Nabaz-e-punjab.com

ਨਿਰੰਕਾਰੀ ਭਵਨ ’ਤੇ ਬੰਬ ਧਮਕਾ ਦਹਿਸ਼ਤਗਰਦਾਂ ਦਾ ਨਹੀਂ ਸਰਕਾਰੀ ਏਜੰਸੀਆਂ ਦਾ ਕਾਰਾ: ਬੈਂਸ

ਐਸਐਸਏ\ਰਮਸਾ ਅਧਿਆਪਕਾਂ ਦੀ ਸਹਿਮਤੀ ਸਬੰਧੀ 94 ਫੀਸਦੀ ਡਾਟਾ ਲੈਣ ਵਿਧਾਇਕ ਬੈਂਸ ਤੀਜੀ ਵਾਰ ਸਿੱਖਿਆ ਭਵਨ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਮੰਗਲਵਾਰ ਨੂੰ ਤੀਜੀ ਵਾਰ ਐਸਐਸਏ\ਰਮਸਾ ਅਤੇ ਹੋਰ ਸੁਸਾਇਟੀਆਂ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਤਨਖ਼ਾਹ ਘਟਾ ਕੇ ਪੱਕਾ ਕਰਨ ਲਈ ਲੋੜੀਂਦੇ ਦਸਤਾਵੇਜ਼ ਲੈਣ ਲਈ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਵਿੱਚ ਪਹੁੰਚੇ। ਪ੍ਰੰਤੂ ਉਨ੍ਹਾਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਨਹੀਂ ਹੋ ਸਕੀ। ਇਸ ਸਬੰਧੀ ਦਫ਼ਤਰੀ ਸਟਾਫ਼ ਵੱਲੋਂ ਦੱਸਿਆ ਗਿਆ ਕਿ ਸਾਹਿਬ ਕਿਸੇ ਜ਼ਰੂਰੀ ਮੀਟਿੰਗ ਵਿੱਚ ਗਏ ਹੋਏ ਹਨ। ਸ੍ਰੀ ਬੈਂਸ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ 8886 ਅਧਿਆਪਕਾਂ ਦੀ 42,500 ਰੁਪਏ ਤੋਂ ਤਨਖ਼ਾਹ ਘਟਾ ਕੇ 15,300 ਰੁਪਏ ਪ੍ਰਤੀ ਮਹੀਨਾ ਸਹਿਮਤੀ ਦੇਣ ਵਾਲੇ 94 ਫ਼ੀਸਦੀ ਰਮਸਾ ਅਧਿਆਪਕਾਂ ਦਾ ਰਿਕਾਰਡ ਮੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਕੋਲ ਅਜਿਹਾ ਕੋਈ ਡਾਟਾ ਨਹੀਂ ਹੈ ਅਤੇ ਅਧਿਕਾਰੀ ਝੂਠ ਬੋਲ ਰਹੇ ਹਨ।
ਇਸ ਮੌਕੇ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਭਵਨ ’ਤੇ ਹੋਏ ਬੰਬ ਧਮਾਕੇ ਵਿੱਚ ਕਿਸੇ ਵੀ ਦਹਿਸ਼ਤਗਰਦੀ ਗੁੱਟ ਦਾ ਹੱਥ ਨਹੀਂ ਹੈ, ਸਗੋਂ ਇਹ ਸਰਕਾਰੀ ਏਜੰਸੀਆਂ ਦਾ ਕਾਰਾ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਵਿੱਚ ਵੱਡੀਆਂ ਘਾਲਣਾਂ ਤੋਂ ਬਾਅਦ ਸਥਾਪਿਤ ਹੋਈ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਹਨ। ਇਹ ਸਾਰਾ ਕੁਝ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਹੈ।
ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਸਰਕਾਰੀ ਏਜੰਸੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਹੋਰ ਵੀ ਕਰ ਸਕਦੀਆਂ ਹਨ। ਜਿਸ ਵਿੱਚ ਕੇਂਦਰੀ ਏਜੰਸੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਏਕੇ ਦੀ ਗੰਢ ਏਨੀ ਮਜ਼ਬੂਤ ਹੈ ਕਿ ਕੋਈ ਅਨਸਰ ਇਸ ਨੂੰ ਖੋਲ੍ਹ ਨਹੀਂ ਸਕਦਾ।
ਸ੍ਰੀ ਬੈਂਸ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਬੰਬ ਧਮਾਕਾ ਵੀ ਇੱਕ ਅਜਿਹੀ ਘਟਨਾ ਸੀ। ਜਿਸ ਵਿੱਚ ਕਈ ਨਿਰਦੋਸ਼ਾਂ ਦੀ ਜਾਨ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਏਜੰਸੀਆਂ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਘੱਟ ਗਿਣਤੀ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਨੇਡ ਹਮਲੇ ਤੋਂ ਕਈ ਦਿਨ ਪਹਿਲਾਂ ਹਾਈ ਰੈਡ ਅਲਰਟ ਜਾਰੀ ਕਰਕੇ ਲੋਕਾਂ ਵਿੱਚ ਸਨਸਨੀ ਫਲਾਈ ਜਾਣਾ ਵੀ ਇਸੇ ਕੜੀ ਦਾ ਹਿੱਸਾ ਹੈ। ਫੌਜ ਮੁਖੀ ਬਾਰੇ ਆਪ ਦੇ ਸੀਨੀਅਰ ਆਗੂ ਐਚਐਸ ਫੁਲਕਾ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਬੈਂਸ ਨੇ ਕੋਈ ਟਿੱਪਣੀ ਕਰਨ ਤੋਂ ਗੱਲ ਨੂੰ ਟਾਲ ਦਿੱਤਾ। ਸੁਖਬੀਰ ਬਾਦਲ ਵੱਲੋਂ ਇਸ ਘਟਨਾ ਦੀਆਂ ਤਾਰਾਂ ਬਰਗਾੜੀ ਮੋਰਚੇ ਦੇ ਆਗੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਜੋੜਨ ਬਾਰੇ ਪੱੁਛਣ ’ਤੇ ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਬਾਦਲ ਪਰਿਵਾਰ ਦੇ ਪੈਰਾਂ ਥੱਲਿਓਂ ਖਿਸਕ ਰਹੀ ਸਿਆਸੀ ਜ਼ਮੀਨ ਦੀ ਘਬਰਾਹਟ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬੇਤੁਕੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਭਖਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਇਸ ਮੌਕੇ ਜਰਨੈਲ ਸਿੰਘ ਬੈਂਸ ਅਤੇ ਸੰਨ੍ਹੀ ਬਰਾੜ ਅਤੇ ਹੋਰ ਸਮਰਥਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…