Share on Facebook Share on Twitter Share on Google+ Share on Pinterest Share on Linkedin ਹੈਰੀਟੇਜ ਪਬਲਿਕ ਹਾਈ ਸਕੂਲ ਜਗਤਪੁਰਾ ਨੇ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਬਣਾਈ: ਸਿੱਧੂ ਮੁੱਖ ਮੰਤਰੀ ਪੰਜਾਬ ਵਿੱਚ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਯਤਨਸ਼ੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ: ਇੱਥੋਂ ਦੇ ਨੇੜਲੇ ਪਿੰਡ ਜਗਤਪੁਰਾ ਵਿੱਚ ਅਵਤਾਰ ਐਜੂਕੇਸ਼ਨ ਟਰੱਸਟ ਵੱਲੋਂ ਚਲਾਏ ਜਾ ਰਹੇ ਦਾ ਹੈਰੀਟੇਜ ਪਬਲਿਕ ਹਾਈ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਅਤੇ ਇਹ ਸਕੂਲ ਇਸ ਖਿੱਤੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਕੂਲ ਦੇ ਸਲਾਨਾ ਖੇਡ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਸਲੱਮ ਖੇਤਰ ਵਿੱਚ ਚਲਾਇਆ ਜਾ ਰਿਹਾ ਇਹ ਸਕੂਲ ਹੋਰਨਾਂ ਸਕੂਲਾਂ ਨਾਲੋਂ ਇਸ ਕਰਕੇ ਵੀ ਵਿਲੱਖਣ ਹੈ ਕਿਉਂਕਿ ਇਸ ਸਕੂਲ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਜਿਨ੍ਹਾਂ ਤੋਂ ਘੱਟ ਫੀਸਾਂ ਲੈ ਕੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿੱਚ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ। ਇਸ ਸਬੰਧੀ ਕਈ ਵਿਆਪਕ ਯੋਜਨਾਵਾਂ ਉਲੀਕੀਆਂ ਗਈਆਂ ਹਨ। ਜਿਸ ਦੇ ਤਹਿਤ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲ ਨਾਲ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਪਾਰਦਰਸ਼ੀ ਢੰਗ ਨਾਲ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਅਧਿਆਪਕਾਂ ਨੂੰ ਮਨਪਸੰਦ ਸਟੇਸ਼ਨ ਅਲਾਟ ਕਰਕੇ ਨਵੀਂ ਪਿਰਤ ਪਾਈ ਗਈ ਹੈ ਜਦੋਂਕਿ ਪਹਿਲੇ ਸਮਿਆਂ ਵਿੱਚ ਅਧਿਆਪਕ ਨੂੰ ਆਪਣੀ ਬਦਲੀ ਕਰਵਾਉਣ ਲਈ ਅਨੇਕਾਂ ਸਿਫਾਰਸ਼ਾਂ ਲਗਾਉਣੀਆਂ ਪੈਂਦੀਆਂ ਸਨ। ਸਰਕਾਰ ਦੀ ਇਸ ਨੀਤੀ ਨਾਲ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਹੋਇਆ ਹੈ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਦੇ ਸਮੁੱਚੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਥੇ ਪੜ੍ਹ ਰਹੇ ਬੱਚੇ ਮਿਆਰੀ ਸਿੱਖਿਆ ਹਾਸਲ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਸਕੂਲ ਦੇ ਵਿਕਾਸ ਲਈ ਆਪਣੇ ਅਖਤਿਆਰੀ ਫੰਡ ’ਚੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸਕੂਲ ਦੇ ਟਰੱਸਟੀ ਆਈਜੇਐਸ ਚੀਮਾ, ਡਾਇਰੈਕਟਰ ਸ੍ਰੀਮਤੀ ਕਿਨੁਸਕਾ ਸੇਠੀ, ਕਰਨਲ ਬਲਵਿੰਦਰ ਸਿੰਘ, ਕਰਨਲ ਇੰਦਰਜੀਤ ਸਿੰਘ ਚੀਮਾ, ਵਿੰਗ ਕਮਾਂਡਰ ਪਾਂਡੇਯ, ਬ੍ਰਿਗੇਡੀਅਰ ਰੋਬਿਲ ਸਮੇਤ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਮਾਪੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ