Nabaz-e-punjab.com

ਜ਼ਿਲ੍ਹਾ ਮੁਹਾਲੀ ਦੇ ਪ੍ਰਮੁੱਖ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਐਲਾਨਿਆ

ਸਰਕਾਰੀ ਹਸਪਤਾਲ ਤੇ ਮੁਹਾਲੀ ਨਗਰ ਨਿਗਮ ਦੇ ਐਂਟਰੀ ਗੇਟਾਂ ’ਤੇ ਲਗਾਏ ਡਰਾਪ ਬਾਕਸ

ਦਫ਼ਤਰਾਂ ਵਿੱਚ ਜਾਣ ਤੋਂ ਪਹਿਲਾਂ ਮੁੱਖ ਗੇਟ ’ਤੇ ਲੱਗੇ ਡਰਾਪ ਬਾਕਸਾਂ ਵਿੱਚ ਰੱਖਣਾ ਲਾਜ਼ਮੀ ਹੋਵੇਗਾ ਤੰਬਾਕੂ ਪਦਾਰਥ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਕਈ ਪ੍ਰਮੁੱਖ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਐਲਾਨਿਆਂ ਗਿਆ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਅਤੇ ਮੁਹਾਲੀ ਨਗਰ ਨਿਗਮ ਦੇ ਦਫ਼ਤਰ ਦੇ ਐਂਟਰੀ ਗੇਟਾਂ ਉੱਤੇ ਡਰਾਪ ਬਾਕਸ ਲਗਾਏ ਗਏ ਹਨ। ਇਸ ਤਰ੍ਹਾਂ ਹੁਣ ਕੋਈ ਵੀ ਵਿਅਕਤੀ ਜਿਸ ਕੋਲ ਕਿਸੇ ਵੀ ਕਿਸਮ ਤੰਬਾਕੂ ਪਦਾਰਥ ਹੈ, ਉਹ ਇਨ੍ਹਾਂ ਬਕਸਿਆਂ ਵਿੱਚ ਤੰਬਾਕੂ ਪਦਾਰਥ ਰੱਖ ਕੇ ਹੀ ਦਫ਼ਤਰ ਵਿੱਚ ਦਾਖ਼ਲ ਹੋ ਸਕਦਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਅਹਿਮ ਅਦਾਰਿਆਂ ਜਿਵੇਂ ਗਮਾਡਾ, ਪੁੱਡਾ, ਨਾਈਪਰ, ਸਿੱਖਿਆ ਬੋਰਡ, ਸਿੱਖਿਆ ਭਵਨ ਆਦਿ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਜ਼ੋਨ ਬਣਾਏ ਜਾਣ ਦਾ ਫੈਸਲਾ ਲਿਆ ਗਿਆ ਸੀ। ਜਿਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਨੂੰ ਜੁਰਮਾਨਾ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਦੀ ਰੋਕਥਾਮ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਮਦਦ ਨਾਲ ਅੱਜ ਸਰਕਾਰੀ ਹਸਪਤਾਲ ਅਤੇ ਮੁਹਾਲੀ ਨਗਰ ਨਿਗਮ ਦੀਆਂ ਇਮਾਰਤਾਂ ਦੇ ਪ੍ਰਵੇਸ਼ ਦੁਆਰਾਂ ਉੱਤੇ ਡਰਾਪ ਬਾਕਸ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਸਿਗਰਟ, ਬੀੜੀ, ਜ਼ਰਦਾ, ਖੈਨੀ, ਪਾਨ ਮਸਾਲਾ, ਗੁਟਖ਼ਾ ਜਿਹੇ ਤੰਬਾਕੂ ਪਦਾਰਥ ਹਨ ਤਾਂ ਉਹ ਇਨ੍ਹਾਂ ਨੂੰ ਉਕਤ ਬਕਸਿਆਂ ਵਿੱਚ ਰੱਖ ਕੇ ਹੀ ਇਮਾਰਤ ਅੰਦਰ ਦਾਖ਼ਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਗਿਆ ਹੈ। ਉਂਜ ਵੀ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਵੀ ਅਜਿਹੇ ਪਦਾਰਥਾਂ ਦੀ ਜਨਤਕ ਥਾਵਾਂ ’ਤੇ ਵਰਤੋਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਦੀਆਂ ਇਮਾਰਤਾਂ ਵਿੱਚ ਵੀ ਅਜਿਹੇ ਬਕਸੇ ਲਗਾਏ ਜਾਣਗੇ।
ਡਾ. ਭਾਰਦਵਾਜ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਸਰੀਰ ਲਈ ਬੇਹੱਦ ਖ਼ਤਰਨਾਕ ਹੈ ਅਤੇ ਇਨ੍ਹਾਂ ਚੀਜ਼ਾਂ ਤੋਂ ਹਰ ਹਾਲਤ ਵਿੱਚ ਬਚਣ ਦੀ ਲੋੜ ਹੈ। ਤੰਬਾਕੂ ਸੇਵਨ ਦਾ ਸ਼ੌਕ ਹੌਲੀ-ਹੌਲੀ ਪੱਕੀ ਆਦਤ ਬਣ ਜਾਂਦਾ ਹੈ। ਜਿਸ ਨੂੰ ਬਾਅਦ ਵਿੱਚ ਛੱਡਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਦੀ ਆਦਤ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਸੈਕਟਰ-66 ਵਿੱਚ ਆ ਕੇ ਮਾਹਰ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ। ਜਿੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਆਰਪੀ ਸਿੰਘ, ਡਾ. ਰੁਪਿੰਦਰ ਕੌਰ, ਭੁਪਿੰਦਰ ਸਿੰਘ ਅਤੇ ਰਮਨ ਸ਼ਰਮਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…