nabaz-e-punjab.com

ਗੋਲਡਨ ਵੈਲੀ ਕਲੋਨੀ ਦੇ ਬਿਲਡਰ ਲੋਕਾਂ ਨਾਲ ਧੋਖਾਧੜੀ ਕਰਕੇ ਫਰਾਰ

ਅਦਾਲਤ ਵੱਲੋਂ ਸਾਲ ਪਹਿਲਾਂ ਭਗੌੜਾ ਕਰਾਰ ਦੇਣ ਦੇ ਬਾਵਜੂਦ ਪੁਲੀਸ ਬਿਲਡਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਫੇਲ

ਬਿਲਡਰਾਂ ਦੇ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ: ਐਸਐਚਓ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਦਸੰਬਰ:
ਲਾਂਡਰਾਂ-ਖਰੜ ਸੜਕ ਨੇੜੇ ਨਵੀਂ ਵਸਾਈ ਜਾ ਰਹੀ ਮੈਗਾ ਹਾਊਸਿੰਗ ਰਿਹਾਇਸ਼ੀ ਕਲੋਨੀ ਗੋਲਡਨ ਵੈਲੀ ਦੇ ਬਿਲਡਰ ਇਲਾਕੇ ਦੇ ਲੋਕਾਂ ਨਾਲ ਕਥਿਤ ਤੌਰ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਮਗਰੋਂ ਫਰਾਰ ਹੋ ਗਏ ਹਨ। ਇਲਾਕਾ ਮੈਜਿਸਟਰੇਟ ਦੀ ਅਦਾਲਤ ਵੱਲੋਂ ਸਾਲ ਪਹਿਲਾਂ ਬਿਲਡਰਾਂ ਨੂੰ ਭਗੌੜਾ ਘੋਸ਼ਿਤ ਕੀਤੇ ਜਾਣ ਦੇ ਬਾਵਜੂਦ ਪੁਲੀਸ ਹਾਲੇ ਤੱਕ ਬਿਲਡਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਪੀੜਤ ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੁਲੀਸ ਦੇ ਈਓ ਵਿੰਗ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਬਿਲਡਰ ਅਰੁਣ ਗੋਇਲ ਨੇ ਲਿਖਤੀ ਇਕਰਾਰਨਾਮਾ ਕੀਤਾ ਕਿ ਉਹ ਸ਼ਿਕਾਇਤਕਰਤਾਵਾਂ ਤੋਂ ਹਾਸਲ ਕੀਤੇ 10 ਲੱਖ ਰੁਪਏ 14 ਦਸੰਬਰ 2014 ਤੱਕ ਵਾਪਸ ਕਰ ਦੇਣਗੇ ਪ੍ਰੰਤੂ ਇਸ ਤੋਂ ਬਾਅਦ ਉਹ ਦੋਵੇ ਬਿਲਡਰ ਰੁਪੋਸ਼ ਹੋ ਗਏ। ਇਸ ਸਬੰਧੀ ਅਰੁਣ ਗੋਇਲ ਵਾਸੀ ਜ਼ੀਰਕਪੁਰ ਅਤੇ ਗਰੀਸ ਗਰਗ ਵਾਸੀ ਤਪਾ ਮੰਡੀ ਦੇ ਖ਼ਿਲਾਫ਼ ਆਈਪੀਸੀ ਧਾਰਾ 406/420,120ਬੀ ਤਹਿਤ 25 ਮਾਰਚ 2014 ਨੂੰ ਡੇਰਾਬੱਸੀ ਥਾਣੇ ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਗਿਆ ਹੈ ਇਸ ਕੇਸ ਵਿੱਚ ਨਾਮਜ਼ਦ ਗਰੀਸ ਗਰਗ ਦੀ ਜ਼ਿਲ੍ਹਾ ਅਦਾਲਤ ਮੁਹਾਲੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਰੱਦ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ ਉਕਤ ਬਿਲਡਰਾਂ ਵੱਲੋਂ ਲਾਂਡਰਾਂ ਖਰੜ ਸੜਕ ’ਤੇ ਗਿਲਕੋ ਹਾਈਟਸ ਦੇ ਪਿੱਛੇ ਲਗਭਗ ਡੇਢ ਏਕੜ ਜ਼ਮੀਨ ਵਿੱਚ ਗੋਲਡਨ ਵੈਲੀ ਰਿਹਾਇਸ਼ੀ ਕਲੋਨੀ ਬਣਾਉਣੀ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਚਾਰ ਬਹੁਮੰਜ਼ਿਲੇ ਟਾਵਰਾਂ ਵਿੱਚ ਲਗਭਗ 96 ਫਲੈਟ ਬਣਾਏ ਜਾਣੇ ਸਨ। ਇਸ ਜ਼ਮੀਨ ਵਿੱਚ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ ਅਤੇ ਬਿਲਡਰਾਂ ਵੱਲੋਂ ਵੱਡਾ ਪ੍ਰੋਗਰਾਮ ਕਰਕੇ ਫਲੈਟਾਂ ਦੀ ਬੂਕਿੰਗ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਸ੍ਰੀਮਤੀ ਬਲਜੀਤ ਕੌਰ ਵਾਸੀ ਲਾਂਡਰਾਂ ਰੋਡ ਖਰੜ ਨੇ ਅੌਕਸੀਮਮ ਟਾਵਰ ਵਿੱਚ ਫਲੈਟ ਨੰਬਰ ਜੀ-8 ਚਾਰ ਲੱਖ ਰੁਪਏ ਦਾ ਚੈੱਕ ਦੇ ਕੇ ਬੁੱਕ ਕਰਵਾਇਆ ਸੀ। ਇਸੇ ਤਰ੍ਹਾਂ ਕ੍ਰਿਸ਼ਨਾ ਦੇਵੀ ਵਾਸੀ ਮਿਲਖ ਕਲੋਨੀ ਧਨਾਸ ਨੇ 6 ਲੱਖ ਰੁਪਏ ਦੇ ਕੇ ਇੱਕ ਫਲੈਟ ਬੁੱਕ ਕਰਵਾਇਆ ਸੀ। ਪੀੜਤਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਉਸਾਰੀ ਦਾ ਕੰਮ ਬੰਦ ਹੋ ਗਿਆ ਅਤੇ ਉਨ੍ਹਾਂ ਆਪਣੇ ਬਿਲਡਰਾਂ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ। ਬਿਲਡਰਾਂ ਵੱਲੋਂ ਪੈਸੇ ਦੇਣ ਤੋਂ ਟਾਲ ਮਟੋਲ ਕਰਨ ’ਤੇ ਉਨ੍ਹਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ।
ਇੰਝ ਹੀ ਜਗਮੋਹਨ ਸਿੰਘ ਵਾਸੀ ਸ਼ਿਵਾਲਿਕ ਸਿਟੀ ਖਰੜ ਵੱਲੋਂ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਸਨੇ ਉਕਤ ਕਲੋਨੀ ਵਿੱਚ ਜੀ-06 ਅਤੇ ਜੀ-07 ਦੋ ਫਲੈਟ 13 ਲੱਖ ਰੁਪਏ ਵਿੱਚ ਬੁੱਕ ਕਰਵਾਏ ਸਨ। ਪੀੜਤ ਦੀ ਸ਼ਿਕਾਇਤ ’ਤੇ ਖਰੜ ਪੁਲੀਸ ਵੱਲੋਂ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਕੋਈ ਕਾਰਵਾਈ ਨਹੀਂ ਕੀਤੀ। ਉਕਤ ਕੇਸ ਵਿੱਚ ਸਬ ਜੁਡੀਸ਼ਲ ਮੈਜਿਸਟਰੇਟ ਡੇਰਾਬੱਸੀ ਦੀ ਅਦਾਲਤ ਵੱਲੋਂ ਅਰੁਣ ਗੋਇਲ ਅਤੇ ਗਰੀਸ਼ ਗਰਗ ਨੂੰ 27 ਨਵੰਬਰ 2017 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਲੇਕਿਨ ਹੁਣ ਤੱਕ ਦੋਵੇਂ ਬਿਲਡਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸ਼ਿਕਾਇਤ ਕਰਤਾਵਾਂ ਨੇ ਡੀਜੀਪੀ ਅਤੇ ਐਸਐਸਪੀ ਤੋਂ ਮੰਗ ਕੀਤੀ ਕਿ ਬਿਲਡਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
(ਬਾਕਸ ਆਈਟਮ)
ਉਧਰ, ਡੇਰਾਬੱਸੀ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਬਿਲਡਰਾਂ ਦੇ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਬਿਲਡਰ ਆਪਣੇ ਘਰਾਂ ਅਤੇ ਦਫ਼ਤਰਾਂ ਸਮੇਤ ਹੋਰ ਟਿਕਾਣਿਆਂ ਤੋਂ ਫਰਾਰ ਹਨ। ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …