Share on Facebook Share on Twitter Share on Google+ Share on Pinterest Share on Linkedin ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਹਾਲੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ: ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਬੰਧਾਂ ਹੇਠ ਗੁਰਦੁਆਰਾ ਗੋਬਿੰਦਸਰ ਸਾਹਿਬ ਪਿੰਡ ਮੁਹਾਲੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 11 ਵਜੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1, ਫਰੈਂਕੋ ਹੋਟਲ, ਡਿਪਲਾਸਟ ਚੌਂਕ, ਮਦਨਪੁਰਾ ਚੌਂਕ, ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1, ਟਰੈਫ਼ਿਕ ਲਾਈਟ ਚੌਂਕ ਫੇਜ਼-7 ਤੋਂ ਅੱਗੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਜਿੱਥੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਖਾਲਸਾ, ਚੇਅਰਮੈਨ ਹਰਪਾਲ ਸਿੰਘ ਸੋਢੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਨੇ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਸਤੇ ਵਿੱਚ ਵੱਖ ਵੱਖ ਗੱਤਕਾ ਪਾਰਟੀਆਂ ਦੇ ਮੈਂਬਰਾਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਚੇਅਰਮੈਨ ਹਰਦਿਆਲ ਸਿੰਘ ਮਾਨ, ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਸੇਵਾਦਾਰ ਸੁਰਿੰਦਰ ਸਿੰਘ ਕਲੇਰ, ਸੁਰਜੀਤ ਸਿੰਘ ਮੁਹਾਲੀ, ਗੁਰਮੇਲ ਸਿੰਘ, ਕਰਮ ਸਿੰਘ, ਯੂਥ ਆਗੂ ਜਸਰਾਜ ਸਿੰਘ ਸੋਨੂੰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸੇ ਤਰ੍ਹਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਤੋਂ ਅਰੰਭ ਹੋਇਆ ਇਹ ਨਗਰ ਕੀਰਤਨ ਪੂਰੇ ਇਲਾਕੇ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਫੌਜੀ ਬੈਂਡ, ਸਕੂਲੀ ਬੱਚਿਆਂ ਦੇ ਬੈਂਡ ਅਤੇ ਹੋਰ ਕਈ ਬੈਂਡ ਵਾਲਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਨਗਰ ਕੀਰਤਨ ਦੇ ਰਸਤੇ ਨੂੰ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ ਸੀ। ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਥਾਂ ਥਾਂ ’ਤੇ ਚਾਹ, ਬ੍ਰੈੱਡ ਪਕੌੜੇ, ਮਠਿਆਈਆਂ, ਸੁੱਕੇ ਮੇਵਿਆਂ ਦਾ ਪ੍ਰਸ਼ਾਦ ਅਤੁਟ ਵਰਤਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ