Nabaz-e-punjab.com

ਦਿੱਲੀ ਦੀ ਮਹਿਲਾ ਡਾਕਟਰ ਨੂੰ 8 ਕਰੋੜ ਦਾ ਲੋਨ ਦਿਵਾਉਣ ਦੀ ਆੜ ’ਚ 31 ਲੱਖ ਦੀ ਠੱਗੀ ਮਾਰੀ

ਮੁਹਾਲੀ ਦੇ ਐਸਐਸਪੀ ਦੇ ਹੁਕਮਾਂ ’ਤੇ ਮਟੌਰ ਥਾਣੇ ਵਿੱਚ 4 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਦਿੱਲੀ ਦੀ ਮਹਿਲਾ ਡਾਕਟਰ ਦੀ ਪ੍ਰਾਈਵੇਟ ਫਰਮ ਨੂੰ ਬਿਜ਼ਨਸ ਸੈੱਟ ਕਰਵਾਉਣ ਦੀ ਆੜ ਪ੍ਰਾਈਵੇਟ ਫਾਈਨਾਂਸਰ ਤੋਂ ਕਰੋੜਾਂ ਰੁਪਏ ਦਾ ਲੋਨ ਦਿਵਾਉਣ ਦਾ ਸਾਂਝਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਡਾ. ਅਰਚਨਾ ਨੇ ਮੁਹਾਲੀ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੱਥੋਂ ਦੇ ਸੈਕਟਰ -70 ਵਿੱਚ ਫਿਉਚਰ ਸਲਾਹਕਾਰ ਗਰੁੱਪ ਨਾਂ ਦਾ ਦਫ਼ਤਰ ਚਲਾ ਰਹੇ ਪ੍ਰਭ ਗਿੱਲ ਨੇ ਉਨ੍ਹਾਂ ਨੂੰ ਪ੍ਰਾਪਰਟੀ ਤੇ ਬਿਜ਼ਨਸ ਸੈੱਟ ਕਰਵਾਉਣ ਦੇ ਨਾਂ ’ਤੇ ਪ੍ਰਾਈਵੇਟ ਫਾਈਨਾਂਸਰ ਕੋਲੋਂ ਅੱਠ ਕਰੋੜ ਦਾ ਲੋਨ ਦਿਵਾਉਣ ਦਾ ਭਰੋਸਾ ਦੇ ਕੇ ਉਸ ਨਾਲ 31 ਲੱਖ 14 ਹਜ਼ਾਰ 575 ਰੁਪਏ ਦੀ ਠੱਗੀ ਮਾਰੀ ਹੈ।
ਡਾ. ਅਰਚਨਾ ਨੇ ਦੱਸਿਆ ਕਿ ਉਨ੍ਹਾਂ ਦਾ ਦਿੱਲੀ ਐਨਸੀਆਰ ਵਿੱਚ ਮਾਈਕਰੋ ਮੋਲ ਸਲੂਸ਼ਨ (ਲੈਬ ਗਰੁੱਪ) ਨਾਂ ਦੀ ਫਰਮ ਹੈ। ਜਿਸ ਦੀ ਉਹ ਖ਼ੁਦ ਮਾਲਕ ਹਨ ਅਤੇ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਫਰਮ ਦੀਆਂ ਕਈ ਹੋਰ ਬਰਾਂਚਾਂ ਖੋਲ੍ਹਣ ਲਈ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਲੋਨ ਦੀ ਸਖ਼ਤ ਲੋੜ ਸੀ। ਜਿਸ ਕਰਕੇ ਉਨ੍ਹਾਂ ਇੱਕ ਜਾਣਕਾਰ ਏਜੰਟ ਸੁਮਿਤ ਚਾਨਣਾ ਰਾਹੀਂ ਸੈਕਟਰ-70 ਦੇ ਉਕਤ ਦਫ਼ਤਰ ਵਿੱਚ ਪ੍ਰਾਈਵੇਟ ਵੈਂਡਰ ਨਾਲ ਤਾਲਮੇਲ ਕੀਤਾ। ਜਿੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਭ ਗਿੱਲ ਦੇ ਹਿੱਸੇਦਾਰ ਅਨਮੋਲ ਗਰਗ ਨਾਲ ਹੋਈ। ਜਿਨ੍ਹਾਂ ਨੇ ਉਸ ਨੂੰ ਫਾਈਨਾਂਸਰ ਤੋਂ 8 ਕਰੋੜ ਰੁਪਏ ਦਾ ਲੋਨ ਸੈਕਸ਼ਨ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ 8 ਕਰੋੜ ਦੇ ਲੋਨ ’ਤੇ 1 ਫੀਸਦੀ ਪ੍ਰੋਸੈਸਿੰਗ ਫੀਸ ਲੱਗੇਗੀ ਅਤੇ ਜੀਐਸਟੀ ਮਿਲਾ ਕੇ ਕੁਲ 9 ਲੱਖ 44 ਹਜ਼ਾਰ ਰੁਪਏ ਪਹਿਲਾਂ ਦੇਣੇ ਪੈਣਗੇ।
ਡਾ. ਅਰਚਨਾ ਨੇ ਵੈਂਡਰ ਨੂੰ ਦੱਸਿਆ ਕਿ ਫਿਲਹਾਲ ’ਤੇ ਉਨ੍ਹਾਂ ਨੂੰ ਲੋਨ ਦੀ ਲੋੜ ਹੈ ਅਤੇ ਉਹ ਪਹਿਲਾਂ 9 ਲੱਖ ਰੁਪਏ ਨਹੀਂ ਦੇ ਸਕਦੇ। ਜਿਸ ਤੋਂ ਬਾਅਦ ਉਨ੍ਹਾਂ 5 ਲੱਖ 44 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਉਨ੍ਹਾਂ ਨੇ ਇਹ ਰਾਸ਼ੀ ਵੈਂਡਰ ਦੇ ਦੱਸੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦੇ ਖਾਤੇ ਵਿੱਚ ਜਮਾ ਕਰਵਾ ਦਿੱਤੀ। ਪ੍ਰੰਤੂ ਉਨ੍ਹਾਂ ਨੇ ਲੋਨ ਸੈਕਸ਼ਨ ਤੋਂ ਪਹਿਲਾ ਕੁਝ ਕੰਡੀਸ਼ਨ ਲਾਉਂਦਿਆਂ ਕਿਹਾ ਕਿ ਜਾਂ ਤਾਂ ਉਹ 3 ਸਰਕਾਰੀ ਗਵਾਹ ਦੇਣ ਜਾਂ ਫਿਰ 9 ਕਰੋੜ ਦੀ ਪ੍ਰਾਪਰਟੀ ਬੈਂਕ ਕੋਲ ਗਰੰਟੀ ਵਜੋਂ ਜਮਾਂ ਕਰਵਾਉਣ ਜਾਂ ਫਿਰ 8 ਲੱਖ 48 ਹਜ਼ਾਰ ਰੁਪਏ ਦੀ 3 ਕਿਸ਼ਤਾਂ ਐਡਵਾਂਸ ਦੇਣ ਜਿਸ ਦੀ ਕੁਲ ਕੀਮਤ 25 ਲੱਖ ਰੁਪਏ ਬਣਦੀ ਸੀ।
ਡਾ. ਅਰਚਨਾ ਅਨੁਸਾਰ ਉਨ੍ਹਾਂ ਨੂੰ 25 ਲੱਖ ਰੁਪਏ ਵਾਲਾ ਆਪਸ਼ਨ ਸਹੀ ਲੱਗਿਆ ਅਤੇ ਉਨ੍ਹਾਂ ਇਹ ਰਾਸ਼ੀ ਵੀ ਉਨ੍ਹਾਂ ਦੇ ਦੱਸੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ। ਇਸ ਮਗਰੋਂ ਉਨ੍ਹਾਂ ਨੇ ਲੋਨ ਸੈਕਸ਼ਨ ਨਹੀਂ ਕਰਵਾਇਆ ਅਤੇ ਜਦੋਂ ਉਹ ਉਨ੍ਹਾਂ ਦੇ ਦਫ਼ਤਰ ਵਿੱਚ ਗਏ ਤਾਂ ਉੱਥੇ ਤਾਲੇ ਲੱਗੇ ਹੋਏ ਸਨ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪ੍ਰਭ ਗਿੱਲ ਵੱਲੋਂ ਸੈਕਟਰ-71 ਵਿੱਚ ਨਵਾਂ ਦਫ਼ਤਰ ਖੋਲ੍ਹਿਆ ਸੀ, ਜਿਸ ਦੇ ਹਿੱਸੇਦਾਰ ਪ੍ਰਭ ਗਿੱਲ, ਅਤੁੱਲ ਜਿੰਦਲ, ਸਵਰਨਦੀਪ ਸਿੰਘ ਅਤੇ ਅਨਿਲ ਕੁਮਾਰ ਹਨ। ਪਰ ਜਦੋਂ ਉਹ ਇਸ ਦਫ਼ਤਰ ਵਿੱਚ ਗਏ ਤਾਂ ਉੱਥੇ ਵੀ ਤਾਲੇ ਲੱਗੇ ਹੋਏ ਸਨ। ਜਿੱਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਵਿਅਕਤੀਆਂ ਨੇ ਦਿੱਲੀ ਦੀ ਵਸਨੀਕ ਸ੍ਰੀ ਵਿਦਿਆ ਨਾਲ ਕਰੀਬ 8 ਲੱਖ ਅਤੇ ਅਵਿਨਾਸ਼ ਰਸਤੋਗੀ ਨਾਲ 6 ਲੱਖ 79 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਤਰ੍ਹਾਂ ਖੱਜਲ ਖੁਆਰ ਹੋਣ ਮਗਰੋਂ ਉਨ੍ਹਾਂ ਨੇ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਪੁਲੀਸ ਮੁਖੀ ਦੇ ਹੁਕਮਾਂ ’ਤੇ ਮਟੌਰ ਥਾਣੇ ਵਿੱਚ ਕੰਪਨੀ ਦੇ ਉਕਤ ਚਾਰੇ ਹਿੱਸੇਦਾਰਾਂ ਦੇ ਖ਼ਿਲਾਫ਼ ਧਾਰਾ 406,420 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਮਟੌਰ ਥਾਣੇ ਦੇ ਐਸਐਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ। ਜਿਨ੍ਹਾਂ ਦੀ ਭਾਲ ਲਈ ਉਨ੍ਹਾਂ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…