Nabaz-e-punjab.com

ਐਸਟੀਐਫ਼ ਮੁਹਾਲੀ ਨੇ ਪਿਛਲੇ ਸਾਲ 24 ਕਿੱਲੋ 745 ਗਰਾਮ ਹੈਰੋਇਨ ਫੜੀ

ਐਨਡੀਪੀਐਸ ਐਕਟ ਦੇ 65 ਮਾਮਲਿਆਂ ਵਿੱਚ ਹੁਣ ਤੱਕ 27 ਨਾਇਜੀਰੀਅਨਾਂ ਸਮੇਤ 104 ਮੁਲਜ਼ਮ ਗ੍ਰਿਫ਼ਤਾਰ ਕੀਤੇ

ਐਸਟੀਐਫ਼ ਮੁਹਾਲੀ ਵੱਲੋਂ 27 ਗਰਾਮ ਹੈਰੋਇਨ ਨਾਲ ਕਾਰ ਚਾਲਕ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਐਸਟੀਐਫ਼ ਮੁਹਾਲੀ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਕਾਰ ਚਾਲਕ ਸਬਜੋਤ ਸਿੰਘ ਵਾਸੀ ਫੇਜ਼-11 ਨੂੰ 27 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਮੁਹਾਲੀ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤਾ ਸੂਚਨਾ ਮਿਲਣ ’ਤੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਮਦਨਪੁਰਾ ਚੌਂਕ ਨੇੜੇ ਨਾਕਾਬੰਦੀ ਕਰਕੇ ਮੁਹਾਲੀ ਨੰਬਰੀ ਇੱਕ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਕਾਰ ਚਾਲਕ ਸਬਜੋਤ ਸਿੰਘ ਤੋਂ 27 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਐਸਪੀ ਨੇ ਦੱਸਿਆ ਕਿ ਕਾਰ ਚਾਲਕ ਪਿਛਲੇ 5-6 ਮਹੀਨਿਆਂ ਤੋਂ ਹੈਰੋਇਨ ਦਾ ਧੰਦਾ ਕਰ ਰਿਹਾ ਸੀ ਅਤੇ ਖ਼ੁਦ ਵੀ ਹੈਰੋਇਨ ਦਾ ਸੇਵਨ ਕਰਦਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦਿੱਲੀ ਤੋਂ 800 ਰੁਪਏ ਪ੍ਰਤੀ ਗਰਾਮ ਹੈਰੋਇਨ ਲਿਆ ਕੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਆਪਣੇ ਪੱਕੇ ਗਾਹਕਾਂ ਨੂੰ 2800 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਗਰਾਮ ਤੱਕ ਵੇਚਦਾ ਹੈ।
ਉਧਰ, ਇਕੱਤਰ ਜਾਣਕਾਰੀ ਅਨੁਸਾਰ ਐਸਟੀਐਫ਼ ਮੁਹਾਲੀ ਵੱਲੋਂ ਐਨਡੀਪੀਐਸ ਐਕਟ ਦੇ 65 ਮਾਮਲਿਆਂ ਵਿੱਚ 27 ਨਾਇਜੀਰੀਅਨਾਂ ਸਮੇਤ 104 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 23 ਨਾਇਜੀਰੀਅਨ ਪੁਰਸ਼ ਅਤੇ 4 ਨਾਇਜੀਰੀਅਨ ਅੌਰਤਾਂ ਸ਼ਾਮਲ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਵੱਖ ਵੱਖ ਅਦਾਲਤਾਂ ਵਿੱਚ ਮਾਮਲੇ ਵਿਚਾਰ ਅਧੀਨ ਹਨ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਐਸਟੀਐਫ਼ ਮੁਹਾਲੀ ਵੱਲੋਂ ਹੁਣ ਤੱਕ 24 ਕਿੱਲੋ 745 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਦੋਂਕਿ 23 ਕਿੱਲੋ 250 ਗਰਾਮ ਅਫੀਮ ਫੜੀ ਗਈ ਹੈ। ਇੰਝ ਹੀ 3 ਕੁਇੰਟਲ 15 ਕਿੱਲੋ ਭੁੱਕੀ, ਚਾਰ ਕਿੱਲੋ ਚਰਸ, ਸਵਾ ਕਿੱਲੋ ਗਾਂਜਾ ਸਮੇਤ 1866 ਨਸ਼ੀਲੀਆਂ ਗੋਲੀਆਂ ਅਤੇ 1095 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਸਟੀਐਫ਼ ਦੀ ਟੀਮ ਵੱਲੋਂ ਇਨ੍ਹਾਂ ਮੁਲਜ਼ਮਾਂ ਕੋਲੋਂ ਹੁਣ ਤੱਕ 11 74 ਹਜ਼ਾਰ 200 ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਐਸਟੀਐਫ਼ ਵੱਡੀ ਮਾਤਰਾ ਵਿੱਚ ਨਸ਼ਾ ਸਪਲਾਈ ਦੀ ਲਾਈਨ ਤੋੜਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਹੋਰ ਸਖ਼ਤੀ ਵਰਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…