਰਦਰਸ਼ਨੀ/ਆਰਟ ਗੈਲਰੀ ਆਦਿ ਦੀ ਸਹੂਲਤ ਵੀ ਉਪਲਬਧ ਕਰਵਾਏਗਾ। ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਦਸਤਕਾਰੀ ਵਸਤਾਂ ਅਤੇ ਉਤਪਾਦਾਂ ਦੀਆਂ ਦੁਕਾਨਾਂ/ਸਟਾਲਾਂ ਦੀ ਸਥਾਪਨਾ ਵੀ ਸਾਈਟ ਵਿੱਚ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…