nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਨਿਗਰਾਨੀ ਤੇ ਜਾਗਰੂਕਤਾ ਮੁਹਿੰਮ ਸਦਕਾ ਇਸ ਵਾਰ ਡੇਂਗੂ ਦੇ ਕੇਸ ਘਟੇ: ਡੀਸੀ

ਅਗਲੇ ਸਾਲ ਜਨਵਰੀ ਤੋਂ ਹੀ ਵਿਆਪਕ ਜਾਗਰੂਕਤਾ ਮੁਹਿੰਮ ਵਿੱਢਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਨਿਗਰਾਨੀ, ਜਾਂਚ ਅਤੇ ਜਾਗਰੂਕਤਾ ਮੁਹਿੰਮ ਸਦਕਾ ਇਸ ਵਾਰ ਡੇਂਗੂ ਦੇ ਕੇਸਾਂ ਵਿੱਚ ਭਾਰੀ ਕਮੀ ਆਈ ਹੈ। ਪਿਛਲੇ ਸਾਲ 30 ਨਵੰਬਰ ਤੱਕ ਡੇਂਗੂ ਦੇ ਕੁੱਲ ਕੇਸ 2420 ਸਾਹਮਣੇ ਆਏ ਸਨ ਜਦੋਂਕਿ ਇਸ ਸਾਲ 30 ਨਵੰਬਰ ਤੱਕ ਸਿਰਫ਼ 1063 ਕੇਸ ਮਿਲੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਮੁਹਾਲੀ ਅਰਬਨ ਏਰੀਆ ਅਤੇ ਜ਼ੀਰਕਪੁਰ ਖੇਤਰ ਡੇਂਗੂ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਜਿੱਥੇ ਹੋਰ ਜ਼ਿਆਦਾ ਚੈਕਿੰਗ ਅਤੇ ਜਾਗਰੂਕਤਾ ਦੀ ਸਖ਼ਤ ਜ਼ਰੂਰਤ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਸਮੁੱਚੇ ਜ਼ਿਲ੍ਹੇ ਵਿੱਚ 8046 ਘਰਾਂ ਵਿੱਚ ਬਰੀਡਿੰਗ ਅਤੇ 10707 ਕੰਟੇਨਰਾਂ ਵਿੱਚ ਲਾਰਵਾ ਮਿਲਿਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਅਗਲੇ ਸਾਲ 15 ਜਨਵਰੀ ਤੋਂ ਬਾਅਦ ਪਿੰਡ ਪੱਧਰ ਅਤੇ ਵਾਰਡ ਪੱਧਰ ’ਤੇ ਵਿਆਪਕ ਜਾਗਰੂਕਤਾ ਮੁਹਿੰਮ ਵਿੱਢੀ ਜਾਵੇ ਤਾਂ ਜੋ ਅਗਲੇ ਸੀਜ਼ਨ ਵਿੱਚ ਡੇਂਗੂ ਦੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ। ਡੀਸੀ ਨੇ ਮੁਹਾਲੀ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਨਲ ਹੋਰ ਵਧੀਆ ਤਰੀਕੇ ਨਾਲ ਤਾਲਮੇਲ ਕਰਨ ਤਾਂ ਜੋ ਬਿਹਤਰ ਨਤੀਜੇ ਮਿਲ ਸਕਣ।
ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਕੂਲਾਂ ਦੇ ਆਲੇ ਦੁਆਲੇ ਤੰਬਾਕੂ ਮੁਕਤ ਪੀਲੀ ਲਾਈਨ ਬਣਾਏ ਜਾਣ ਦੇ ਕੰਮ ਦੀ ਸਮੀਖਿਆ ਕਰਦਿਆਂ ਡੀਸੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਇਹ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਜਿਹੜੇ ਸਕੂਲਾਂ ਦੇ ਆਲੇ-ਦੁਆਲੇ ਤੰਬਾਕੂ ਮੁਕਤ ਪੀਲੀ ਲਾਈਨ ਹਾਲੇ ਨਹੀਂ ਬਣਾਈ ਗਈ, ਉੱਥੇ ਇਹ ਕੰਮ ਇਸ ਮਹੀਨੇ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇ। ਇਸ ਤੋਂ ਇਲਾਵਾ ਪ੍ਰਮੁੱਖ ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਦੇ ਗੇਟ ਅੱਗੇ ਡਰਾਪ ਬਾਕਸ ਲਗਾਏ ਜਾਣ ਤਾਂ ਕਿ ਕਿਸੇ ਵੀ ਕਿਸਮ ਦਾ ਤੰਬਾਕੂ ਪਦਾਰਥ ਇਨ੍ਹਾਂ ਅੰਦਰ ਰੱਖ ਕੇ ਹੀ ਵਿਅਕਤੀ ਅੰਦਰ ਜਾ ਸਕੇ। ਜ਼ਿਕਰਯੋਗ ਹੈ ਕਿ ਕੁੱਝ ਇਮਾਰਤਾਂ ਵਿੱਚ ਅਜਿਹੇ ਡਰਾਪ ਬਾਕਸ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਤੰਬਾਕੂ ਮੁਕਤ ਜ਼ੋਨ ਐਲਾਨ ਦਿੱਤਾ ਗਿਆ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਚਾਰ ਦਸੰਬਰ ਨੂੰ ਖ਼ਤਮ ਹੋਏ ਨਸਬੰਦੀ ਪੰਦਰਵਾੜੇ ਦੌਰਾਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਲ 26 ਨਸਬੰਦੀਆਂ ਕੀਤੀਆਂ ਗਈਆਂ ਹਨ ਅਤੇ ਵੱਖ ਵੱਖ ਥਾਈਂ 297 ਨਿਰੋਧ ਡੱਬੇ ਲਗਾਏ ਗਏ ਹਨ। ਘਰਾਂ ਵਿੱਚ ਬੱਚਿਆਂ ਦੇ ਜਣੇਪੇ ਦੇ ਗੰਭੀਰ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ੁਦ ਪਿਛਲੇ ਦਿਨੀਂ ਕਈ ਪਿੰਡਾਂ ਦਾ ਦੌਰਾ ਕਰਕੇ ਜਾਣਿਆਂ ਹੈ ਕਿ ਘਰਾਂ ਵਿੱਚ ਜਣੇਪੇ ਦੇ ਕੀ ਕਾਰਨ ਹਨ? ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਧੁਨਿਕ ਸ਼ਹਿਰ ਵਿੱਚ ਇਹ ਅਸੁਰੱਖਿਅਤ ਅਤੇ ਜ਼ੋਖ਼ਮ ਭਰਿਆ ਅਮਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਆਪਕ ਪ੍ਰੋਗਰਾਮ ਬਣਾ ਕੇ ਇਸ ਅਮਲ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ 541 ਜਣੇਪੇ ਹੋਏ ਹਨ ਅਤੇ ਅਪਰੈਲ 2018 ਤੋਂ ਲੈ ਕੇ ਨਵੰਬਰ 2018 ਤੱਕ ਕੁੱਲ 3953 ਜਣੇਪੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੀ ਬਜਾਏ ਸਿਹਤ ਸੰਸਥਾਵਾਂ ਵਿੱਚ ਅਪਣੇ ਬੱਚਿਆਂ ਦੇ ਜਣੇਪੇ ਕਰਵਾਉਣ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਡਾ. ਕੁਲਜੀਤ ਕੌਰ, ਡਾ. ਸੁਰਿੰਦਰ ਸਿੰਘ, ਡਾ. ਆਰਪੀ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …