Nabaz-e-punjab.com

ਪੰਚਾਇਤ ਚੋਣਾਂ: ਜ਼ਿਲ੍ਹਾ ਮੁਹਾਲੀ ਵਿੱਚ 339 ਪਿੰਡਾਂ ’ਚੋਂ 81 ਸੰਵੇਦਨਸ਼ੀਲ ਤੇ 50 ਅਤਿ ਸੰਵੇਦਨਸ਼ੀਲ ਬੂਥ ਐਲਾਨੇ

ਕੁੱਲ 341 ’ਚੋਂ 339 ਪਿੰਡਾਂ ਵਿੱਚ ਹੋਣਗੀਆਂ ਪੰਚਾਇਤੀ ਚੋਣਾਂ, ਗੁਰੂ ਨਾਨਕ ਕਲੋਨੀ ਤੇ ਦੱਫਰਪਰ ਦੀ 2020 ਹੋਵੇਗੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗਰਾਮ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੁਰੀ ਤਰ੍ਹਾਂ ਭਖ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ ਕੁੱਲ 341 ਪਿੰਡ ਹਨ। ਜਿਨ੍ਹਾਂ ’ਚੋਂ 339 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ। ਜਦੋਂਕਿ ਡੇਰਾਬੱਸੀ ਬਲਾਕ ਦੇ ਦੋ ਪਿੰਡਾਂ ਗੁਰੂ ਨਾਨਕ ਕਲੋਨੀ ਅਤੇ ਦਫ਼ਰਪੁਰ ਵਿੱਚ ਦੋ ਸਾਲ ਬਾਅਦ 2020 ਵਿੱਚ ਚੋਣ ਕਰਵਾਈ ਜਾਵੇਗੀ। ਕਿਉਂਕਿ ਇਨ੍ਹਾਂ ਦੋਵੇਂ ਪਿੰਡਾਂ ਦੀ ਹਾਲੇ ਟਰਮ ਪੁਰੀ ਨਹੀਂ ਹੋਈ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਮੁਹਾਲੀ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ 419 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ’ਚੋਂ 81 ਬੂਥ ਸੰਵੇਦਨਸ਼ੀਲ ਅਤੇ 50 ਬੂਥ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬੂਥਾਂ ਨੇੜੇ ਧਾਰਾ 144 ਲਾਗੂ ਕੀਤੀ ਜਾਵੇਗੀ ਅਤੇ ਸੁਰੱਖਿਆ ਪ੍ਰਬੰਧਾਂ ਲਈ ਪੁਲੀਸ ਮੁਖੀ ਨੂੰ ਪੱਤਰ ਲਿਖਿਆ ਜਾਵੇਗਾ।
ਸ੍ਰੀ ਬੈਂਸ ਨੇ ਦੱਸਿਆ ਕਿ ਮੁਹਾਲੀ ਤਹਿਸੀਲ ਅਧੀਨ ਆਉਂਦੇ ਪਿੰਡਾਂ ਅਤੇ ਖਰੜ ਦੇ ਕੁੱਲ 140 ਪਿੰਡਾਂ ਦੀਆਂ ਪੰਚਾਇਤ ਚੋਣਾਂ ਲਈ 860 ਵਾਰਡ ਬਣਾਏ ਗਏ ਹਨ। ਜਿਨ੍ਹਾਂ ਵਿੱਚ 169 ਵਾਰਡ ਅਨੁਸੂਚਿਤ ਜਾਤੀ (ਪੁਰਸ਼) ਅਤੇ 102 ਵਾਰਡ ਅਨੁਸੂਚਿਤ ਜਾਤੀ (ਅੌਰਤ) ਲਈ ਰਿਜ਼ਰਵ ਕੀਤੇ ਗਏ ਹਨ ਜਦੋਂਕਿ 22 ਵਾਰਡ ਪਛੜੀ ਸ਼ੇ੍ਰਣੀਆਂ ਲਈ ਅਤੇ 309 ਜਨਰਲ ਪੁਰਸ਼ਾਂ ਅਤੇ 250 ਵਾਰਡ ਅੌਰਤਾਂ ਲਈ ਹਨ। ਇੰਝ ਹੀ ਬਲਾਕ ਮਾਜਰੀ ਵਿੱਚ ਕੁੱਲ 108 ਗਰਾਮ ਪੰਚਾਇਤਾਂ ਦੀ ਚੋਣ ਕਰਵਾਈ ਜਾਵੇਗੀ। ਇਸ ਸਬੰਧੀ 622 ਵਾਰਡ ਬਣਾਏ ਗਏ ਹਨ। ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀ ਲਈ 101 ਵਾਰਡ ਅਤੇ ਐਸਸੀ ਅੌਰਤਾਂ ਲਈ 67 ਵਾਰਡ ਰਿਜ਼ਰਵ ਕੀਤੇ ਗਏ ਹਨ। ਜਦੋਂਕਿ ਬੀਸੀ ਲਈ 21 ਅਤੇ ਜਨਰਲ ਪੁਰਸ ਲਈ 241 ਅਤੇ ਅੌਰਤਾਂ ਲਈ 192 ਵਾਰਡ ਬਣਾਏ ਗਏ ਹਨ। ਡੇਰਾਬੱਸੀ ਬਲਾਕ ਦੀਆਂ ਕੁੱਲ 93 ਪੰਚਾਇਤਾਂ ’ਚੋਂ 91 ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ 615 ਵਾਰਡ ਬਣਾਏ ਗਏ ਹਨ। ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀ ਦੇ ਪੁਰਸ਼ਾਂ ਲਈ 101 ਅਤੇ ਐਸਸੀ ਅੌਰਤਾਂ ਲਈ 60 ਵਾਰਡ ਰਾਖਵੇਂ ਕੀਤੇ ਗਏ ਹਨ। ਬੀਸੀ ਲਈ 38 ਅਤੇ ਜਨਰਲ ਪੁਰਸ਼ਾਂ ਲਈ 215 ਅਤੇ ਅੌਰਤਾਂ ਲਈ 201 ਵਾਰਡ ਬਣਾਏ ਗਏ ਹਨ। ਏਡੀਸੀ ਬੈਂਸ ਨੇ ਦੱਸਿਆ ਕਿ 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ ਦੇ 4 ਵਜੇ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …