Nabaz-e-punjab.com

ਸਾਧੂ ਸਿੰਘ ਧਰਮਸੋਤ ਵੱਲੋਂ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੀਟਿੰਗ

ਕੇਂਦਰੀ ਮੰਤਰੀ ਨੂੰ ਐਸ.ਸੀ. ਪੋਸਟ ਸਕਾਲਰਸ਼ਿਪ ਸਕੀਮ ਦੇ ਲੰਬਿਤ 1286 ਕਰੋੜ ਰੁਪਏ ਪੰਜਾਬ ਨੂੰ ਤੁਰੰਤ ਜਾਰੀ ਕਰਨ ਲਈ ਆਖਿਆ

ਸਾਂਪਲਾ ਵੱਡੀ ਗਿਣਤੀ ਗ਼ਰੀਬ ਵਿਦਿਆਰਥੀਆਂ ਦੇ ਸਿੱਖਿਆ ਸਰੋਕਾਰਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮਸਲੇ ‘ਤੇ ਸਿਆਸਤ ਖੇਡਣ ਤੋਂ ਗੁਰੇਜ਼ ਕਰਨ: ਧਰਮਸੋਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਨਵੀਂ ਦਿੱਲੀ, 10 ਜਨਵਰੀ:
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਨਰ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਨਾਲ ਮੀਟਿੰਗ ਕਰਕੇ ਕੇਂਦਰ ਨੂੰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਪੋਸਟ ਮੈਟਰਿਕ ਸਕਾਲਰਸ਼ਪਿ ਸਕੀਮ ਤਹਿਤ 1286 ਕਰੋੜ ਦੇ ਕੇਂਦਰ ਵੱਲ ਬਕਾਇਆ ਫੰਡ ਤੁਰੰਤ ਜਾਰੀ ਕਰਨ ਲਈ ਆਖਿਆ ਕਿਉਂਜੋ ਕੇਂਦਰ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਕਾਰਨ ਗ਼ਰੀਬ ਵਰਗਾਂ ਨਾਲ ਸਬੰਧਤ ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਸ. ਧਰਮਸੋਤ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਵੱਲੋਂ ਪੰਜਾਬ ਨੂੰ ਇਹ 1286 ਕਰੋੜ ਜਾਰੀ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੱਲ ਬਕਾਇਆ ਫੰਡਾਂ ਵਿੱਚੋਂ 719 ਕਰੋੜ ਰੁਪਏ ਵਿੱਤੀ ਸਾਲ 2016-17 ਦੇ ਹਨ ਅਤੇ 567 ਕਰੋੜ ਰੁਪਏ ਵਿੱਤੀ ਸਾਲ 2017-18 ਦੇ ਹਨ ਜਿਨ੍ਹਾਂ ਨੂੰ ਜਾਰੀ ਕਰਨ ਵਿੱਚ ਕੇਂਦਰ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਦਾਖਲਾ ਲੈਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੇ ਸ੍ਰੀ ਗਹਿਲੋਤ ਨੂੰ ਬਿਨ੍ਹਾਂ ਕਿਸੇ ਹੋਰ ਦੇਰੀ ਤੋਂ ਇਹ ਫੰਡ ਪੰਜਾਬ ਨੂੰ ਜਾਰੀ ਕਰਨ ਲਈ ਆਖਿਆ ਤਾਂ ਜੋ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪ੍ਰਮੁੱਖਤਾ ਨਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੁਆਰਾ ਪਹਿਲਾਂ ਜਾਰੀ ਕੀਤੇ ਗਏ 327 ਕਰੋੜ ਰੁਪਏ ਦੇ ਵਰਤੋ ਸਰਟੀਫਿਕੇਟ ਪਹਿਲਾਂ ਹੀ ਕੇਂਦਰੀ ਮੰਤਰਾਲੇ ਨੂੰ ਦਿੱਤੇ ਜਾ ਚੁੱਕੇ ਹਨ। ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਧਰਮਸੋਤ ਨੇ ਦੱਸਿਆ ਕਿ ਸ੍ਰੀ ਗਹਿਲੋਤ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਕਾਲਰਸ਼ਿਪ ਸਕੀਮ ਤਹਿਤ ਇਹ ਫੰਡ ਆਉਂਦੇ ਫਰਵਰੀ ਮਹੀਨੇ ਤੱਕ ਜਾਰੀ ਕਰ ਦਿੱਤੇ ਜਾਣਗੇ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਇਹ ਬਿਆਨ ਦੇਣ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਜਾਰੀ ਫੰਡਾਂ ਦੇ ਵਰਤੋ ਸਰਟੀਫਿਕੇਟ ਹਾਲੇ ਤੱਕ ਮੁਹੱਈਆ ਨਹੀਂ ਕਰਵਾਏ ਗਏ, ਲਈ ਸਖਤ ਅਲੋਚਨਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਪਹਿਲਾਂ 327 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਸਬੰਧੀ ਸਰਟੀਫਿਕੇਟ ਮੁਹੱਈਆ ਕਰਵਾ ਦਿੱਤੇ ਗਏ ਹਨ ਤਾਂ ਸ੍ਰੀ ਸਾਂਪਲਾ ਨੂੰ ਅਜਿਹੇ ਬੇਬੁਨਿਆਦ ਬਿਆਨ ਦੇਣ ਤੋਂ ਪਹਿਲਾਂ ਆਪਣੇ ਮੰਤਰਾਲੇ ਨਾਲ ਤਾਲਮੇਲ ਕਰਕੇ ਤੱਥ ਚੈਕ ਕਰਨ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਾਂਪਲਾ ਨੂੰ ਅਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਸਿਆਸਤ ਨਹੀਂ ਖੇਡਣੀ ਚਾਹੀਦੀ ਜਿਸ ਨਾਲ ਪੰਜਾਬ ਦੇ ਲੱਖਾਂ ਗਰੀਬ ਵਿਦਿਆਰਥੀਆਂ ਦਾ ਵਿਦਿਅਕ ਭਵਿੱਖ ਜੁੜਿਆ ਹੋਵੇ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …