nabaz-e-punjab.com

ਸਿੱਖ ਅਜਾਇਬਘਰ ਮੁਹਾਲੀ ਦੇ ਬਾਹਰ ਲੜੀਵਾਰ ਧਰਨਾ 10ਵੇਂ ਦਿਨ ’ਚ ਦਾਖ਼ਲ

ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਬੁੱਤਸਾਜ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਸਿੱਖ ਅਜਾਇਬ ਘਰ ਲਈ ਮੁਹਾਲੀ ਵਿੱਚ ਪੱਕੀ ਥਾਂ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਬੁੱਤਸਾਜ ਪਰਵਿੰਦਰ ਸਿੰਘ ਅਤੇ ਇਲਾਕੇ ਮੋਹਤਬਰ ਵਿਅਕਤੀਆਂ ਵੱਲੋਂ ਸਿੱਖ ਅਜਾਇਬ ਘਰ ਦੇ ਬਾਹਰ ਸ਼ੁਰੂ ਕੀਤਾ ਲੜੀਵਾਰ ਧਰਨਾ ਬੁੱਧਵਾਰ ਨੂੰ 10ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਪ੍ਰਧਾਨ ਤੇ ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਹੋਰਨਾਂ ਨੇ ਧਰਨੇ ਵਿੱਚ ਸ਼ਿਰਕਤ ਕਰਕੇ ਸੰਘਰਸ਼ ਨੂੰ ਹਰ ਪੱਖੋਂ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਮਨਮੋਹਨ ਸਿੰਘ ਦਾਊਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਬੁੱਤ ਤਰਾਸ਼ ਪਰਵਿੰਦਰ ਸਿੰਘ ਵੱਲੋਂ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੋਂ ਬਿਨਾਂ ਆਪਣੇ ਪੱਧਰ ’ਤੇ ਸਥਾਪਿਤ ਕੀਤੇ ਸਿੱਖ ਅਜਾਇਬ ਘਰ ਲਈ ਮੌਜੂਦਾ ਥਾਂ ’ਤੇ ਹੀ ਨਿਯਮਾਂ ਅਨੁਸਾਰ ਸਥਿਰ ਰੱਖਿਆ ਜਾਵੇ ਅਤੇ ਭਵਿੱਖ ਵਿੱਚ ਇਸ ਅਸਥਾਨ ਨੂੰ ਸਿੱਖ ਵਿਰਸੇ ਵਜੋਂ ਸੰਭਾਲ ਕੇ ਰੱਖਣਾ ਯਕੀਨੀ ਬਣਾਇਆ ਜਾਵੇ ਜੋ ਕਿ ਸਿੱਖ ਅਜਾਇਬ ਘਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਸਕੇ। ਜ਼ਿਕਰਯੋਗ ਹੈ ਕਿ ਪੁਆਧੀ ਪੰਜਾਬੀ ਸੱਥ ਮੁਹਾਲੀ ਨੇ ਬੁੱਤਸਾਜ ਪਰਵਿੰਦਰ ਸਿੰਘ ਨੂੰ 12 ਸਾਲ ਪਹਿਲਾਂ 2006 ਵਿੱਚ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਉਧਰ, ਅੱਜ ਬੁੱਤਸਾਜ ਪਰਵਿੰਦਰ ਸਿੰਘ ਸਮੇਤ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਦਰਸ਼ਨ ਸਿੰਘ ਬੁਟੇਰਲਾ, ਮੁਹੰਮਦ ਇਸਮਾਈਲ, ਹਰਜਿੰਦਰ ਸਿੰਘ ਕਲੇਰ, ਅਬਦੁਲ ਸ਼ੰਮੀ, ਗਾਇਕ ਬਾਬੂ ਚੰਡੀਗੜ੍ਹੀਆਂ, ਕੁਲਜੀਤ ਸਿੰਘ ਧਨੋਆ, ਜਸਵੀਰ ਸਿੰਘ ਬਲੌਂਗੀ ਆਦਿ ਮੋਹਤਬਰ ਵਿਅਕਤੀ ਧਰਨੇ ’ਤੇ ਬੈਠੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ, ਗਮਾਡਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖ ਅਜਾਇਬ ਘਰ ਲਈ ਪੱਕੀ ਥਾਂ ਅਲਾਟ ਨਹੀਂ ਕੀਤੀ ਜਾਂਦੀ, ਉਦੋਂ ਤੱਕ ਲੜੀਵਾਰ ਧਰਨਾ ਜਾਰੀ ਰਹੇਗਾ। ਬੁੱਤਸਾਜ ਨੇ ਦੱਸਿਆ ਕਿ ਭਲਕੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲੋੜੀਂਦੀ ਜ਼ਮੀਨ ਅਲਾਟ ਕਰਨ ਲਈ ਪੱਤਰ ਲਿਖੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…